
ਮਨਜੀਤ ਸਿੰਘ ਜੀ ਕੇ ਨੇ ਅਮਰੀਕਾ ਦੇ ਨਵੇਂ ਪੁਲਿਸ ਅਫ਼ਸਰਾਂ ਨੂੰ ਅਰਬ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਪਛਾਣ ਦੇ ਫ਼ਰਕ ਸਮਝਾਏ
ਨਵੀਂ ਦਿੱਲੀ, 20 ਅਕਤੂਬਰ (ਅਮਨਦੀਪ ਸਿੰਘ): ਅਮਰੀਕਾ ਦੇ ਨਿਊਯਾਰਕ ਵਿਖੇ ਪੁਲਿਸ ਵਿਚ ਨਵੇਂ ਭਰਤੀ ਹੋਏ ਅਫ਼ਸਰਾਂ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ’ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖ ਧਰਮ ਦੀ ਵਿਲੱਖਣ ਪਛਾਣ, ਸਿੱਖ ਦੀ ਦਸਤਾਰ, ਸਿੱਖ ਸਿਧਾਂਤਾਂ, ਗੁਰੂ ਸਾਹਿਬਾਨ, ਪੰਗਤ-ਸੰਗਤ ਅਤੇ ਅਰਬ ਦੇਸ਼ਾਂ ਦੇ ਮੁਸਲਮਾਨਾਂ ਤੇ ਸਿੱਖਾਂ ਵਿਚਕਾਰ ਪਛਾਣ ਦੇ ਮੁਢਲੇ ਫ਼ਰਕ ਸਮਝਾਇਆ।
ਅਮਰੀਕਾ ਦੌਰੇ ’ਤੇ ਗਏ ਹੋਏ ਜੀ ਕੇ ਨੇ ਨਿਊਯਾਰਕ ਦੀ ਨਸਾਓ ਕਾਉਂਟੀ ਪੁਲਿਸ ਅਕੈਡਮੀ ਵਿਖੇ ਪੁਲਿਸ ਅਫ਼ਸਰਾਂ ਨੂੰ ਸਭਿਆਚਾਰਕ ਵੰਨ ਸੁਵੰਨਤਾ ਅਧੀਨ ਲੈਕਚਰ ਦੇ ਕੇ, ਅਮਰੀਕਾ ਵਿਖੇ ਹੀ ਗ਼ਲਤ ਪਛਾਣ ਦਾ ਸ਼ਿਕਾਰ ਬਣਾ ਕੇ, ਸਿੱਖਾਂ ’ਤੇ ਹੋਏ ਨਸਲੀ ਹਮਲਿਆਂ, ਸਿੱਖਾਂ ਤੇ ਅਰਬ ਸ਼ਹਿਰੀਆਂ ਵਿਚਕਾਰ ਪਛਾਣ ਨੂੰ ਨਿਖੇੜ ਕੇ ਦਸਿਆ।
ਉਨ੍ਹਾਂ ਇਕ ਅਫ਼ਸਰ ਨੂੰ ਖ਼ੁਦ ਦਸਤਾਰ ਵੀ ਸਜਾਈ। ਇਥੇ ‘ਜਾਗੋ’ ਪਾਰਟੀ ਵਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਸਾਬਕਾ ਦਿੱਲੀ ਕਮੇਟੀ ਪ੍ਰਧਾਨ ਨੇ ਨਵੇਂ ਪੁਲਿਸ ਅਫ਼ਸਰਾਂ ਨੂੰ ਪਹਿਲੀ ਤੇ ਦੂਜੀ ਸੰਸਾਰ ਜੰਗ, ਸਾਰਾਗੜ੍ਹੀ ਵਿਚ 21 ਸਿੱਖ ਫ਼ੌਜ਼ੀਆਂ ਦੀ ਸੂਰਮਤਾਈ ਅਤੇ ਕਰੋਨਾ ਦੌਰਾਨ ਸਿੱਖਾਂ ਦੀ ਲਾਸਾਨੀ ਸੇਵਾ ਨੂੰ ਖੁਲ੍ਹ ਦਸਿਆ। ਉਨ੍ਹਾਂ ਨਾਲ ਉਥੇ ਦੇ ਉੱਘੇ ਸਿੱਖ ਅਹੁਦੇਦਾਰ ਮਹਿੰਦਰ ਸਿੰਘ ਤਨੇਜਾ ਨੇ ਵੀ ਸਿੱਖੀ ਦੀ ਮਹਾਨਤਾ ਬਾਰੇ ਦਸਿਆ।