
Sikh News: ਬਰਤਾਨੀਆ ਵਿਚ 40 ਸਾਲ ਬਾਅਦ ਸਿੱਖਾਂ ਦੇ ਇਨਸਾਫ਼ ਦੀ ਮੁੜ ਉੱਠੀ ਮੰਗ
Council of Derby passed a resolution condemning June 1984 Ghallughara and November 1984 Sikh Genocide.: ਇੰਗਲੈਂਡ ਦੇ ਸ਼ਹਿਰ ਡਰਬੀ ਦੇ ਪੰਜਾਬੀ ਮੂਲ ਦੇ ਕੌਂਸਲਰਾਂ ਦੀ ਪਹਿਲ ਕਦਮੀ ਨਾਲ ਸਥਾਨਕ ਕੌਂਸਲ ਵਿਚ ਘੱਲੂਘਾਰਾ ਜੂਨ 1984 ਤੇ ਨਵੰਬਰ 1984 ਦੇ ਖੂਨੀ ਵਰਤਾਰੇ ਬਾਰੇ ਨਿਖੇਧੀ ਮਤਾ ਪਾਸ ਕੀਤਾ ਗਿਆ ਹੈ। ਘੱਲੂਘਾਰਾ ਜੂਨ 1984 ਵਿਚ ਯੂ.ਕੇ. ਸਰਕਾਰ ਦੀ ਭਾਈਵਾਲੀ ਬਾਰੇ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ।
ਕੌਂਸਲਰ ਅਜੀਤ ਸਿੰਘ ਅਟਵਾਲ ਨੇ ਮਤਾ ਲਿਆਂਦਾ। ਜਿਸ ਦੀ ਕੌਂਸਲਰ ਲੌਂਡੇਸ ਨੇ ਹਮਾਇਤ ਕੀਤੀ, ਜਿਸ ਤੋਂ ਬਾਅਦ ਕੌਂਸਲਰ ਬਲਬੀਰ ਸਿੰਘ ਸੰਧੂ, ਕੌਂਸਲਰ ਹਰਦਿਆਲ ਸਿੰਘ ਢੀਂਡਸਾ, ਕੌਂਸਲਰ ਗੁਰਕਿਰਨ ਕੌਰ ਆਦਿ ਸਮੇਤ ਵੱਖ-ਵੱਖ ਪਾਰਟੀਆਂ ਦੇ ਬੁਲਾਰਿਆਂ ਨੇ ਮਤੇ ਦੀ ਹਮਾਇਤ ਕੀਤੀ । ਮਤੇ 'ਤੇ ਬਹਿਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਹਮਲਾ ਕਰਕੇ ਬੇਦੋਸ਼ੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।
ਨਵੰਬਰ 1984 ਵਿਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ 1 ਨਵੰਬਰ ਤੋਂ 4 ਨਵੰਬਰ 1984 ਤੱਕ 3000 ਹਜ਼ਾਰ ਤੋਂ ਵੱਧ ਸਿੱਖਾਂ ਦੀ ਹੱਤਿਆ ਕਰਕੇ ਨਸਲਕੁਸ਼ੀ ਕੀਤੀ ਗਈ । ਧਾਰਮਿਕ ਸਥਾਨ 'ਤੇ ਘਰ ਬਾਰ ਲੁੱਟੇ ਗਏ, ਬੀਬੀਆਂ ਦੀ ਬੇਪਤੀ ਕੀਤੀ ਗਈ। ਜਿਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ।
ਜਿਸ ਦਾ ਅੱਜ ਤੱਕ ਇਨਸਾਫ ਨਹੀਂ ਹੋਇਆ। ਇਹ ਵੀ ਕਿਹਾ ਕਿ ਜਿਸ ਕਰਕੇ ਬਰਤਾਨੀਆ 'ਤੇ ਖਾਸ ਤੌਰ 'ਤੇ ਡਰਬੀ ਰਹਿੰਦਾ ਪੰਜਾਬੀ ਤੇ ਸਿੱਖ ਭਾਈਚਾਰਾ ਦੁੱਖੀ ਹੈ । ਇਸ ਮਤੇ ਦੇ ਹੱਕ ਵਿਚ 91 ਫੀਸਦੀ ਵੋਟਾਂ ਪਈਆਂ। ਇਸ ਦੇ ਨਾਲ ਹੀ ਉਸ ਸਮੇਂ ਬਰਤਾਨੀਆਂ ਸਰਕਾਰ ਦੀ ਭੂਮਿਕਾ 'ਤੇ ਉੱਠ ਰਹੇ ਸਵਾਲਾਂ 'ਤੇ ਜਨਤਕ ਹੋਏ ਦਸਤਾਵੇਜ਼ਾਂ ਕਾਰਨ ਪੈਦਾ ਹੋਏ ਸਵਾਲਾਂ ਦੇ ਜਵਾਬ ਲਈ, ਸਰਕਾਰ ਤੋਂ ਜਨਤਕ ਜਾਂਚ ਜੀ ਮੰਗ ਕੀਤੀ ਗਈ।
ਵਰਲਡ ਸਿੱਖ ਪਾਰਲੀਮੈਂਟ ਨੇ ਵਲੋਂ ਡਰਬੀ ਸਿਟੀ ਕੌਂਸਲ ਦੀ ਸ਼ਲਾਘਾ
ਵਰਲਡ ਸਿੱਖ ਪਾਰਲੀਮੈਂਟ ਨੇ ਅਕਤੂਬਰ ਅਤੇ ਨਵੰਬਰ 1984 ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਸਿੱਖ ਕੌਮ ਦੀ ਨਸਲਕੁਸ਼ੀ ਵਜੋਂ ਸਵੀਕਾਰ ਕਰਨ ਲਈ ਲਈ ਡਰਬੀ ਸਿਟੀ ਕੌਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਡਰਬੀ ਸਿਟੀ ਕੌਂਸਲ ਵੱਲੋਂ ਚੁੱਕਿਆ ਗਿਆ ਇਹ ਬਹਾਦਰੀ ਅਤੇ ਹਮਦਰਦੀ ਭਰਿਆ ਮਹੱਤਵਪੂਰਨ ਕਦਮ ਭਾਰਤ ਵਿਚ ਅਕਤੂਬਰ ਅਤੇ ਨਵੰਬਰ 1984 ਦੌਰਾਨ ਸਿੱਖਾਂ ਉੱਤੇ ਹੋਏ ਅੱਤਿਆਚਾਰਾਂ ਦਾ ਇਕ ਯਾਦਗਾਰੀ ਪ੍ਰਮਾਣ ਹੈ। ਇਹ ਮਾਨਤਾ ਸਿੱਖਾਂ ਦੀ ਨਿਆਂ ਪ੍ਰਾਪਤੀ ਦੀ ਮੁਹਿੰਮ ਵਿਚ ਅਤੇ ਭਾਰਤ ਸਰਕਾਰ ਨੂੰ ਇਸ ਨਸਲਕੁਸ਼ੀ ਦਾ ਦੋਸ਼ੀ ਗਰਦਾਨਣ ਅਤੇ ਇਸ ਨਸਲਕੁਸ਼ੀ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।