
ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਮਿਲ ਕੇ ਲੜਨ ਦਾ ਕੀਤਾ ਐਲਾਨ
ਕਰਨਾਲ, ਸਿਰਸਾ, 19 ਅਕਤੂਬਰ (ਪਲਵਿੰਦਰ ਸਿੰਘ ਸੱਗੂ, ਸੁਰਿੰਦਰ ਪਾਲ ਸਿੰਘ) : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰਖਦੇ ਹੋਏ ਦੀਦਾਰ ਸਿੰਘ ਨਲਵੀ ਗੁਟ ਅਤੇ ਜਗਦੀਸ਼ ਸਿੰਘ ਝੀਂਡਾ ਗੁਟ ਵਲੋਂ ਸਾਂਝੀ ਮੀਟਿੰਗ ਅਵਤਾਰ ਸਿੰਘ ਚੱਕੂ ਅਤੇ ਕਰਨੈਲ ਸਿੰਘ ਨਿਮਣਾਬਾਦ ਦੀ ਪ੍ਰਧਾਨਗੀ ਵਿਚ ਕੈਥਲ ਦੇ ਗੁਰਦੁਆਰਾ ਨਿਮ ਸਾਹਿਬ ਵਿਖੇ ਸਾਂਝੇ ਤੌਰ ’ਤੇ ਕੀਤੀ ਗਈ।
ਮੀਟਿੰਗ ਵਿਚ ਦੋਹਾਂ ਗੁੱਟਾਂ ਵਲੋਂ ਆਉਣ ਵਾਲੀਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਸਾਂਝੇ ਤੌਰ ’ਤੇ ਮਿਲ ਕੇ ਲੜਨ ਦਾ ਐਲਾਨ ਕੀਤਾ ਗਿਆ । ਇਸ ਮੌਕੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਹਰਿਆਣਾ ਦੇ ਸਿੱਖਾਂ ਦੀ ਹੱਕ ਵਿਚ ਵਖਰੀ ਕਮੇਟੀ ਲਈ ਸੰਘਰਸ਼ ਕੀਤਾ ਉਹ ਸਾਰੇ ਸੰਘਰਸ਼ਸ਼ੀਲ ਨੇਤਾ ਇਕਜੁਟ ਹੋ ਗਏ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਅਤੇ ਆਉਣ ਵਾਲੀ 27 ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿਚ ਚੋਣਾਂ ਲੜਨ ਲਈ ਰਣਨੀਤੀ ਅਤੇ ਰੂਪਰੇਖਾ ਤਿਆਰ ਕੀਤੀ ।
ਇਸ ਮੌਕੇ ਸੂਬੇ ਦੇ ਕੋਣੇ ਕੋਣੇ ਤੋਂ ਆਏ ਸਿੱਖ ਨੁਮਾਇੰਦਿਆਂ ਨੇ ਇਸ ਬੈਠਕ ਵਿਚ ਅਪਣੇ ਅਪਣੇ ਵਿਚਾਰ ਰੱਖੇ ਹਨ ਜਿਸ ਤੋਂ ਬਾਅਦ ਦੋਨੋਂ ਗੁੱਟ ਇਕਜੁਟ ਹੋਏ ਹਨ ਅਤੇ ਦੋਵੇਂ ਗੁਟ ਨਵਾਂ ਸੰਗਠਨ ਬਣਾ ਕੇ ਹਰਿਆਣਾ ਕਮੇਟੀ ਦੀਆਂ ਚੋਣਾਂ ਲੜਨ ਲਈ ਰੂਪਰੇਖਾ ਤਿਆਰ ਕੀਤੀ। ਇਸ ਨਵੇਂ ਸੰਗਠਨ ਦੇ ਨਿਯਮ ਅਤੇ ਸ਼ਰਤਾਂ ਤਿਆਰ ਹੋ ਗਈਆਂ ਹਨ ਅਤੇ ਜਲਦ ਹੀ ਨਵੇਂ ਸੰਗਠਨ ਨੂੰ ਰਜਿਸਟਰ ਕਰਵਾਇਆ ਜਾਵੇਗਾ ਅਤੇ ਆਉਣ ਵਾਲੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਇਸ ਸੰਗਠਨ ਦੇ ਬੈਨਰ ਹੇਠ ਮਿਲ ਕੇ ਸਾਂਝੇ ਤੌਰ ’ਤੇ ਲੜੀਆਂ ਜਾਣਗੀਆਂ।
ਇਸ ਕਮੇਟੀ ਵਿਚ ਮੁੱਖ ਤੌਰ ’ਤੇ ਅਵਤਾਰ ਸਿੰਘ ਚੱਕੂ, ਕਰਨੈਲ ਸਿੰਘ ਨਿਮਨਾਬਾਦ, ਮੋਹਨਜੀਤ ਸਿੰਘ ਪਾਣੀਪਤ, ਜਸਬੀਰ ਸਿੰਘ, ਭਾਟੀ ਨਿਰਵੈਰ ਸਿੰਘ, ਜੋਗਾ ਸਿੰਘ ,ਜਗਦੇਵ ਸਿੰਘ ਮਟਦਾਦੂ ਡੱਬੋਵਾਲੀ, ਹਰਪ੍ਰੀਤ ਸਿੰਘ ਨਰੂਲਾ ਕਰਨਾਲ, ਮਨਜੀਤ ਸਿੰਘ ਡਾਚਰ ਮੌਜੂਦ ਸਨ।