
ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿਖੇ ਹੋਣ ਵਾਲੇ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ.........
ਸੰਗਰੂਰ : ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਵਿਖੇ ਹੋਣ ਵਾਲੇ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸਵਾਲ ਕੀਤਾ ਕਿ ਤੁਸੀਂ ਗੁਰੂ ਕਿਸ ਨੂੰ ਮੰਨਦੇ ਹੋ? ਗੁਰੂ ਗਰੰਥ ਸਾਹਿਬ ਦੇ 100-100 ਪ੍ਰਕਾਸ਼ ਕਰਨ ਸਬੰਧੀ ਉਨ੍ਹਾਂ ਪੁਛਿਆ ਕਿ ਇਕੱਠਾ 100 ਅਖੰਡ ਪਾਠ ਸਾਹਿਬ ਪ੍ਰਕਾਸ਼ ਕਰ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ? ਉਨ੍ਹਾਂ ਪੁਛਿਆ ਕਿ ਉਥੇ ਇਕ ਗੁਰੂ ਹੁੰਦਾ ਹੈ ਕੀ 100 ਗੁਰੂ ਹੁੰਦੇ ਹਨ? ਉਨ੍ਹਾਂ ਅਮਰੀਕ ਸਿੰਘ ਅਜਨਾਲਾ ਵਲੋਂ ਦੀਵਾਨਾਂ ਦਾ ਵਿਰੋਧ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਉਥੋਂ ਦੀਆਂ ਸੰਗਤਾਂ ਦੀਵਾਨ ਰੋਕਣ ਦੇ ਹੱਕ ਵਿਚ ਨਹੀਂ,
ਬਲਕਿ ਸੰਗਤਾਂ ਚਾਹੁੰਦੀਆਂ ਹਨ ਕਿ ਦੀਵਾਨ ਲੱਗਣੇ ਚਾਹੀਦੇ ਹਨ। ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਵੋਟਾਂ ਪਵਾ ਕੇ ਦੇਖ ਲੈਣੀਆਂ ਚਾਹੀਦੀਆਂ ਹਨ। ਭਾਈ ਢਡਰੀਆਂ ਵਾਲਿਆਂ ਨੇ ਕਿਹਾ ਕਿ ਅਮਰੀਕ ਸਿੰਘ ਅਜਨਾਲਾ ਦਾ ਕੰਮ ਹੀ ਗੁਰਬਾਣੀ ਦੇ ਪ੍ਰਚਾਰ ਦਾ ਵਿਰੋਧ ਕਰਨਾ, ਗੱਡੀਆਂ ਭੰਨਣੀਆਂ, ਗੁੰਡਾਗਰਦੀ ਕਰਨੀ, ਬੰਦੇ ਮਾਰਨਾ ਮੁੱਖ ਕੰਮ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਅਜਨਾਲਾ ਪੰਜ ਕਰਾਰ ਪਾ ਕੇ ਮੇਰੇ ਵਿਰੁਧ ਕੂੜ ਪ੍ਰਚਾਰ ਬੋਲ ਰਿਹਾ ਹੈ ਕੀ ਉਸ ਕੋਲ ਇਸ ਦਾ ਕੋਈ ਸਬੂਤ ਹੈ, ਬਿਨਾਂ ਸੋਚੇ ਸਮਝੇ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗਰੰਥ ਸਾਹਿਬ ਨੂੰ ਪੜ ਕੇ ਉਸ ਉਪਰ ਅਮਲ ਕਰਨ ਵਿਚ ਯਕੀਨ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਵਿਰੁਧ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਮੰਨਣ ਵਿਚ ਕੋਈ ਸੱਚਾਈ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਦਸਣ ਵਾਲਿਆਂ ਨੂੰ ਅਸੀਂ ਦਸਣਾ ਚਾਹੁੰਦੇ ਹਾਂ ਕਿ 20 ਸਾਲਾਂ ਦੀ ਮਿਹਨਤ ਕਰ ਕੇ ਜੋ ਕੁੱਝ ਕਮਾਇਆ ਉਹ 32 ਕਿਲੇ ਜ਼ਮੀਨ ਸਮੇਤ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾ ਦਿਤਾ ਹੈ। ਜੋ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋ ਜਾਵੇ ਉਸ ਨੂੰ ਬਦਲਿਆ ਨਹੀਂ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤਾ ਜਾ ਰਿਹਾ ਪ੍ਰਚਾਰ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ, ਕਿਉਂਕਿ 50-50 ਬੰਦਿਆਂ ਵਿਚ ਕੀਰਤਨ ਕਰਨ ਵਾਲਾ 50 ਹਜ਼ਾਰ ਵਿਅਕਤੀਆਂ ਵਿਚ ਕੀਰਤਨ ਕਰਨ ਵਾਲੇ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ। ਸਾਨੂੰ ਪੰਥ ਵਿਚੋਂ ਵੀ ਨਿਕਲਣ ਲਈ ਦਬਾਅ ਪਾਇਆ ਜਾ ਰਿਹਾ ਹੈ। ਅੰਤ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸਿੱਖੀ ਦੇ ਰਾਹ ਤੇ ਜੇਕਰ ਚਲਣਾ ਹੋਵੇ ਤਾਂ ਹਰ ਜਨਮ ਵਿਚ ਸਿੱਖ ਬਣਨ ਲਈ ਤਿਆਰ ਹਾਂ।