
Chhota Ghallughara : 'ਛੋਟਾ ਘੱਲ਼ੂਘਾਰਾ’ ਸਿੱਖ ਇਤਿਹਾਸ ਵਿਚ ਵਰਤਿਆ ਪਹਿਲਾ ਘੱਲੂਘਾਰਾ ਹੈ।
Chhota Ghallughara article in punjabi : ਸਿੱਖ ਧਰਮ ਦੁਨੀਆਂ ਦਾ ਇਕ ਅਜਿਹਾ ਵਿਲੱਖਣ ਧਰਮ ਹੈ ਜਿਸ ਵਿਚ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਫ਼ੀ ਮਹੱਤਤਾ ਦਿਤੀ ਜਾਂਦੀ ਹੈ। ਇਸ ਦੀ ਰਾਖੀ ਲਈ ਸਿਰਧੜ ਦੀ ਬਾਜ਼ੀ ਲਾਉਣਾ ਇਸ ਦੇ ਮੁਢਲੇ ਅਸੂਲਾਂ ’ਚੋਂ ਇਕ ਰਿਹਾ ਹੈ। ‘ਨਾ ਡਰੋ, ਨਾ ਡਰਾਓ’ ਦੇ ਸਿਧਾਂਤ ਉਤੇ ਪਹਿਲਾਂ ਸਿੱਖ ਗੁਰੂ ਸਾਹਿਬਾਨਾਂ ਨੇ ਖ਼ੁਦ ਪਹਿਰਾ ਦਿਤਾ ਅਤੇ ਫਿਰ ਉਨ੍ਹਾਂ ਦੇ ਜਾਂਬਾਜ਼ ਸਿੱਖਾਂ ਨੇ ਅਪਣੇ ਗੁਰੂ ਸਾਹਿਬਾਨਾਂ ਦੇ ਪਦ ਚਿੰਨ੍ਹਾਂ ’ਤੇ ਚਲਦਿਆਂ ਤੇ ਅਮਲ ਕਰਦਿਆਂ ਹਰ ਤਰ੍ਹਾਂ ਦੇ ਜ਼ੁਲਮ ਨਾਲ ਪਹਿਲਾਂ ਸਬਰ ਸੰਤੋਖ ਤੇ ਸ਼ਹਿਣਸੀਲਤਾ ਨਾਲ ਟਾਕਰਾ ਕੀਤਾ ਅਤੇ ਜਦ ਜਾਬਰ ਫਿਰ ਵੀ ਜ਼ੁਲਮ ਕਰਨ ਤੋਂ ਨਾ ਟਲਦਾ ਤਾਂ ਫਿਰ ਤਲਵਾਰ ਉਠਾ ਕੇ ਅਜਿਹੇ ਜਾਬਰ ਨਾਲ ਲੋਹਾ ਲੈਣ ਤੋਂ ਵੀ ਗੁਰੇਜ਼ ਨਾ ਕੀਤਾ। ਜਰਵਾਣਿਆਂ ਨੇ ਸਾਮੂਹਕ ਤੌਰ ’ਤੇ ਸਿੱਖਾਂ ਦਾ ਕਤਲੇਆਮ ਕਰਨ ਦੇ ਕਈ ਉਪਰਾਲੇ ਕੀਤੇ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ‘ਘੱਲ਼ੂਘਾਰਿਆਂ’ ਦਾ ਨਾਮ ਦਿਤਾ ਗਿਆ ਹੈ। ‘ਛੋਟਾ ਘੱਲ਼ੂਘਾਰਾ’ ਸਿੱਖ ਇਤਿਹਾਸ ਵਿਚ ਵਰਤਿਆ ਪਹਿਲਾ ਘੱਲੂਘਾਰਾ ਹੈ।
