ਅੰਮ੍ਰਿਤਸਰ, 23 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਰਾਸ਼ਟਰੀ ਸਿੱਖ ਸੰੰਗਤ ਵਿਰੁਧ ਸਾਲ 2004 ਵਿਚ ਜਾਰੀ ਹੋਇਆ ਸੰਦੇਸ਼ ਜਿਉਂ ਦਾ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖ ਸੰੰਗਤ ਵਲੋਂ ਕਰਵਾਏ ਜਾ ਰਹੇ ਦਿੱਲੀ ਸੰਮੇਲਨ ਵਿਚ ਉਹ ਸ਼ਮੂਲੀਅਤ ਨਹੀਂ ਕਰ ਰਹੇ ਅਤੇ ਨਾ ਹੀ ਉਨ੍ਹਾਂ ਦਾ ਅਜਿਹੇ ਸਮਾਗਮ ਨਾਲ ਕੋਈ ਵਾਸਤਾ ਹੈ। ਜਥੇਦਾਰ ਨੇ ਕਿਹਾ ਕਿ ਮੀਡੀਆ ਸੰਗਤ ਵਿਚ ਗੁਮਰਾਹਕੁਨ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤ 2004 ਵਿਚ ਹੋਏ ਸੰਦੇਸ਼ 'ਤੇ ਪਹਿਰਾ ਦੇਵੇ ਅਤੇ ਪੰਥ ਵਿਰੋਧੀ ਕੂੜ ਪ੍ਰਚਾਰ ਤੋਂ ਸੁਚੇਤ ਰਹੇ। ਜਥੇਦਾਰ ਮੁਤਾਬਕ ਸਿੱਖ ਗੁਰੂ ਸੱਭ ਦੇ ਸਾਂਝੇ ਹਨ। ਗੁਰੂ ਨੇ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿਤਾ ਹੈ। ਸਾਡੇ ਇਤਿਹਾਸ ਨੂੰ ਕਿਸੇ ਹੋਰ ਧਰਮ ਵਿਚ ਰਲਗੱਡ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਕਦਾਚਿਤ ਨਹੀਂ ਦਿਤੀ ਜਾ ਸਕਦੀ।

ਸਿੱਖ ਇਕ ਵਖਰੀ ਕੌਮ ਹੈ, ਸਾਡੀ ਵਖਰੀ ਪਛਾਣ ਹੈ, ਸਾਡਾ ਅਪਣਾ ਵਿਲੱਖਣ ਇਤਿਹਾਸ ਹੈ। ਸਿੱਖ ਧਰਮ ਕਿਸੇ ਵੀ ਦੂਸਰੇ ਧਰਮ ਦੇ ਧਾਰਮਕ ਵਿਸ਼ਵਾਸਾਂ, ਮਰਿਆਦਾਵਾਂ ਅਤੇ ਇਤਿਹਾਸ ਵਿਚ ਕਦੇ ਵੀ ਦਖ਼ਲਅੰਦਾਜ਼ੀ ਨਹੀਂ ਕਰਦਾ ਹੈ ਅਤੇ ਨਾ ਹੀ ਸਿੱਖ ਧਰਮ ਵਿਚ ਕੀਤੀ ਜਾਣ ਵਾਲੀ ਦਖ਼ਲਅੰਦਾਜ਼ੀ ਬਰਦਾਸ਼ਤ ਕਰਦਾ ਹੈ। ਰਾਸ਼ਟਰੀ ਸਿੱਖ ਸੰਗਤ ਪ੍ਰਤੀ ਹੋਏ ਸੰਦੇਸ਼ ਸਬੰਧੀ ਜੋ ਬਿਆਨ ਛਾਪਿਆ ਗਿਆ ਸੀ, ਉਸ ਦਾ ਖੰਡਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਸੰਦੇਸ਼ 2004 ਵਿਚ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਕੀਤਾ ਗਿਆ ਸੀ, ਉਸ ਵਿਚ ਵਰਤੀ ਗਈ ਸ਼ਬਦਾਵਲੀ ਵਿਚ ਸਪੱਸ਼ਟ ਹੁੰਦਾ ਹੈ ਕਿ ਅਕਾਲ ਤਖ਼ਤ ਵਲੋਂ ਸ਼ੱਕੀ ਕਿਰਦਾਰ ਵਾਲੀਆਂ ਜਥੇਬੰਦੀਆਂ ਅਤੇ ਵਿਅਕਤੀਆਂ ਆਦਿ ਨੂੰ ਸਹਿਯੋਗ ਨਹੀਂ ਦਿਤਾ ਜਾ ਸਕਦਾ। 2004 ਵਿਚ ਜਾਰੀ ਹੋਇਆ ਸੰਦੇਸ਼ ਬਿਲਕੁਲ ਜਿਉਂ ਦਾ ਤਿਉਂ ਹੈ। ਇਸ ਸਬੰਧੀ ਬਿਆਨ ਦੇਣ ਵਾਲੇ ਸੰਗਤ ਵਿਚ ਭੁਲੇਖੇ ਪਾਉਣ ਤੋਂ ਪਹਿਲਾਂ ਅਕਾਲ ਤਖ਼ਤ ਵਲੋਂ ਜਾਰੀ ਹੋਏ ਆਦੇਸ਼/ਸੰਦੇਸ਼ ਸਬੰਧੀ ਚੰਗੀ ਤਰ੍ਹਾਂ ਜਾਣਕਾਰੀ ਅਕਾਲ ਤਖ਼ਤ ਤੋਂ ਪ੍ਰਾਪਤ ਕਰ ਲਿਆ ਕਰਨ।
end-of