
ਜੇਕਰ ਮਾਨ ਸਰੋਵਰ ਦੀ ਯਾਤਰਾ ਲਈ ਚੀਨ ਸਰਕਾਰ ਇਜਾਜ਼ਤ ਦੇ ਸਕਦੀ ਹੈ ਤਾਂ ਸਿੱਖਾਂ ਨੂੰ ਪਾਕਿ ਸਰਕਾਰ ਇਜਾਜ਼ਤ ਕਿਉਂ ਨਹੀਂ ਦਿੰਦੀ? : ਸਰਨਾ
ਤਰਨਤਾਰਨ : ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਚਲ ਰਹੀ ਬਿਆਨਬਾਜ਼ੀ ਤੋਂ ਬਾਅਦ ਇਕ ਸਵਾਲ ਪੈਦਾ ਹੋਇਆ ਹੈ ਜੇਕਰ ਚੀਨ ਦੇ ਮਾਨ ਸਰੋਵਰ ਦੀ ਯਾਤਰਾ ਲਈ ਚੀਨ ਸਰਕਾਰ ਇਜਾਜ਼ਤ ਦੇ ਸਕਦੀ ਹੈ ਤਾਂ ਸਿੱਖਾਂ ਨੂੰ ਪਾਕਿਸਤਾਨ ਸਰਕਾਰ ਦੀ ਇਜਾਜ਼ਤ ਕਿਉਂ ਨਹੀਂ ਮਿਲ ਰਹੀ।
ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਸਿੱਖ ਕਾਫ਼ੀ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪਾਕਿ ਦੇ ਤੱਤਕਾਲੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨਾਲ ਇਸ ਬਾਰੇ ਗੱਲ ਕਰ ਕੇ ਉਨ੍ਹਾਂ ਨੂੰ ਪੇਸ਼ ਕੀਤੀ ਸੀ
ਕਿ ਜੇਕਰ ਪਾਕਿਸਤਾਨ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਦਿੱਲੀ ਕਮੇਟੀ ਵਲੋਂ ਇਕ ਵਿਸ਼ੇਸ਼ ਪੁਲ ਤਿਆਰ ਕਰਵਾ ਦੇਣਗੇ ਜਿਸ ਰਾਹੀਂ ਭਾਰਤ ਤੋਂ ਯਾਤਰੀ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਭਾਰਤ ਆ ਸਕਣਗੇ। ਇਸ ਦਾ ਕੋਈ ਸਾਰਥਕ ਉਤਰ ਨਹੀਂ ਸੀ ਮਿਲਿਆ। ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਮਹਿਸੂਸ ਹੋ ਰਿਹਾ ਹੈ ਕਿ ਕੋਈ ਵੀ ਧਿਰ ਸੁਹਿਰਦ ਨਹੀਂ ਹੈ।
ਚਾਹੀਦਾ ਤਾਂ ਇਹ ਹੈ ਕਿ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਸੰਜੀਦਾ ਕਦਮ ਚੁੱਕੇ ਜਾਣ ਪਰ ਲੱਗ ਰਿਹਾ ਹੈ ਕਿ ਦੋਵੇਂ ਪਾਸੇ ਸਿਰਫ਼ ਬਿਆਨਬਾਜ਼ੀ ਤਕ ਹੀ ਸੀਮਤ ਹਨ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਰਾਹੀਂ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਵਾਉਣ।