
ਪਟਿਆਲਾ, 6 ਅਕਤੂਬਰ (ਬਲਵਿੰਦਰ
ਸਿੰਘ ਭੁੱਲਰ): ਸਿੱਖਾਂ ਦੇ ਨੌਵੇਂ ਗੁਰੁ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ
ਛੋਹ ਪ੍ਰਾਪਤ ਅਤੇ ਪਟਿਆਲਾ ਜ਼ਿਲ੍ਹੇ ਦੇ ਗੁਰਦਵਾਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਵੀ
ਅੱਜ ਗੁਰਮਤਿ ਦੀ ਥਾਂ ਮਨਮੱਤ ਦਾ ਨਜ਼ਾਰਾ ਰੋਜ਼ ਵੇਖਿਆ ਜਾ ਸਕਦਾ ਹੈ। ਹੁਣ ਤੋਂ 60-70 ਸਾਲ
ਪਹਿਲਾਂ ਜਦ ਪੰਜਾਬ ਦਾ ਇਲਾਕਾ ਜੰਗਲਾਂ, ਬੀਆਬਾਨਾਂ ਨਾਲ ਭਰਿਆ ਹੋਇਆ ਸੀ ਅਤੇ ਕੱਚੇ
ਰਸਤਿਆਂ, ਪਗਡੰਡੀਆ 'ਤੇ ਪੈਦਲ ਜਾਂ ਬੈਲਗੱਡੀਆਂ ਰਾਹੀਂ ਯਾਤਰਾ ਹੋਇਆ ਕਰਦੀ ਸੀ ਤਾਂ ਗੁਰੂ
ਘਰਾਂ ਵਿਚ ਝੂਲਦੇ ਉਚੇ ਲੰਮੇਂ ਨਿਸ਼ਾਨ ਸਾਹਿਬ ਵੇਖ ਕੇ ਭੁੱਖੇ ਪਿਆਸੇ ਮੁਸਾਫ਼ਰਾਂ ਨੂੰ ਇਹ
ਪਤਾ ਲੱਗ ਜਾਂਦਾ ਸੀ ਕਿ ਇਧਰ ਗੁਰੂ ਘਰ ਹੈ ਅਤੇ ਇਥੇ ਰਾਤ ਰਹਿਣ ਲਈ ਥਾਂ ਅਤੇ ਖਾਣ ਲਈ
ਪ੍ਰਸ਼ਾਦਾ ਵੀ ਮਿਲੇਗਾ ਕਿਉਂਕਿ ਉਸ ਵੇਲੇ ਜੀਵਨ ਬਹੁਤ ਹੌਲੀ ਚਾਲ ਚਲਦਾ ਸੀ ਅਤੇ ਅੱਜ ਦੇ
ਤੇਜ਼ ਰਫ਼ਤਾਰ ਯੁੱਗ ਵਾਂਗ ਆਦਮੀ ਸਵੇਰੇ ਘਰੋਂ ਜਾ ਕੇ ਸ਼ਾਮ ਨੂੰ ਵਾਪਸ ਨਹੀਂ ਸੀ ਮੁੜ ਸਕਦਾ।
ਨਿਸ਼ਾਨ ਸਾਹਿਬ ਸਿਰਫ਼ ਗੁਰੁ ਘਰ ਦਾ ਸੰਕੇਤ ਹੋਇਆ ਕਰਦੇ ਸਨ। ਨਿਸ਼ਾਨ ਸਾਹਿਬ 'ਤੇ ਚੋਲਾ
ਚੜ੍ਹਾਉਣ ਨਾਲ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ। ਅੱਜ ਵੀ ਸੈਕੜੇ ਗੁਰੁ ਘਰ ਅਜਿਹੇ ਹਨ
ਜਿਥੇ ਨਿਸ਼ਾਨ ਸਾਹਿਬ ਤੇ ਸਾਲ ਬਾਅਦ ਸਿਰਫ਼ ਇਕ ਵਾਰ ਪੀਲਾ ਜਾਂ ਕੇਸਰੀ ਰੰਗ ਕਰ ਕੇ ਕੰਮ
ਚਲਾਇਆ ਜਾਂਦਾ ਹੈ। ਸੋਚਣ ਅਤੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਨਿਸ਼ਾਨ ਸਾਹਿਬ ਤੇ ਸਿੱਖ
ਸ਼ਰਧਾਲੂਆਂ ਵਲੋਂ ਸੁਖਣਾ ਸੁੱਖ ਕੇ ਚੜ੍ਹਾਇਆ ਗਿਆ ਚੋਲਾ ਸਾਹਿਬ ਸਿਰਫ਼ ਮਨਮੱਤ ਹੈ ਅਤੇ ਇਹ
ਸਿਰਫ਼ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈ। ਨਿਸ਼ਾਨ ਸਾਹਿਬ 'ਤੇ ਚੋਲਾ ਚੜ੍ਹਾਉਣ
