
ਭਾਵੇਂ ਦਿੱਲੀ ਵਿਚ ਬਾਦਲ ਦਲ ਦੇ ਕੁੱਝ ਮੈਂਬਰਾਂ ਵਲੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ.ਦਰਸ਼ਨ ਸਿੰਘ ਦੇ ਐਤਵਾਰ ਨੂੰ ਹੋਏ ਕੀਰਤਨ ਸਮਾਗਮ ਦਾ ਵਿਰੋਧ ਕੀਤਾ ਗਿਆ.......
ਨਵੀਂ ਦਿੱਲੀ : ਭਾਵੇਂ ਦਿੱਲੀ ਵਿਚ ਬਾਦਲ ਦਲ ਦੇ ਕੁੱਝ ਮੈਂਬਰਾਂ ਵਲੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ.ਦਰਸ਼ਨ ਸਿੰਘ ਦੇ ਐਤਵਾਰ ਨੂੰ ਹੋਏ ਕੀਰਤਨ ਸਮਾਗਮ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਤਕ ਵੀ ਪਹੁੰਚ ਕੀਤੀ ਗਈ, ਬਾਵਜੂਦ ਇਸ ਦੇ ਸੰਗਤ ਨੇ ਪ੍ਰੋ.ਦਰਸ਼ਨ ਸਿੰਘ ਦਾ ਕੀਰਤਨ ਸਰਵਣ ਕੀਤਾ। ਪ੍ਰਾਪਤ ਵੇਰਵਿਆਂ ਮੁਤਾਬਕ ਉਤਰੀ ਦਿੱਲੀ ਵਿਚ ਪੈਂਦੇ ਇਤਿਹਾਸਕ ਗੁਰਦਵਾਰਾ ਨਾਨਕ ਪਿਆਉ ਸਾਹਿਬ ਕੋਲ ਬਿਜਲੀ ਅਪਾਰਟਮੈਂਟ, ਗੁਜਰਾਂਵਾਲਾ ਟਾਊਨ ਵਿਚ ਸ.ਸੁਰਜੀਤ ਸਿੰਘ ਸਭਰਵਾਲ ਵਲੋਂ ਅਪਣੇ ਘਰ ਦੇ ਬਾਹਰ ਸਵੇਰੇ 7 ਵਜੇ ਪ੍ਰੋ.ਦਰਸ਼ਨ ਸਿੰਘ ਦਾ ਕੀਰਤਨ ਦਾ ਸਮਾਗਮ ਮਿਥਿਆ ਗਿਆ ਸੀ
ਜਿਸ ਬਾਰੇ ਸੋਸ਼ਲ ਮੀਡੀਆ ਰਾਹੀਂ ਕਈ ਦਿਨ ਪਹਿਲਾਂ ਹੀ ਸੰਗਤ ਨੂੰ ਜਾਣਕਾਰੀ ਦਿਤੀ ਗਈ ਸੀ। ਕੀਰਤਨ ਸਮਾਗਮ ਨੂੰ ਲੈ ਕੇ, ਕੁੱਝ ਦਿਨ ਪਹਿਲਾਂ ਤੋਂ ਹੀ ਪੁਲਿਸ ਖ਼ੁਫ਼ੀਆ ਵਿੰਗ ਵੀ ਸੁਚੇਤ ਹੋ ਗਿਆ ਸੀ। ਸੂਤਰਾਂ ਤੋਂ 'ਸਪੋਕਸਮੈਨ' ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪ੍ਰੋ.ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਰੁਕਵਾਉਣ ਲਈ ਉਤਰੀ ਦਿੱਲੀ ਦੇ ਡੀਸੀਪੀ ਨੂੰ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਚਿੱਠੀ ਵੀ ਭੇਜੀ ਗਈ ਸੀ। ਬਾਦਲ ਦਲ ਵਲੋਂ ਪਹਿਲਾਂ ਹੀ ਕੀਰਤਨ ਰੁਕਵਾਉਣ ਲਈ ਸਬੰਧਤ ਪਰਵਾਰ 'ਤੇ ਦਬਾਅ ਬਣਾਇਆ ਗਿਆ ਸੀ, ਪਰ ਪਰਵਾਰ ਵੀ ਦਿੜ੍ਹ ਰਿਹਾ।
'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸ.ਸੁਰਜੀਤ ਸਿੰਘ ਸਭਰਵਾਲ ਦੇ ਪੁੱਤਰ ਸ.ਤੇਜਿੰਦਰਪਾਲ ਸਿੰਘ ਨੇ ਦਸਿਆ ਕਿ ਐਤਵਾਰ ਨੂੰ ਬਾਦਲ ਦਲ ਦੇ ਮੈਂਬਰਾਂ ਨੇ ਕੀਰਤਨ ਦੀ ਥਾਂ 'ਤੇ ਅਪਣੇ ਬੰਦਿਆਂ ਨਾਲ ਪੁੱਜ ਕੇ, ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੰਤ ਅਸੀਂ ਮਾਹੌਲ ਖ਼ਰਾਬ ਹੋਣ ਤੋਂ ਰੋਕਣ ਲਈ ਅਪਣੇ ਘਰ ਦੇ ਅੰਦਰ ਪ੍ਰੋ.ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਕਰਵਾਇਆ।
ਮੌਕੇ 'ਤੇ ਸਮਾਗਮ ਰੁਕਵਾਉਣ ਲਈ ਪੁੱਜੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸ.ਵਿਕਰਮ ਸਿੰਘ ਰੋਹਿਣੀ ਨੇ 'ਸਪੋਕਸਮੈਨ' ਨੂੰ ਦਸਿਆ,“ਸਾਡਾ ਮੁਢਲਾ ਇਤਰਾਜ਼ ਹੀ ਇਹ ਹੈ ਕਿ ਅਕਾਲ ਤਖ਼ਤ ਤੋਂ ਛੇਕੇ ਜਾਣ ਪਿਛੋਂ ਪ੍ਰੋ.ਦਰਸ਼ਨ ਸਿੰਘ ਸਿੱਖਾਂ ਵਿਚ ਖ਼ਾਨਾਜੰਗੀ ਦਾ ਮਾਹੌਲ ਪੈਦਾ ਕਰ ਰਹੇ ਹਨ। ਸੰਗਤੀ ਤੌਰ 'ਤੇ ਉਨ੍ਹਾਂ ਨੂੰ ਕੋਈ ਸਮਾਗਮ ਕਰਨ ਦਾ ਹੱਕ ਨਹੀਂ, ਜਦੋਂ ਤਕ ਉਹ ਅਕਾਲ ਤਖ਼ਤ ਤੋਂ ਭੁਲ ਨਹੀਂ ਬਖ਼ਸ਼ਵਾਉਂਦੇ। ਅਪਣੇ ਘਰ ਜੇ ਕੋਈ ਸਮਾਗਮ ਕਰਵਾਉਂਦਾ ਹੈ ਤਾਂ ਕਰਵਾਉਂਦਾ ਰਹੇ।'' ਸ.ਵਿਕਰਮ ਸਿੰਘ ਨੇ ਨਾਲ ਜਸਬੀਰ ਸਿੰਘ ਜੱਸੀ, ਰਵਿੰਦਰ ਸਿੰਘ ਖੁਰਾਣਾ, ਹਰਵਿੰਦਰ ਸਿੰਘ ਕੇਪੀ ਤੇ ਹੋਰ ਬਾਦਲ ਦਲ ਨਾਲ ਸਬੰਧਤ ਵਿਅਕਤੀ ਪੁੱਜੇ ਸਨ।