
ਉੱਤਰ-ਪੱਛਮੀ ਜ਼ਿਲ੍ਹੇ ਦੇ ਡੀਐੱਮ ਚੇਸਤਾ ਯਾਦਵ ਨੇ ਕਿਹਾ ਕਿ ਉਹ ਇਹਨਾਂ ਹੁਕਮਾਂ ਨੂੰ ਤੁਰੰਤ ਰੱਦ ਕਰਦੇ ਹਨ।
ਨਵੀਂ ਦਿੱਲੀ: ਐਸਡੀਐਮ ਰੋਹਿਣੀ ਵੱਲੋਂ ਗੁਰਦੁਆਰਾ ਸਾਹਿਬ ਸੈਕਟਰ 21 ਰੋਹਿਣੀ ਸਬੰਧੀ ਜਾਰੀ ਕੀਤੇ ਗਏ ਤੁਗਲਕੀ ਫ਼ਰਮਾਨ ਨੂੰ ਦਿੱਲੀ ਸਰਕਾਰ ਦੇ ਹੁਕਮ 'ਤੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਇਹ ਮਸਲਾ ਧਿਆਨ ਵਿਚ ਆਇਆ ਤਾਂ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਾਲ ਮੰਤਰੀ ਕੈਲਾਸ਼ ਗਹਿਲੋਤ ਦੇ ਧਿਆਨ ਵਿਚ ਲਿਆਂਦਾ ਗਿਆ।
ਇਸ ਦੇ ਚਲਦਿਆਂ ਉੱਤਰ-ਪੱਛਮੀ ਜ਼ਿਲ੍ਹੇ ਦੇ ਡੀਐੱਮ ਚੇਸਤਾ ਯਾਦਵ ਨੇ ਕਿਹਾ ਕਿ ਉਹ ਇਹਨਾਂ ਹੁਕਮਾਂ ਨੂੰ ਤੁਰੰਤ ਰੱਦ ਕਰਦੇ ਹਨ। ਜਰਨੈਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜਿਹੜੇ ਗੁਰਦੁਆਰਿਆਂ ਨੇ ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ 24 ਘੰਟੇ ਲੰਗਰ ਚਲਾਏ, ਉਹਨਾਂ ਲਈ ਅਜਿਹੇ ਨੋਟਿਸ ਜਾਰੀ ਨਹੀਂ ਹੋਣੇ ਚਾਹੀਦੇ। ਇਹ ਹੁਕਮ ਜਾਰੀ ਕਰਨ ਵਾਲੇ ਐੱਸਡੀਐੱਮ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।
ਦੱਸ ਦਈਏ ਕਿ ਐਸਡੀਐਮ ਰੋਹਿਣੀ ਸ਼ਹਿਜ਼ਾਦ ਆਲਮ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-21 ਰੋਹਿਣੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲ੍ਹਣ ਦਾ ਸਮਾਂ ਅਤੇ ਗੁਰੂ ਘਰ ਦੇ ਸਪੀਕਰ ਸਬੰਧੀ ਇਕ ਆਦੇਸ਼ ਜਾਰੀ ਕੀਤਾ ਸੀ। ਇਸ ਦੇ ਤਹਿਤ ਐਸਡੀਐਮ ਨੇ ਗੁਰਦੁਆਰਾ ਸਾਹਿਬ ਵਿਚ ਇਕ ਸੀਮਤ ਸਮੇਂ ਵਿਚ 10 ਤੋਂ ਵੱਧ ਵਿਅਕਤੀਆਂ ਨੂੰ ਇਕੱਠਾ ਨਾ ਕਰਨ ਦੇ ਗੁਰਦੁਆਰੇ ਵਿਚ ਸ਼ਾਮ 7.15 ਤੋਂ 8.15 ਵਜੇ ਤੱਕ ਹੀ ਧਾਰਮਿਕ ਗਤੀਵਿਧੀਆਂ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਸਵੇਰੇ 6.45 ਤੋਂ ਸਵੇਰੇ 7.15 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਐਸਡੀਐਮ ਦੇ ਇਸ ਫੈਸਲੇ ਦੀ ਕਈ ਸਿੱਖ ਆਗੂਆਂ ਨੇ ਨਿਖੇਧੀ ਵੀ ਕੀਤੀ।