
ਪੁਛਿਆ, ਪੁਲਿਸ ਤੋਂ ਰਾਈਫ਼ਲਾਂ ਖੋਹਣ ਦੀ ਕਿੱਥੇ ਗਈ ਸੀ.ਸੀ.ਟੀ.ਵੀ. ਫ਼ੁਟੇਜ?
ਕੋਟਕਪੂਰਾ : ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਬੀਤੇ ਦਿਨ 22 ਪੰਨਿਆਂ ਦੀ ਚੌਥੀ ਚਲਾਨ ਰਿਪੋਰਟ ਪੇਸ਼ ਕੀਤੀ ਤਾਂ ਅਦਾਲਤ ਨੇ ਇਸ ਦੀ ਸੁਣਵਾਈ 16 ਸਤੰਬਰ ਲਈ ਨਿਸ਼ਚਿਤ ਕੀਤੀ ਸੀ। ਅੱਜ ਜਿੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਲਗਭਗ ਸਾਰੇ ਮੁਲਜ਼ਮਾ ਨੇ ਨਿਜੀ ਤੌਰ ’ਤੇ ਪੇਸ਼ ਹੋਣ ਦੀ ਬਜਾਏ ਆਪੋ-ਅਪਣੀਆਂ ਹਾਜ਼ਰੀਆਂ ਮਾਫ਼ ਕਰਵਾਈਆਂ ਸਨ ਅਤੇ ਅਦਾਲਤ ਨੇ ਅਗਲੀ ਸੁਣਵਾਈ ਲਈ 7 ਅਕਤੂਬਰ ਰੱਖੀ ਹੈ ਪਰ ਸਪਲੀਮੈਂਟਰੀ ਚਲਾਨ ਰਿਪੋਰਟ ਤੋਂ ਬਾਅਦ ਛਿੜੀ ਵਿਲੱਖਣ ਚਰਚਾ ਵੀ ਅੱਜ ਲਗਭਗ ਸਾਰੇ ਟੀ.ਵੀ. ਚੈਨਲਾਂ ਦੀ ਸੁਰਖ਼ੀ ਬਣੀ ਰਹੀ।
ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ 192/2015 ਤੇ 129/2018 ਮਾਮਲਿਆਂ ਦੇ ਸਬੰਧ ਵਿਚ ਚਲਾਨ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਪਰ 07/08/2018 ਨੂੰ ਸਿੱਖ ਨੌਜਵਾਨ ਅਜੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਸਿਟੀ ਥਾਣਾ ਕੋਟਕਪੂਰਾ ਵਿਖੇ ਦਰਜ ਹੋਈ ਐਫ਼.ਆਈ.ਆਰ. ਨੰਬਰ 129 ਦੇ ਮਾਮਲੇ ਵਿਚ ਐਸਆਈਟੀ ਵਲੋਂ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਦੇ ਦਿਤੇ ਗਏ ਸਬੂਤਾਂ ਰਾਹੀਂ ਸ਼ੱਕ ਜਤਾਇਆ ਗਿਆ ਹੈ ਕਿ ਅਜੀਤ ਸਿੰਘ ਦੇ ਵੱਜਣ ਵਾਲੀ ਗੋਲੀ ਪੁਲਿਸ ਨੇ ਨਹੀਂ, ਬਲਕਿ ਕਿਸੇ ਹੋਰ ਪ੍ਰਦਰਸ਼ਨਕਾਰੀ ਵਲੋਂ ਪੁਲਿਸ ਤੋਂ ਖੋਹੀ ਗਈ ਐਸ.ਐਲ.ਆਰ. ਤੋਂ ਚਲਾਈ ਗਈ ਹੋ ਸਕਦੀ ਹੈ।
ਐਸ.ਆਈ.ਟੀ. ਦੀ ਜਾਂਚ ਰਿਪੋਰਟ ਮੁਤਾਬਕ ਗੋਲੀ ਕਾਂਡ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੌਲਦਾਰ ਰਛਪਾਲ ਸਿੰਘ ਅਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੋਂ ਦੋ ਐਸ.ਐਲ.ਆਰ. ਰਾਈਫਲਾਂ ਖੋਹ ਲਈਆਂ ਸਨ, ਜਿਨ੍ਹਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਦੋ ਵਿਅਕਤੀ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ।
ਪੀੜਤ ਅਜੀਤ ਸਿੰਘ ਨੇ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਟੀ.ਵੀ. ਚੈਨਲਾਂ ’ਤੇ ਦਿਖਾਏ ਜਾ ਰਹੇ ਝੂਠ ਦੀ ਇਸ ਗੱਲ ਤੋਂ ਫੂਕ ਨਿਕਲ ਜਾਂਦੀ ਹੈ ਕਿ ਸਾਰੀਆਂ ਸੀ.ਸੀ.ਟੀ.ਵੀ. ਕੈਮਰਿਆਂ ਦੇ ਵੀਡੀਉ ਕਲਿਪ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਇਕ ਵੀ ਵੀਡੀਉ ਇਹ ਸਾਹਮਣੇ ਨਹੀਂ ਆਈ ਕਿ ਕੋਈ ਪੁਲਿਸ ਕੋਲੋਂ ਰਾਈਫਲਾਂ ਖੋਹ ਕੇ ਲਿਜਾ ਰਿਹਾ ਹੋਵੇ। ਉਨ੍ਹਾਂ ਆਖਿਆ ਕਿ ਇਹ ਜਾਂਚ ਨੂੰ ਪ੍ਰਭਾਵਤ ਕਰਨ ਅਤੇ ਗ਼ਲਤ ਰੰਗਤ ਦੇਣ ਦੀਆਂ ਸਾਜ਼ਸ਼ਾਂ ਹਨ, ਜਦਕਿ ਪੁਲਿਸ ਨੇ 14 ਅਕਤੂਬਰ 2015 ਨੂੰ ਨਾ ਤਾਂ ਮੇਰੀ ਸ਼ਿਕਾਇਤ ਦਰਜ ਕੀਤੀ ਅਤੇ ਨਾ ਹੀ ਮੈਨੂੰ ਇਲਾਜ ਕਰਵਾਉਣ ਦੀ ਇਜਾਜ਼ਤ ਦਿਤੀ ਗਈ। ਅਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਮਾਪਿਆਂ ਨੇ ਗੁਪਤ ਤੌਰ ’ਤੇ ਇਲਾਜ ਕਰਵਾ ਕੇ ਉਸ ਦੀ ਜਾਨ ਬਚਾਈ।