
ਕਰਤਾਰਪੁਰ ਸਾਹਿਬ ਨੂੰ ਇਮਾਰਤਾਂ ਦਾ ਜੰਗਲ ਨਾ ਬਣਨ ਦੇਣ ਦੀ ਕੀਤੀ ਮੰਗ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ, ਅਮਨਪ੍ਰੀਤ) : ਚੜਦੇ ਪੰਜਾਬ ਦੇ ਕੈਬਿਨਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਅਪਣੇ ਪੁਰਾਣੇ ਮਿਤਰ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਸਾਹਿਬ ਗੁਰਦਵਾਰੇ ਦੇ ਆਲੇ ਦੁਆਲੇ ਨੂੰ ਇਮਾਰਤੀ ਜੰਗਲ ਨਾ ਬਣਨ ਦੇਣ ਦੀ ਮੰਗ ਕੀਤੀ ਹੈ। ਸਿਧੂ ਨੇ ਇਸੇ ਹਫ਼ਤੇ 'ਸਪੋਕਸਮੈਨ ਟੀਵੀ' ਨਾਲ ਗੱਲਬਾਤ ਦੌਰਾਨ ਇਸ ਦਾ ਖੁਲਾਸਾ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਗੁਰਦਵਾਰਾ ਸਾਹਿਬ ਦੇ ਚੌਗਿਰਦੇ ਨੂੰ ਵਪਾਰਕ ਥਾਂ ਵਜੋਂ ਵਰਤ ਕੇ ਇਤਿਹਾਸ ਨਾਲ ਛੇੜਛਾੜ ਨਾ ਕਰਨ ਦੀ ਅਪੀਲ ਕਰਦਿਆਂ ਇਹ ਚਿਠੀ ਲਿਖੀ ਹੈ।
Prime Minister Of India Narendra Modi
ਸਿੱਧੂ ਨੇ ਕਿਹਾ ਕਿ ਬਾਬੇ ਨਾਨਕ ਨਾਲ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਦੀ ਸ਼ਰਧਾ ਅਤੇ ਭਾਵਨਾ ਜੁੜੀ ਹੋਈ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੇਖਿਦਆਂ ਕਰਤਾਰਪੁਰ ਗੁਰਦਵਾਰਾ ਸਾਹਿਬ ਦੇ ਆਲੇ ਦੁਆਲੇ ਦੀ ਜਗ੍ਹਾ ਨੂੰ ਪੁਰਾਤਨ ਦਿੱਖ ਵਿਚ ਹੀ ਰਖਿਆ ਜਾਵੇ। ਅਪਣੀ ਚਿੱਠੀ ਵਿਚ ਸਿੱਧੂ ਨੇ ਕਰਤਾਰਪੁਰ ਸਾਹਿਬ ਕੰਪਲੈਕਸ ਦੇ 104 ਏਕੜ ਦੇ ਘੇਰੇ ਅੰਦਰ ਕਿਸੇ ਵੀ ਕਿਸਮ ਦੀ ਉਸਾਰੀ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਮੀਨ 'ਤੇ ਫ਼ਸਲਾਂ ਬੀਜੀਆਂ ਜਾਣ ਜੋ ਗੁਰਦਵਾਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਲੰਗਰ ਲਈ ਵਰਤੀਆਂ ਜਾ ਸਕਦੀਆਂ ਹਨ।
Kartarpur Sahib
ਗੁਰੂ ਨਾਨਕ ਦੇਵ ਜੀ ਦੇ ਖੂਹ ਬਾਰੇ ਵੀ ਗੱਲ ਕੀਤੀ ਗਈ ਹੈ। ਇਸ ਨਾਲ ਹੀ ਸਿੱਧੂ ਨੇ ਬੀਮਾਰ, ਬਜ਼ੁਰਗ, ਬੱਚਿਆਂ ਅਤੇ ਸਰੀਰਕ ਤੌਰ 'ਤੇ ਅਪਾਹਜ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਇਸ ਨਾਲ ਹੀ ਕਿਹਾ ਹੈ ਕਿ ਸ਼ਰਧਾਲੂਆਂ ਨੂੰ ਦਿਤੀਆਂ ਜਾਣ ਵਾਲੀਆਂ ਨਵੀਆਂ ਸਹੂਲਤਾਂ ਨਾਲ ਗੁਰਦਵਾਰਾ ਸਾਹਿਬ ਦੇ ਵਾਤਾਵਰਨ ਅਤੇ ਆਲੇ-ਦੁਆਲੇ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਇਸ ਤੋਂ ਇਲਾਵਾ ਸਿੱਧੂ ਨੇ ਇਮਰਾਨ ਖ਼ਾਨ ਕੋਲ ਕਰਤਾਰਪੁਰ ਸਾਹਿਬ ਕੰਪਲੈਕਸ ਅੰਦਰ ਕੂੜੇ ਖਾਸ ਕਰਕੇ ਪਲਾਸਟਿਕ ਦੇ ਨਿਪਟਾਰੇ ਅਤੇ ਡੱਬਾਬੰਦ ਖਾਣੇ ਦੇ ਪੁਖ਼ਤਾ ਪ੍ਰਬੰਧਾਂ ਬਾਰੇ ਵੀ ਮੰਗ ਰੱਖੀ ਹੈ।
Prime Minister Of Pakistan Imran Khan
ਉਨ੍ਹਾਂ ਕਿਹਾ ਹੈ ਕਿ ਗੁਰਦਵਾਰਾ ਸਾਹਿਬ ਦੇ ਆਸ-ਪਾਸ ਲੋਕਲ ਬਾਜ਼ਾਰ ਲਾਏ ਜਾਣ। ਕਿਸੇ ਕਿਸਮ ਦਾ ਸ਼ਾਪਿੰਗ ਮਾਲ ਜਾਂ ਹੋਰ ਉਸਾਰੀ ਨਾ ਕੀਤੀ ਜਾਏ। ਇਨ੍ਹਾਂ ਵਿਚ ਫ਼ਾਸਟ ਫੂਡ ਤੇ ਪਲਾਸਟਿਕ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਸਿਧੂ ਨੇ ਇਮਰਾਨ ਖਾਨ ਵਲੋਂ ਉਨ੍ਹਾਂ ਦੀ ਅਪੀਲ ਉਤੇ ਪੂਰਾ ਗੌਰ ਕੀਤੇ ਜਾਣ ਦੀ ਉਮੀਦ ਜ਼ਾਹਰ ਕੀਤੀ ਹੈ।