
ਅਕਾਲ ਤਖ਼ਤ 'ਤੇ ਅਸੀ ਫ਼ਰਿਆਦੀ ਬਣ ਕੇ ਗਏ ਪਰ ਸਾਨੂੰ ਕੋਈ ਸਾਰਥਕ ਜਵਾਬ ਨਹੀਂ ਮਿਲਿਆ : ਰਾਗੀ ਸਿੰਘ
ਅੰਮਿਤਸਰ, 17 ਅਗੱਸਤ (ਪਰਮਿੰਦਰਜੀਤ): ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਵਿਚਲਾ ਵਿਵਾਦ ਹੁਣ ਹੋਰ ਭੱਖ ਗਿਆ ਹੈ। ਅੱਜ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਨੇ ਇਕ ਮੀਟਿੰਗ ਕਰ ਕੇ ਕਿਹਾ ਕਿ ਅਸੀ ਫ਼ਰਿਆਦੀ ਬਣ ਕੇ ਅਕਾਲ ਤਖ਼ਤ ਸਾਹਿਬ 'ਤੇ ਵੀ ਗਏ ਸੀ ਪਰ ਸਾਨੂੰ ਕੋਈ ਸਾਰਥਕ ਜਵਾਬ ਨਹੀਂ ਮਿਲਿਆ ਜਿਸ ਤੋਂ ਬਾਅਦ ਅਸੀ ਹੁਣ ਇਹ ਮਾਮਲਾ ਸੰਗਤ ਵਿਚ ਲੈ ਆਏ ਹਾਂ।
ਭਾਈ ਉਂਕਾਰ ਸਿੰਘ ਰਾਗੀ ਪ੍ਰਧਾਨ ਸ਼੍ਰੋਮਣੀ ਰਾਗੀ ਸਭਾ ਨੇ ਕਿਹਾ ਕਿ ਗਿਆਨੀ ਜਗਤਾਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਅਹੁਦੇ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ। ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੌਰਾਨ ਗਿਆਨੀ ਜਗਤਾਰ ਸਿੰਘ ਵਾਰ ਵਾਰ ਰੋਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਰਾਗੀ ਸਿੰਘਾਂ ਨੂੰ ਅਪਸ਼ਬਦ ਬੋਲਦੇ ਹਨ। ਅਸੀ ਕਰੀਬ 15 ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ 'ਤੇ ਫ਼ਰਿਆਦੀ ਬਣ ਕੇ ਗਏ ਸੀ, ਪਰ ਸਾਨੂੰ ਸਾਰਥਕ ਜਵਾਬ ਨਹੀਂ ਮਿਲਿਆ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕਰ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਗਿਆਨੀ ਜਗਤਾਰ ਸਿੰਘ ਦੀਆਂ ਆਪਹੁਦਰੀਆਂ ਕਾਰਨ ਸਾਡਾ ਕੀਰਤਨ ਕਰਨਾ ਮੁਸ਼ਕਲ ਹੋਇਆ ਹੈ। ਗਿਆਨੀ ਜਗਤਾਰ ਸਿੰਘ ਦੇ ਇਸ ਵਤੀਰੇ ਕਾਰਨ ਰਾਗੀ ਸਿੰਘ ਸ਼ਬਦ ਵੀ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਜਗਤਾਰ ਸਿੰਘ ਨੂੰ ਜੇ ਸਾਡੇ ਕੀਰਤਨ 'ਤੇ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਹੈ ਤਾਂ ਸਾਡੇ ਨਾਲ ਬੰਦ ਕਮਰਾ ਵਿਚਾਰ ਕਰ ਸਕਦੇ ਸਨ। ਅਸੀ ਸੰਗਤ ਵਿਚ ਵਿਵਾਦ ਲੈ ਕੇ ਆਉਣਾ ਹੀ ਨਹੀਂ ਸੀ ਚਾਹੁੰਦੇ ਪਰ ਹੁਣ ਪਾਣੀ ਸਿਰਾਂ ਤੋਂ ਲੰਘ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਜਗਤਾਰ ਸਿੰਘ ਨੇ ਅਪਣੇ ਵਤੀਰੇ ਵਿਚ ਤਬਦੀਲੀ ਨਾ ਲਿਆਂਦੀ ਤਾਂ ਮਜਬੂਰ ਹੋ ਕੇ ਰਾਗੀ ਸਿੰਘ ਧਰਨਾ ਦੇਣ ਲਈ ਮਜਬੂਰ ਹੋਣਗੇ।