
ਗੁਰਦੁਆਰਾ ਪ੍ਰੇਮਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ 2 ਸਾਲ ਪਹਿਲਾਂ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਕੀਤੇ ਗਏ ਹਮਲੇ ...
ਲੁਧਿਆਣਾ/ਸਾਹਨੇਵਾਲ ,ਗੁਰਦੁਆਰਾ ਪ੍ਰੇਮਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ 'ਤੇ 2 ਸਾਲ ਪਹਿਲਾਂ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਕੀਤੇ ਗਏ ਹਮਲੇ ਦੌਰਾਨ ਉਨ੍ਹਾਂ ਦੇ ਸਾਥੀ ਭਾਈ ਭੁਪਿੰਦਰ ਸਿੰਘ ਢੱਕੀ ਸਾਹਿਬ ਖਾਸੀ ਕਲਾਂ ਦਾ ਕਤਲ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਦੀ ਦੂਜੀ ਬਰਸੀ 'ਤੇ ਜਦ ਉਨ੍ਹਾਂ ਦੀ ਪਤਨੀ ਬੀਬੀ ਕੁਲਵੰਤ ਕੌਰ ਅਤੇ 2 ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਅੱਜ ਵੀ ਇਨ੍ਹਾਂ ਮਾਸੂਮ ਚਿਹਰਿਆਂ 'ਤੇ ਸਰਕਾਰ ਪ੍ਰਤੀ ਨਿਰਾਸ਼ਤਾ ਅਤੇ ਦੁਖ ਝਲਕ ਰਿਹਾ ਸੀ।
ਭਾਈ ਭੁਪਿੰਦਰ ਸਿੰਘ ਦੀ ਪਤਨੀ ਨੇ ਉਨ੍ਹਾਂ ਦੇ ਰਿਹਾਇਸ਼ੀ ਡੇਰੇ ਢੱਕੀ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਘਟਨਾ ਵਾਲੀ ਰਾਤ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਕਿਹੋ ਜਿਹੀ ਸੀ, ਉਹ ਉਸ ਦਾ ਬਿਆਨ ਹੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਉਹ ਹਮਲਾਵਰਾਂ ਨੂੰ ਇਹ ਪੁੱਛਣਾ ਚਾਹੁੰਦੀ ਹੈ ਕਿ ਉਸ ਦੇ ਪਤੀ ਭੁਪਿੰਦਰ ਸਿੰਘ ਦਾ ਕੀ ਕਸੂਰ ਸੀ। ਊਨ੍ਹਾਂ ਕਿਹਾ ਕਿ ਇਸ ਹਮਲੇ ਨੇ ਉਨ੍ਹਾਂ ਦੀ ਜ਼ਿੰਦਗੀ ਪਲਾਂ ਵਿਚ ਹੀ ਤਬਾਹ ਕਰ ਕੇ ਰੱਖ ਦਿਤੀ। ਬੀਬੀ ਕੁਲਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੈਸੇ ਦੀ ਭੁੱਖ ਨਹੀਂ ਪਰ ਇਨਸਾਫ਼ ਚਾਹੀਦਾ
Bhai Bhupinder Singh Ji
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਤਿਗੁਰੂ ਵਲੋਂ ਦੁਨੀਆਂ ਨੂੰ ਠੰਢਾ-ਮਿੱਠਾ ਜਲ ਛਕਾਉਣ ਲਈ ਲਗਾਈ ਜਾਂਦੀ ਛਬੀਲ ਦੀ ਆੜ ਵਿਚ ਹਮਲਾ ਕੀਤਾ ਅਤੇ ਭਾਈ ਭੁਪਿੰਦਰ ਸਿੰਘ ਨੂੰ ਮਾਰਿਆ। ਉਨ੍ਹਾਂ ਦੀ ਸਾਡੇ ਨਾਲ ਕੀ ਦੁਸ਼ਮਣੀ ਸੀ ਕਿ ਉਸ ਭਰ ਜਵਾਨੀ ਵਿਚ ਵਿਧਵਾ ਬਣਾ ਦਿਤਾ। ਉਸ ਦੇ ਛੋਟੇ-ਛੋਟੇ ਬੱਚੇ ਹਨ ਜਿਨ੍ਹਾਂ ਦੀ ਉਮਰ 9 ਅਤੇ 7 ਸਾਲ ਦੀ ਹੈ। ਇਨ੍ਹਾਂ ਨੂੰ ਯਤੀਮ ਬਣਾ ਦਿਤਾ ਗਿਆ ਹੈ, ਇਨ੍ਹਾਂ ਦਾ ਕੀ ਕਸੂਰ ਹੈ। ਕੁਲਵੰਤ ਕੌਰ ਨੇ ਦਸਿਆ ਕਿ ਜਦ ਇਹ ਘਟਨਾ ਵਾਪਰੀ ਸੀ, ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਜਿਨ੍ਹਾਂ ਨੇ ਉਨ੍ਹਾਂ ਮਦਦ ਤਾਂ ਕੀ ਕਰਨੀ ਸੀ, ਹਾਲ ਵੀ ਨਹੀਂ ਪੁੱਛਿਆ। ਚੋਣਾਂ ਤੋਂ ਪਹਿਲਾਂ ਮੌਜੂਦਾ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਢੱਕੀ ਸਾਹਿਬ ਆਏ ਸਨ ਤੇ ਉਨ੍ਹਾਂ ਭਰੋਸਾ ਦਿਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਉਹ ਜਿਥੇ ਪਰਵਾਰ ਦੀ ਆਰਥਕ ਮਦਦ ਕਰਨਗੇ, ਉਥੇ ਭੁਪਿੰਦਰ ਸਿੰਘ ਦੇ ਕਾਤਲਾਂ ਨੂੰ ਵੀ ਸਜ਼ਾ ਦਿਵਾਉਣਗੇ। ਹੁਣ ਸਰਕਾਰ ਵੀ ਬਣ ਚੁੱਕੀ ਹੈ ਪਰ ਸਾਡੀ ਸਾਰ ਕਿਸੇ ਨੇ ਨਹੀਂ ਲਈ। ਇਸ ਘਟਨਾ ਪਿੱਛੇ ਕਿਸ ਦਾ ਹੱਥ ਸੀ, ਉਹ ਤਾਕਤਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦਸਿਆ ਕਿ ਭਾਈ ਰਣਜੀਤ ਸਿੰਘ ਵਲੋਂ ਉਨ੍ਹਾਂ ਦੇ ਪਰਵਾਰ ਨੂੰ ਸਮੇਂ-ਸਮੇਂ 'ਤੇ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਂਦੀ ਹੈ।