ਵਾਲੇ ਸਿੰਘ ਦੀ ਲੇਬਰ ਅਤੇ ਕਪੜੇ ਦੀ ਕੀਮਤ 10 ਤੋਂ ਲੈ ਕੇ 15 ਹਜ਼ਾਰ ਰੁਪਏ ਤਕ ਹੁੰਦੀ
ਹੈ। ਜੇ ਇਹੀ ਸਵਾ ਸੌ ਮੀਟਰ ਕਪੜਾ 'ਗ਼ਰੀਬ ਦਾ ਮੂੰਹ ਗੁਰੁ ਦੀ ਗੋਲਕ' ਦੀ ਧਾਰਨਾ ਮੁਤਾਬਕ
ਕਿਸੇ ਨੰਗੇ ਗ਼ਰੀਬ ਦਾ ਤਨ ਢੱਕਣ ਦੇ ਕੰਮ ਆਵੇ ਤਾਂ ਇਸ ਗੁਰੁ ਘਰ ਅੰਦਰ ਇਕ ਦਿਨ ਵਿਚ
ਤਕਰੀਬਨ ਦੋ ਜਾਂ ਤਿੰਨ ਸੌ ਗ਼ਰੀਬ ਜਾਂ ਲੋੜਵੰਦ ਵਿਅਕਤੀਆਂ ਦੀਆਂ ਅਸੀਸਾਂ ਬਟੋਰੀਆਂ ਜਾ
ਸਕਦੀਆਂ ਹਨ।
ਇਸ ਤੋਂ ਇਲਾਵਾ ਇਸ ਗੁਰੁ ਘਰ ਵਿਚ ਹਰ ਮਹੀਨੇ ਲੱਖਾਂ ਰੁਪਏ ਦੇ ਰੁਮਾਲੇ
ਵੀ ਚੜ੍ਹਾਏ ਜਾਂਦੇ ਹਨ। ਜੇ ਰੁਮਾਲਿਆਂ ਦੀ ਇਹ ਰਕਮ ਲੰਗਰ ਦੀ ਗੋਲਕ ਵਿਚ ਪਾ ਦਿਤੀ ਜਾਵੇ
ਤਾਂ ਹਜ਼ਾਰਾਂ ਭੁੱਖੇ ਅਸੀਸਾਂ ਦਿੰਦੇ ਨਹੀਂ ਥਕਣਗੇ ਜਦਕਿ ਹੁਣ ਗੁਰੁ ਘਰ ਦੇ ਪ੍ਰਬੰਧਕਾਂ
ਨੂੰ ਇਹ ਰੁਮਾਲੇ ਕਈ ਵਾਰ ਅਕਸਰ ਅਗਨ ਭੇਂਟ ਵੀ ਕਰਨੇ ਪੈਂਦੇ ਹਨ। ਇਹ ਪਰ ਅਜਿਹੀਆਂ ਮਨਮੱਤ
ਰਹੁਰੀਤਾਂ ਨੂੰ ਨਾ ਹੀ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਗੁਰਦੁਆਰਾ ਦੂਖ ਨਿਵਾਰਨ ਦੀ ਸਥਾਨਕ
ਕਮੇਟੀ ਰੋਕਣ ਦਾ ਕੋਈ ਯਤਨ ਕਰਦੀ ਹੈ। ਸਿੱਖੀ ਸ਼ਰਧਾ ਅਨੁਸਾਰ ਨਿਸ਼ਾਨ ਸਾਹਿਬ 'ਤੇ ਹਰ
ਵਿਸਾਖੀ ਨੂੰ ਚੋਲਾ ਸਾਹਿਬ ਸਜਾਇਆ ਜਾਂਦਾ ਹੈ। ਜੇ ਇਹ ਮੀਂਹ ਹਨੇਰੀ ਨਾਲ ਫਟ ਜਾਂ ਖ਼ਰਾਬ
ਹੋ ਜਾਵੇ ਤਾਂ ਸਾਲ ਵਿਚ ਦੂਜੀ ਵਾਰ ਵੀ ਚੜ੍ਹਾਇਆ ਜਾ ਸਕਦਾ ਹੈ ਪਰ ਇਥੇ ਤਾਂ ਹਰ ਰੋਜ਼ ਦੋ
ਜਾਂ ਤਿੰਨ ਵਾਰ ਚੋਲਾ ਸਾਹਿਬ ਬਦਲਿਆ ਜਾਂਦਾ ਹੈ ਅਤੇ ਸਿੱਖ ਸ਼ਰਧਾਲੂ ਇਸ ਦੀਆਂ ਕਟੀਆਂ
ਫ਼ਟੀਆਂ ਕਾਤਰਾਂ ਨੂੰ ਹਾਸਲ ਕਰਨ ਵੇਲੇ ਆਪਸ ਵਿਚ ਲੜਦੇ ਭਿੜਦੇ ਜਾਂ ਕਪੜੋ-ਕਪੜੀ ਹੁੰਦੇ ਆਮ
ਵੇਖੇ ਜਾ ਸਕਦੇ ਹਨ। ਕੀ ਇਹੀ ਗੁਰਮੱਤ ਹੈ, ਕੀ ਇਹ ਗੁਰਸਿੱਖੀ ਹੈ ਜਾਂ ਕੀ ਇਸ ਨੂੰ ਹੀ
ਗੁਰਸਿੱਖੀ ਦਾ ਪ੍ਰਚਾਰ ਕਿਹਾ ਜਾ ਸਕਦਾ ਹੈ?