
ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਸਥਿਤੀ ਦਾ ਜਾਇਜ਼ਾ ਲਿਆ
ਸ਼ਿਲੌਂਗ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਿਲੌਂਗ ਨੂੰ ਭੇਜੇ ਗਏ ਇਕ ਉੱਚ ਪਧਰੀ ਵਫ਼ਦ ਨੇ ਉੱਥੇ ਵਸੇ ਪੰਜਾਬੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਸੁਰੱਖਿਆ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਹੈ। ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਇਹ ਵਫ਼ਦ ਇਥੇ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੂੰ ਮਿਲਿਆ ਜੋ ਕਿ ਵੀਰਵਾਰ ਨੂੰ ਸ਼ਿਲੌਂਗ ਦੇ ਮੁੱਖ ਮੰਤਰੀ ਕੋਂਰਾਡ ਸੰਗਮਾ ਨੂੰ ਮਿਲੇਗਾ।
Punjab delegation led by Sukhjinder Singh Randhawa visit to Shillong
ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੌਜੂਦਾ ਵਿਵਾਦ ਨੂੰ ਦੁਵੱਲੀ ਗੱਲਬਾਰ ਰਾਹੀਂ ਨਿਪਟਾਰਾ ਕਰਨ ਲਈ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ 200 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸ਼ਿਲੌਂਗ ਵਿੱਚ ਵਸੇ ਇਨ੍ਹਾਂ ਸਿੱਖਾਂ ਦੇ ਸਿਵਲ ਅਧਿਕਾਰਾਂ ਦੀ ਕਿਸੇ ਵੀ ਕੀਮਤ 'ਤੇ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੂਰੀ ਤਰਾਂ ਇਸ ਮਾਮਲੇ ਨੂੰ ਹੱਲ ਕਰਨ ਦੇ ਹੱਕ ਵਿਚ ਹਨ ਅਤੇ ਉਹ ਨਿੱਜੀ ਤੌਰ 'ਤੇ ਮੇਘਾਲਿਆ ਦੇ ਹਮਰੁਤਬਾ ਨਾਲ ਸੰਪਰਕ ਵਿਚ ਹਨ ਅਤੇ ਉਹ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
Punjab delegation led by Sukhjinder Singh Randhawa visit to Shillong
ਤਨਾਅ ਘਟਾਉਣ ਦੀਆਂ ਕੋਸ਼ਿਸ਼ਾਂ ਲਈ ਮੁੱਖ ਮੰਤਰੀ ਕੋਂਰਾਡ ਸੰਗਮਾ ਦੀ ਪ੍ਰਸ਼ੰਸਾ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਸ਼ਿਲੌਂਗ ਦੇ ਸਿੱਖਾਂ ਨੂੰ ਧਮਕੀਆਂ ਦੇਣ ਦੀਆਂ ਮੀਡੀਆ ਰਿਪੋਰਟਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਨੇ ਸੰਗਮਾ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਾਰੇ ਪਰਿਵਾਰਾਂ ਦੀ ਪੁਖਤਾ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸਥਾਨਕ ਸਿੱਖਾਂ ਨੇ ਵਫ਼ਦ ਨੂੰ ਦੱਸਿਆ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਉਸ ਖੇਤਰ ਵਿੱਚੋਂ ਉਠਾਉਣਾ ਚਾਹੁੰਦਾ ਹੈ ਜਿੱਥੇ ਉਹ ਵਸੇ ਹੋਏ ਹਨ। ਵਫ਼ਦ ਨੇ ਦੱਸਿਆ ਕਿ ਉਹ ਇੱਥੇ ਇਸ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਲੱਭਣ ਲਈ ਆਏ ਹੋਏ ਹਨ। ਉਹ ਇਸ ਮਾਮਲੇ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਵਿਚਾਰਨਗੇ। ਵਫ਼ਦ ਨੇ ਮਹਿਸੂਸ ਕੀਤਾ ਹੈ ਕਿ ਸਥਾਨਕ ਸਿੱਖਾਂ ਨੇ ਸੂਬੇ ਲਈ ਵੱਡਾ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਇੱਥੇ ਹੀ ਵਸੇ ਰਹਿਣ ਦੇਣਾ ਚਾਹੀਦਾ ਹੈ।
Punjab delegation led by Sukhjinder Singh Randhawa visit to Shillong
ਵਫ਼ਦ ਨੇ ਗੁਰੂ ਨਾਨਕ ਦਰਬਾਰ ਦਾ ਵੀ ਦੌਰਾ ਕੀਤਾ ਜਿੱਥੇ ਗੁਰਦੁਆਰੇ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਇਸ ਥਾਂ ਦੇ ਪਟੇ ਦੇ ਸਥਿਤੀ ਬਾਰੇ ਜਾਣੂ ਕਰਾਇਆ। ਉਸ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਇੱਥੋਂ ਜ਼ਬਰਦਸਤੀ ਉਠਾਇਆ ਜਾ ਰਿਹਾ ਹੈ। ਗੁਰਜੀਤ ਸਿੰਘ ਨੇ ਵਫ਼ਦ ਨੂੰ ਦੱਸਿਆ ਕਿ ਗੁਰਦੁਆਰਾ ਮੈਨੇਜਮੈਂਟ ਨੇ ਹਾਈ ਕੋਰਟ ਵਿਚ ਇਕ ਮਾਣਹਾਨੀ ਦੀ ਪਟੀਸ਼ਨ ਕੀਤੀ ਹੈ। ਜ਼ਮੀਨੀ ਹਕੀਕਤਾਂ ਦਾ ਪਤਾ ਲਾਉਣ ਗਏ ਵਫ਼ਦ ਵਿਚ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਮੈਂਬਰ ਵਜੋਂ ਕੁਲਦੀਪ ਸਿੰਘ ਵੈਦ ਸ਼ਾਮਲ ਹਨ। ਵਿਸ਼ੇਸ਼ ਸਕੱਤਰ ਯੋਜਨਾਬੰਦੀ ਬੀ.ਐਸ. ਮਾਂਗਟ ਵੀ ਵਫ਼ਦ ਨਾਲ ਗਏ ਹਨ।