ਸੰਨ 1746 ਦੇ ਆਸ-ਪਾਸ ਦਾ ਸਮਾਂ ਇਕ ਅਜਿਹਾ ਸਮਾਂ ਸੀ ਜਿਸ ਦੌਰਾਨ ਮੁਗ਼ਲ ਸਰਕਾਰ ਨੇ ਸਿੱਖਾਂ ਨੂੰ ਮਾਰ ਮੁਕਾ ਕੇ ਸਿੱਖ ਨਸਲਕੁਸ਼ੀ ਕਰਨ ਦੀ ਠਾਣੀ ਹੋਈ ਸੀ ਤੇ ਜਿਸ ਲਈ ਹਰ ਹੀਲਾ ਵਰਤਿਆ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਜਿਊਂਦੇ ਜਾਂ ਮਰੇ ਸਿੱਖ ਦੀ ਲੱਭਤ ਲਈ ਇਨਾਮ ਰੱਖੇ ਜਾ ਚੁੱਕੇ ਸਨ। ਸਿੱਖੀ ਦੀ ਪਛਾਣ ਮਲੀਅਮੇਟ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਸੀ। ‘ਗੁੜ’ ਨੂੰ ‘ਰੋੜੀ’ ਕਹਿਣ ਦੇ ਹੁਕਮ ਦੇ ਦਿਤੇ ਗਏ ਸਨ ਤਾਕਿ ‘ਗੁੜ’ ਆਖਦਿਆਂ ਲੋਕਾਂ ਦੇ ਮੂੰਹ ਵਿਚੋਂ ਭੁੱਲ ਭੁਲੇਖੇ ਵੀ ‘ਗੁਰ/ਗੁਰੂ’ ਸ਼ਬਦ ਨਾ ਨਿਕਲ ਜਾਏ। ਇਸ ਦਾ ਉਚਾਰਨ ਕਰਨ ਵਾਲਿਆਂ ਨੂੰ ਦੰਡਿਤ ਕੀਤਾ ਜਾਣ ਲੱਗਾ ਸੀ। ਅਜਿਹੇ ਕਰੜੇ ਸਮੇਂ ਵੀ ਮੁਗ਼ਲ ਸਰਕਾਰ ਵਿਰੁਧ ਸਿੱਖਾਂ ਦੀ ਮੁੱਠੀ ਭਰ ਗਿਣਤੀ ਨੇ ਧਰਮ ਯੁੱਧ ਛੇੜਿਆ ਹੋਇਆ ਸੀ। ਜੰਗਲਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਅਪਣਾ ਵਸੇਬਾ ਬਣਾ ਕੇ ਜਾਂਬਾਜ਼ ਸਿੱਖਾਂ ਨੇ ਗੁਰੀਲਾ ਯੁੱਧ ਅਪਣਾਉਂਦਿਆਂ ਜਾਬਰ ਸਰਕਾਰ ਦੀ ਨਾਸੀਂ ਧੂੰ ਲਿਆਂਦਾ ਹੋਇਆ ਸੀ। ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਵਰਗੇ ਇਕੱਲੇ-ਦੁਕੱਲੇ ਅਣਖੀ ਸੂਰੇ ਜਾਬਰ ਨੂੰ ਵੰਗਾਰਦੇ ਤੇ ਇਕ ਵੱਡੀ ਫ਼ੌਜ ਨਾਲ ਭਿੜਦੇ ਹੋਏ ਵੀਰਗਤੀ ਪ੍ਰਾਪਤ ਕਰ ਲੈਂਦੇ।
ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖ਼ਾਨ ਦੀ ਮੌਤ ਪਿਛੋਂ ਉਸ ਦੇ ਉਤਰਾਧਿਕਾਰੀਆਂ ਵਿਚ ਛਿੜੀ ਖ਼ਾਨਾਜੰਗੀ ਦਾ ਫ਼ਾਇਦਾ ਉਠਾਉਂਦੇ ਹੋਏ ਸਿੱਖ ਲਾਹੌਰ ਦੇ ਆਸ ਪਾਸ ਕਬਜ਼ਾ ਕਰਨ ਦੇ ਯਤਨ ਵਜੋਂ ਜੰਗਲਾਂ ਤੋਂ ਬਾਹਰ ਆਉਣ ਲੱਗੇ। ਇਸ ਦੀਆਂ ਕਨਸੌਆਂ ਜਦ ਯਹੀਆ ਖ਼ਾਨ ਨੂੰ ਲਗੀਆਂ ਤਾਂ ਉਸ ਨੇ ਵੀ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਬੀੜਾ ਉਠਾ ਲਿਆ ਅਤੇ ਉਸ ਦੇ ਦੀਵਾਨ ਲਖਪਤ ਰਾਏ ਨੇ ਅਪਣੇ ਭਰਾ ਜਸਪਤ ਰਾਏ ਜੋ ਐਮਨਾਬਾਦ ਦਾ ਸਿਪਾਹਸਲਾਰ (ਫ਼ੌਜਦਾਰ) ਸੀ, ਨੂੰ ਸਿੱਖਾਂ ਉਤੇ ਹਮਲਾ ਕਰਨ ਲਈ ਭੇਜਿਆ। ਅੱਗੋਂ ਸਿੱਖਾਂ ਨੇ ਇਸ ਹਮਲਵਾਰ ਫ਼ੌਜ ਨੂੰ ਚੰਗੇ ਚਣੇ ਚਬਾਏ। ਭਾਈ ਨਿਬਾਹੂ ਸਿੰਘ ਨੇ ਦਲੇਰੀ ਵਰਤਦਿਆਂ ਹਾਥੀ ’ਤੇ ਸੱਜ-ਧੱਜ ਕੇ ਸਵਾਰ ਹੋਏ ਜਸਪਤ ਰਾਏ ਦੇ ਧੜ ਨਾਲੋਂ ਸਿਰ ਅਲੱਗ ਕਰ ਕੇ ਮਾਰ ਮੁਕਾਇਆ। ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਲਖਪਤ ਰਾਏ ਅੱਗ ਬਬੂਲਾ ਹੋ ਉਠਿਆ ਅਤੇ ਉਸ ਨੇ ਪ੍ਰਣ ਕੀਤਾ ਕਿ ਅਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਤਕ ਨਾ ਹੀ ਸਿਰ ਉਤੇ ਪਗੜੀ ਬੰਨ੍ਹੇਗਾ ਤੇ ਨਾ ਹੀ ਅਪਣੇ ਆਪ ਨੂੰ ਖਤਰੀ ਕਹਾਏਗਾ। ਇਸ ਬਾਬਤ ਪੰਥ ਪ੍ਰਕਾਸ਼ ਵਿਚ ਇੰਜ ਵਰਨਣ ਮਿਲਦਾ ਹੈ:-
‘‘ਜਬ ਸਿੰਘੋਂ ਨੇ ਜਸਪਤ ਮਾਰਾ। ਲੁਟਿਉ ਏਮਨਾਬਾਦ ਨਿਹਾਰਾ।
ਲਖਪਤ ਜਾਇ ਬਿਜੇ ਖਾਂ ਪਾਸ। ਪਗੜੀ ਸਿਰੋਂ ਉਤਾਰੀ ਖਾਸ।
ਕਸਮ ਉਠਾਇ ਕਹਯੋ ਇਮ ਖੀਜ। ਮੈਂ ਜਬ ਲੌ ਸਿੰਘਹਿ ਨਿਰਬੀਜ।
ਨਹਿ ਕਰ ਲੈਹੋ, ਤਬ ਲੌ ਜਾਣ। ਪਗੜੀ ਧਰਨੀ ਸਿਰ ਮÇੁਹ ਆਣ।’’
