
ਯੂਟਿਊਬਰ ਜ਼ੈਬੀ ਹਾਂਜਰਾ ਨੇ ਕਿਹਾ- ਗੁਰਦੁਆਰਾ ਸਾਹਿਬ ਅੱਜ ਵੀ ਖੁੱਲ੍ਹਾ ਹੈ
ਲਾਹੌਰ: ਪਾਕਿਸਤਾਨ ਦੇ ਲਾਹੌਰ ਵਿਖੇ ਲੰਡਾ ਬਾਜ਼ਾਰ ਵਿਚ ਸਥਿਤ ਗੁਰਦੁਆਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਬੰਦ ਕਰਨ ਕਰਨ ਦੀਆਂ ਖ਼ਬਰਾਂ ਬਿਲਕੁਲ ਗਲਤ ਹਨ। ਪਾਕਿਸਤਾਨ ਦੇ ਯੂਟਿਊਬਰ ਜ਼ੈਬੀ ਹਾਂਜਰਾ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਅੱਜ ਵੀ ਖੁੱਲ੍ਹਾ ਹੈ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ ਅਤੇ ਸੰਗਤਾਂ ਨਤਮਸਤਕ ਵੀ ਹੋ ਰਹੀਆਂ ਹਨ।
ਦਰਅਸਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਿਸੇ ਥਾਂ ਨੂੰ ਲੈ ਕੇ ਕਈ ਵਰ੍ਹਿਆਂ ਤੋਂ ਵਿਵਾਦ ਚੱਲ ਰਿਹਾ ਸੀ। ਇੱਥੇ ਕਾਕੂ ਸ਼ਾਹ ਦਾ ਦਰਬਾਰ ਹੈ, ਜਿਸ ਦੇ ਨਾਲ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸਮਾਧ ਹੈ। ਇਸ ਥਾਂ ਨੂੰ ਲੈ ਕੇ ਵਿਵਾਦ ਭੰਗੀ ਮਿਸਲ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ਮਗਰੋਂ 1935 ਵਿਚ ਵੀ ਵਿਵਾਦ ਜਾਰੀ ਰਿਹਾ ਅਤੇ ਦੰਗਿਆਂ ਦੌਰਾਨ ਸੈਂਕੜੇ ਲੋਕਾਂ ਦੀਆਂ ਜਾਨਾਂ ਵੀ ਗਈਆਂ।
1990 ਵਿਚ ਹਾਈ ਕੋਰਟ ਲਾਹੌਰ ਨੇ ਇਹ ਥਾਂ ਸਿੱਖਾਂ ਦੇ ਨਾਂਅ ਕੀਤੀ ਸੀ। 2004 ਵਿਚ ਇੱਥੇ ਭਾਈ ਤਾਰੂ ਸਿੰਘ ਦੀ ਸਮਾਧ ਬਣਾਈ ਗਈ। ਉਹਨਾਂ ਦੱਸਿਆ ਤਾਲਾ ਲਗਾਉਣ ਦੀ ਖ਼ਬਰ ਢਾਈ ਸਾਲ ਪੁਰਾਣੀ ਖ਼ਬਰ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਖ਼ਬਰਾਂ ਜ਼ਰੀਏ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।