
ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਢੱਕ ਕੇ ਸ਼੍ਰੋਮਣੀ ਕਮੇਟੀ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਜਗਾਏਗੀ ਚਾਰ ਲੱਖ ਦੀਵੇ
ਅੰਮ੍ਰਿਤਸਰ : ਹੁਣ ਸ਼੍ਰੋਮਣੀ ਕਮੇਟੀ ਵੱਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਦੀਵਾਲੀ ਮੌਕੇ ਦੀਵੇ ਜਗਾਉਣ ਲਈ ਸਰੋਵਰ ਵਿੱਚ ਲੋਹੇ ਦੀ ਸ਼ਟਰਿੰਗ ਕਰਕੇ ਦੀਵੇ ਜਗਾਏ ਜਾਣ ਲਈ ਜੰਗੀ ਪੱਧਰ ਲੈਂਟਰ ਵਾਲੀਆਂ ਪਲੇਟਾਂ ਲਾਈਆਂ ਜਾ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਪੱਛਮ ਦੱਖਣ ਵਾਲੇ ਪਾਸਿਉ ਬੰਦ ਕਰਕੇ ਕਰੀਬ 10 ਫੁੱਟ ਲੰਮੀ ਆਰਜ਼ੀ ਸ਼ਟਰਿੰਗ ਕੀਤੀ ਜਾ ਰਹੀ ਹੈ, ਜੋ ਨਾ ਤਾਂ ਮਰਿਆਦਾ ਅਨੁਸਾਰ ਠੀਕ ਹੈ ਤੇ ਨਾ ਹੀ ਗੁਰੂ ਸਾਹਿਬ ਦੇ ਸੰਕਲਪ ਅਨੁਸਾਰ ਹੈ। ਸਰੋਵਰ ਵਿਚ ਕਿਸੇ ਕਿਸਮ ਦੀ ਤਬਦੀਲੀ ਨਹੀ ਕੀਤੀ ਜਾ ਸਕਦੀ।
ਮੌਜੂਦਾ ਸ਼੍ਰੋਮਣੀ ਕਮੇਟੀ ਅਧਿਕਾਰੀ ਗੁਰੂ ਸਾਹਿਬ ਨਾਲੋ ਨਾ ਤਾਂ ਸਿਆਣੇ ਹਨ ਤੇ ਨਾ ਹੀ ਅਜਿਹਾ ਕੋਈ ਅਧਿਕਾਰ ਰੱਖਦੇ ਕਿ ਗੁਰੂ ਸੰਕਲਪ ਤੇ ਸੰਗਤਾਂ ਦੀਆ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਈ ਜਾ ਸਕੇ। ਸਰੋਵਰ ਦੀ ਲੰਬਾਈ ਚੋੜਾਈ ਕਿਸੇ ਵੀ ਸੂਰਤ ਵਿਚ ਘਟਾਈ ਵਧਾਈ ਨਹੀ ਜਾ ਸਕਦੀ ਹੈ। ਇਸ ਸਬੰਧੀ ਜਦੋ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਜਸਵਿੰਦਰ ਸਿੰਘ ਦੀਨਪੁਰ ਕਿਹਾ ਕਿ ਇਹ ਡਾ ਰੂਪ ਸਿੰਘ ਦੀ ਯੋਜਨਾ ਹੈ ਜਦ ਕਿ ਪਿਛਲੇ 400 ਸਾਲਾ ਤੋ ਅਜਿਹਾ ਕਰਨ ਦੀ ਕਦੇ ਵੀ ਲੋੜ ਮਹਿਸੂਸ ਨਹੀ ਕੀਤੀ ਗਈ।
ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕਾਮਰੇਡ ਰੂਪ ਸਿੰਘ ਦਾ ਵੱਸ ਚੱਲੇ ਤਾਂ ਉਹ ਤਾਂ ਮੱਥਾ ਟੇਕਣ ਵਾਲਿਆ 'ਤੇ ਵੀ ਬੀ ਐਸ ਟੀ (ਬਾਦਲ ਸਰਵਿਸ ਟੈਕਸ) ਲਗਾ ਦੇਵੇ। ਉਹਨਾਂ ਕਿਹਾ ਕਿ ਸਰੋਵਰ ਨੂੰ ਕਿਸੇ ਵੀ ਪ੍ਰਕਾਰ ਨਾਲ ਢੱਕਿਆ ਨਹੀ ਜਾ ਸਕਦਾ ਕਿਉਕਿ ਗੁਰੂ ਸਾਹਿਬ ਨੇ ਜਿਸ ਸਰੂਪ ਵਿਚ ਪੁਲ ਬਣਾਇਆ ਹੈ ਉਸ ਵਿਚ ਤਬਦੀਲੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀ ਹੈ। ਜਿਹੜਾ ਫੱਟੇ ਲਗਾ ਕੇ ਪੁੱਲ ਬਣਾਇਆ ਜਾ ਰਿਹਾ ਹੈ ਉਸ ਕਿਸੇ ਵੀ ਸੂਰਤ ਵਿਚ ਸੁਰੱਖਿਅਤ ਨਹੀ ਹੈ।
ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੁਆਰਾ ਉਸਾਰੇ ਗਏ ਸਰੋਵਰ ਵਿਚ ਤਬਦੀਲੀ ਕਰਨ ਵਾਲੇ ਇਹਨਾਂ ਮਸੰਦਾਂ ਦਾ ਡੱਟ ਕੇ ਵਿਰੋਧ ਕਰਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਬੈਠੇ ਮਸੰਦਾਂ ਕੋਲੋ ਕਿਸੇ ਵੀ ਭਲਾਈ ਦੀ ਆਸ ਨਹੀ ਕੀਤੀ ਜਾ ਸਕਦੀ ਤੇ ਇੱਕ ਪਾਸੇ ਵਾਤਾਵਰਣ ਸ਼ੁੱਧਤਾਂ ਦੀ ਗੱਲ ਕੀਤੀ ਜਾ ਰਹੀ ਹੈ
ਤੇ ਦੂਜੇ ਪਾਸੇ ਖੂਦ ਚਾਰ ਲੱਖ ਦੀਵੇ ਬਾਲ ਕੇ ਮਸੰਦ ਲੌਗੋਵਾਲ ਤੇ ਮਸੰਦ ਰੂਪ ਸਿੰਘ ਕੀ ਸਾਬਤ ਕਰਨਾ ਚਾਹੁੰਦੇ ਹਨ, ਇਸ ਬਾਰੇ ਅਪਣੀ ਸਥਿਤੀ ਸਪੱਸ਼ਟ ਕਰਨ। ਉਹਨਾਂ ਕਿਹਾ ਕਿ ਜਿਹੜਾ ਵੀ ਕਾਰ ਸੇਵਾ ਵਾਲਾ ਬਾਬਾ ਅਜਿਹਾ ਕਾਰਜ ਕਰ ਰਿਹਾ ਹੈ ਉਸ ਨੂੰ ਚਾਹੀਦਾ ਹੈ ਕਿ ਉਸ ਸੰਗਤਾਂ ਦੇ ਗੁੱਸੇ ਦਾ ਸ਼ਿਕਾਰ ਨਾ ਬਣੇ। ਉਹਨਾਂ ਕਿਹਾ ਕਿ ਉਹ ਮਾਮਲਾ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਧਿਆਨ ਵਿਚ ਲਿਆਉਣਗੇ।