ਇਸ ਤਰ੍ਹਾਂ ਭਰਿਆ ਪੀਤਾ ਗੁੱਸੇ ਵਿਚ ਲੋਹਾ ਲਾਖਾ ਹੋਇਆ ਲਖਪਤ ਰਾਏ ਇਕ ਵੱਡੀ ਫ਼ੌਜ ਜੋ ਕਿ ਖ਼ਤਰਨਾਕ ਹਥਿਆਰਾਂ ਤੇ ਤੋਪਾਂ ਆਦਿ ਨਾਲ ਲੈਸ ਸੀ, ਨੂੰ ਲੈ ਕੇ ਸਿੱਖਾਂ ਉਤੇ ਹਮਲੇ ਲਈ ਤੁਰ ਪਿਆ। ਰਾਹ ਵਿਚ ਜੋ ਵੀ ਸਿੱਖ ਨਜ਼ਰੀਂ ਚੜ੍ਹਦਾ ਉਸ ਨੂੰ ਮਾਰ ਮੁਕਾਉਂਦਾ ਹੋਇਆ ਅੱਗੇ ਵਧਦਾ ਆ ਰਿਹਾ ਸੀ। ਇਸ ਦੀ ਖ਼ਬਰ ਜਦ ਸਿੱਖਾਂ ਨੂੰ ਲੱਗੀ ਤਾਂ ਸਿੱਖਾਂ ਨੇ ਅਪਣੀ ਰਣਨੀਤੀ ਤਹਿਤ ਕਾਹਨੂੰਵਾਨ ਦੀ ਛੰਭ ਜੰਗਲਾਂ ਵਲ ਰੁਖ਼ ਕਰ ਲਿਆ। ਹਮਲਾਵਰ ਫ਼ੌਜ ਦੇ ਨੇੜੇ ਢੁੱਕਣ ਉਤੇ ਸਿੱਖਾਂ ਅਪਣੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦਿਆਂ ਉਨ੍ਹਾਂ ਦੁਆਲੇ ‘ਰਖਿਆ ਚੱਕਰ’ ਬਣਾ ਲਿਆ। ਨਾਲ ਨਾਲ ਹਮਲਾਵਰ ਦੁਸ਼ਮਣ ਦਾ ਟਾਕਰਾ ਕਰਦੇ ਹੋਏ ਸਿੱਖ ਵਹੀਰ ਹਿਮਾਲੀਆ ਦੇ ਜੰਗਲਾਂ ਵਲ ਪਿਛੇ ਹਟਦੀ ਰਹੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਰ ਪਹਾੜਾਂ ਦੀ ਤਿੱਖੀ ਚੜ੍ਹਾਈ ਕੰਧ ਬਣ ਗਈ ਤੇ ਪਹਾੜੀ ਰਾਜਿਆਂ ਦੀ ਹੱਦਬੰਦੀ ਸ਼ੁਰੂ ਹੋ ਗਈ। ਉਧਰ ਮੁਗ਼ਲ ਸਰਕਾਰ ਦਾ ਫ਼ਰਮਾਨ ਜਾਰੀ ਹੋ ਚੁੱਕਾ ਸੀ ਕਿ ਪਹਾੜੀ ਰਾਜੇ ਸਿੱਖਾਂ ਦੀ ਹਰਗਿਜ਼ ਵੀ ਕਿਸੇ ਤਰ੍ਹਾਂ ਦੀ ਮਦਦ ਨਾ ਕਰਨ। ਵੈਸੇ ਵੀ ਇਹ ਪਹਾੜੀ ਰਾਜੇ ਵੀ ਕਰੀਬ ਮੁਢ-ਕਦੀਮ ਤੋਂ ਸਿੱਖੀ ਨਾਲ ਖਾਰ ਹੀ ਖਾਂਦੇ ਆ ਰਹੇ ਸਨ। ਰਾਵੀ ਵੀ ਭਰ ਜੋਬਨ ਵਿਚ ਵਹਿ ਰਹੀ ਸੀ। ਰਾਸ਼ਨ ਤੇ ਹਥਿਆਰਾਂ ਦੀ ਵੀ ਕਮੀ ਹੋ ਚੁੱਕੀ ਸੀ। ਸਿੱਖ ਵਹੀਰ ਸੰਕਟ ਵਿਚ ਪੂਰੀ ਤਰ੍ਹਾਂ ਘਿਰ ਚੁੱਕੀ ਸੀ। ਭੁੱਖਣ ਭਾਣੇ ਸਿੱਖ ਫਿਰ ਵੀ ਇਸ ਬਿਪਤਾ ਦੀ ਘੜੀ ਵਿਚ ਸਿਰੜ ਕਾਇਮ ਰੱਖ ਕੇ ਟਾਕਰਾ ਕਰ ਰਹੇ ਸਨ ਪਰ ਮੁਗ਼ਲ ਹਮਲਾਵਰ ਫ਼ੌਜ ਭਾਰੂ ਪੈ ਗਈ। ਉਸ ਨੇ ਸੁਰੱਖਿਆ ਘੇਰਾ ਤੋੜ ਕੇ ਬੱਚਿਆਂ ਤੇ ਬਜ਼ੁਰਗਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿਤਾ। ਥੋੜ੍ਹੇ-ਬਹੁਤ ਬਚੇ-ਖੁਚੇ ਸਿੱਖ ਬਿਖੜੇ ਪੈਂਡੇ ਤੈਅ ਕਰਦੇ ਹੋਏ ਬਿਆਸ ਤੇ ਫਿਰ ਸਤਲੁਜ ਦਰਿਆ ਪਾਰ ਕਰ ਕੇ ਲੱਖੀ ਜੰਗਲਾਂ (ਮਾਲਵੇ) ਵਲ ਨਿਕਲ ਗਏ। ਇਸ ਘੋਰ ਸੰਕਟ ਵਿਚੋਂ ਉਭਰ ਕੇ ਸਿੱਖ ਜਬਰ ਦਾ ਸਿਰ ਫੇਹਣ ਲਈ ਫਿਰ ਤੋਂ ਵਿਉਂਤਬੰਦੀਆਂ ਕਰਨ ਵਿਚ ਜੁੱਟ ਗਏ ਤਾਕਿ ਹਲੀਮੀ ਰਾਜ ਕਾਇਮ ਹੋ ਸਕੇ।
ਇਤਿਹਾਸ ਅਨੁਸਾਰ ਸਿੱਖ ਇਤਿਹਾਸ ਵਿਚ ਵਾਪਰੇ ਇਸ ਕਤਲੋ-ਗਾਰਤ ਵਿਚ ਕਰੀਬ 7 ਹਜ਼ਾਰ ਸਿੱਖ ਸ਼ਹੀਦ ਹੋਏ ਤੇ 3 ਹਜ਼ਾਰ ਦੇ ਕਰੀਬ ਕੈਦ ਕਰ ਕੇ ਦਿੱਲੀ ਗੇਟ ਲਾਹੌਰ ਲਿਜਾ ਕੇ ਸਾਮੂਹਕ ਤੌਰ ’ਤੇ ਕਤਲ ਕਰ ਦਿੱਤੇ ਗਏ। ਇਹ ਸ਼ਹੀਦੀ ਸਥਾਨ ‘ਸ਼ਹੀਦਗੰਜ’ ਲਾਹੌਰ ਵਿਖੇ ਸਥਿਤ ਹੈ। ਜਰਵਾਣੇ ਹਾਕਮਾਂ ਵਲੋਂ ਢਾਹੇ ਇਸ ਭਿਆਨਕ ਖ਼ੂਨੀ ਕਹਿਰ ਨੂੰ ਸਿੱਖ ਇਤਿਹਾਸ ਵਿਚ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਖ਼ੂਨੀ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਵਿਖੇ ਗੁਰੂਦੁਆਰਾ ਸਾਹਿਬ ‘ਛੋਟਾ ਘੱਲੂਘਾਰਾ’ ਦੇ ਰੂਪ ਵਿਚ ਸੁਸ਼ੋਭਤ ਹੈ।
(For more Punjabi news apart from Chhota Ghallughara article in punjabi , stay tuned to Rozana Spokesman)