
12 ਸਿੱਖ ਪ੍ਰਚਾਰਕਾਂ ਨੂੰ ਮੁਲਜ਼ਮ ਵਜੋਂ ਅਦਾਲਤ ’ਚ ਤਲਬ ਕਰਨ ਦੀ ਮੰਗ ਕੀਤੀ
ਕੋਟਕਪੂਰਾ : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਸਥਾਨਕ ਬੱਤੀਆਂ ਵਾਲੇ ਚੌਕ ਵਿਚ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਤੋਂ ਬਾਅਦ ਸਿੱਖ ਪ੍ਰਚਾਰਕਾਂ ਵਿਰੁਧ ਹੀ ਮਾਮਲਾ ਦਰਜ ਕਰ ਦੇਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਉਪਰੰਤ ਦੇਸ਼-ਵਿਦੇਸ਼ ਵਿਚ ਚਰਚਾ ਚੱਲੀ ਅਤੇ ਸੰਗਤਾਂ ਨੇ ਉਸ ਸਮੇਂ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਅਰਥਾਤ ਸੱਤਾਧਾਰੀ ਧਿਰ ਦੀ ਖ਼ੂਬ ਨੁਕਤਾਚੀਨੀ ਕੀਤੀ ਪਰ ਹੁਣ ਕੋਟਕਪੂਰਾ ਗੋਲੀਕਾਂਡ ਵਿਚ ਨਾਮਜ਼ਦ ਕੀਤੇ ਗਏ ਪੁਲਿਸ ਅਧਿਕਾਰੀਆਂ ਵਲੋਂ 14 ਅਕਤੂਬਰ 2015 ਨੂੰ ਵਾਪਰੇ ਗੋਲੀਕਾਂਡ ਵਿਚ ਪੁਲਿਸ ਉਪਰ ਕਥਿਤ ਹਮਲਾ ਕਰਨ ਦੇ ਦੋਸ਼ ਵਿਚ 12 ਸਿੱਖ ਪ੍ਰਚਾਰਕਾਂ ਨੂੰ ਮੁਲਜ਼ਮ ਵਜੋਂ ਅਦਾਲਤ ’ਚ ਤਲਬ ਕਰਨ ਦੀ ਮੰਗ ਕੀਤੀ ਗਈ ਹੈ।
ਇਲਾਕਾ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਫ਼ਰੀਦਕੋਟ ਅਦਾਲਤ ਵਿਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਨੇ ਅਰਜ਼ੀ ਦੇ ਕੇ ਕਿਹਾ ਹੈ ਕਿ ਸਿੱਖ ਪ੍ਰਚਾਰਕਾਂ ਦੇ ਹਮਲੇ ਵਿਚ 40 ਤੋਂ ਵਧ ਪੁਲਿ ਮੁਲਾਜ਼ਮ ਜ਼ਖ਼ਮੀ ਹੋਏ ਸਨ ਪਰ ਹਮਲਾਵਰਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਪੁਲਿਸ ਅਧਿਕਾਰੀਆਂ ਦੇ ਇਸ ਦਾਅਵੇ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਿਸ ’ਤੇ ਸਿੱਖ ਪ੍ਰਚਾਰਕਾਂ ਵਲੋਂ ਹਮਲੇ ਨਹੀਂ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਅਪਣੀ ਅਰਜ਼ੀ ਵਿਚ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂਵਾਲਾ, ਹਰਨਾਮ ਸਿੰਘ ਧੁੰਮਾ, ਬਲਜੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਅਤੇ ਰਛਪਾਲ ਸਿੰਘ ਸਮੇਤ 12 ਪ੍ਰਚਾਰਕਾਂ ’ਤੇ ਪੁਲਿਸ ਉਪਰ ਹਮਲਾ ਕਰਨ ਦੇ ਦੋਸ਼ ਲਾਏ ਹਨ। ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਦੇ ਵੀਡੀਉ ਕਲਿੱਪ ਦੇਖੇ, ਜਿਸ ਵਿਚ ਕੁੱਝ ਸਿੱਖ ਆਗੂਆਂ ਦੇ ਗੋਲੀਆਂ ਵਜਦੀਆਂ ਵਿਖਾਈਆਂ ਗਈਆਂ ਹਨ। ਅਦਾਲਤ ਵਿਚ ਹੁਣ ਇਸ ਮਾਮਲੇ ’ਤੇ 4 ਨਵੰਬਰ ਨੂੰ ਸੁਣਵਾਈ ਹੋਵੇਗੀ।