
ਚੀਫ਼ ਖ਼ਾਲਸਾ ਦੀਵਾਨ ਦਾ ਨਵਾਂ ਪ੍ਰਧਾਨ ਮਜ਼ਬੂਤ ਚਰਿੱਤਰ ਵਾਲਾ ਹੋਵੇ
ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਪੰਚਾਇਤੀ ਚੋਣਾਂ ਵਾਂਗ ਹੋ ਰਹੀ ਹੈ। ਚੋਣ ਲੜ ਰਹੇ ਤਿੰਨੇ ਧੜੇ ਚੀਫ਼ ਖ਼ਾਲਸਾ ਦੀਵਾਨ 'ਤੇ ਕਬਜ਼ਾ ਕਰਨ ਲਈ ਜ਼ੋਰ ਲਾ ਰਹੇ ਹਨ। 25 ਮਾਰਚ ਨੂੰ ਹੋ ਰਹੀ ਜ਼ਿਮਨੀ ਚੋਣ 'ਤੇ ਸਿੱਖਾਂ ਦੀਆਂ ਨਜ਼ਰਾਂ ਇਕ ਮਹਾਨ ਸੰਸਥਾ ਤੇ ਕੇਂਦਰਤ ਹੋ ਗਈਆਂ ਹਨ। ਪੰਜਾਬ ਸਰਕਾਰ ਵੀ ਇਸ ਚੋਣ 'ਤੇ ਬਾਜ਼ ਅੱਖ ਰੱਖ ਰਹੀ ਹੈ। ਚੀਫ਼ ਖ਼ਾਲਸਾ ਦੀਵਾਨ ਦੇ 522 ਮੈਂਬਰ ਹਨ ਜੋ ਸਮੁੱਚੇ ਪੰਜਾਬ ਤੇ ਬਾਹਰਲੇ ਸੂਬਿਆਂ ਨਾਲ ਵੀ ਸਬੰਧਤ ਹਨ। ਦੁਬਈ ਤੋਂ ਚਾਰ ਮੈਂਬਰ ਹਨ। ਇਸ ਤੋਂ ਪਹਿਲਾਂ ਸ਼ੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦਵਾਰਾ ਪਬੰਧਕ ਕਮੇਟੀ ਦੀ ਚੋਣ ਸਮੇਂ ਹੀ ਜ਼ਿਆਦਾ ਕਰ ਕੇ ਸਿੱਖ ਸੰਗਠਨ ਸਰਗਰਮ ਹੁੰਦੇ ਹਨ। ਸਿੱਖ ਸੰਗਤ ਦੀ ਸੋਚ ਹੈ ਕਿ ਦੀਵਾਨ ਦਾ ਨਵਾਂ ਪਧਾਨ ਮਜ਼ਬੂਤ ਚਰਿੱਤਰ ਵਾਲਾ ਹੋਵੇ ਤਾਕਿ ਇਸ ਮਹਾਨ ਸੰਸਥਾ ਦੀਆਂ ਨੈਤਿਕ ਕਦਰਾਂ ਕੀਮਤਾਂ ਮੁੜ ਬਹਾਲ ਹੋ ਸਕਣ। ਚੀਫ਼ ਖਾਲਸਾ ਸਿੱਖਾਂ ਦੀ ਇਕੋ-ਇਕ ਸਿਰਮੌਰ ਤਾਲੀਮੀ ਸੰਸਥਾ ਹੈ। ਦੂਜੇ ਪਾਸੇ ਸਿੱਖ ਵਿਰੋਧੀ ਤਾਕਤਾਂ ਕੋਲ ਅਥਾਹ ਦੌਲਤ ਤੇ ਸੱਤਾ ਹੈ ਜੋ ਘੱਟ ਗਿਣਤੀਆਂ ਦੇ ਸਭਿਆਚਾਰ ਤੇ ਪਛਾਣ ਨੂੰ ਖ਼ਤਮ ਕਰਨ ਲਈ ਸਰਗਰਮ ਹੋ ਗਈਆਂ ਹਨ ਤਾਕਿ ਵਿਦਿਅਕ ਅਦਾਰਿਆਂ, ਪਾਠਕ੍ਰਮ ਵਿਚ ਤਬਦੀਲੀ ਕਰਵਾਈ ਜਾ ਸਕੇ। ਸਿੱਖ ਹਲਕੇ ਮੰਨ ਕੇ ਚੱਲ ਰਹੇ ਹਨ ਕਿ ਸਿੱਖ ਕੌਮ ਦੇ ਆਗੂਆਂ ਵਿਚ ਸਿਰੇ ਦੀ ਗਿਰਾਵਟ ਸਿੱਖੀ ਅਸੂਲਾਂ ਤੇ ਚਰਿਤਰ ਵਿਚ ਆਉਣ ਕਰ ਕੇ ਹੀ ਪਤਿਤਪੁਣਾ ਹੱਦ ਤੋਂ ਜ਼ਿਆਦਾ ਵੱਧ ਰਿਹਾ ਹੈ।
Elections of Chief Khalsa Diwan
ਚੀਫ਼ ਖ਼ਾਲਸਾ ਦੀਵਾਨ ਦੀ ਜ਼ਿਮਨੀ ਚੋਣ ਅਕਾਲ ਤਖ਼ਤ ਦੇ ਜਥੇਦਾਰ ਕੋਲ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਦੀਵਾਨ ਦੇ ਮੈਂਬਰ ਸਿੱਖੀ ਪਰੰਪਰਾਵਾਂ ਉਤੇ ਖਰੇ ਨਹੀਂ ਉਤਰ ਰਹੇ ਤੇ ਉਹ ਅੰਮ੍ਰਿਤਧਾਰੀ ਵੀ ਨਹੀਂ। ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਕਰ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ, ਮੀਤ ਪ੍ਰਧਾਨ ਤੇ ਆਨਰੇਰੀ ਸਕੱਤਰ ਦੀ ਜ਼ਿਮਨੀ ਚੋਣ ਵਿਚ ਮੁੱਖ ਪਾਰਟੀਆਂ ਦੇ ਆਗੂਆਂ ਦੀ ਸਰਗਰਮੀਆਂ ਤੋਂ ਇਲਾਵਾ ਪੰਚਾਇਤੀ ਚੋਣਾਂ ਵਾਂਗ ਰਿਸ਼ਤੇਦਾਰੀਆਂ ਤੇ ਜਾਤੀ ਅਸਰਰਸੂਖ ਦੀ ਖ਼ੂਬ ਵਰਤੋਂ ਹੋ ਰਹੀ ਹੈ। ਲੋਕ ਭਲਾਈ ਇਨਸਾਫ਼ ਪਾਰਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਚੀਫ਼ ਖ਼ਾਲਸਾ ਦੀਵਾਨ ਦੀ ਚੋਣ 'ਤੇ ਟਿਪਣੀ ਕਰਦਿਆਂ ਕਿਹਾ ਕਿ ਇਸ ਦਾ ਪ੍ਰਧਾਨ ਤੇ ਹੋਰ ਅਹੁਦੇਦਾਰ ਉਚੇ ਇਖਲਾਕ ਤੇ ਮਜ਼ਬੂਤ ਚਰਿੱਤਰ ਵਾਲੇ ਈਮਾਨਦਾਰ ਹੋਣੇ ਚਾਹੀਦੇ ਹਨ।