
ਅਹੁਦੇਦਾਰਾਂ ਨੇ ਗੁਰੂ ਦੀ ਗੋਲਕ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲਾਇਆ ਹੈ। ਸ. ਸਿਰਸਾ ਨੇ ਇਸ ਮਾਮਲੇ ਦੀ ਪੜਤਾਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜ਼ੋਰ ਦਿਤਾ ਹੈ।
ਅੰਮ੍ਰਿਤਸਰ, 18 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਉਸ ਦੇ ਅਹੁਦੇਦਾਰਾਂ ਨੇ ਗੁਰੂ ਦੀ ਗੋਲਕ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲਾਇਆ ਹੈ। ਸ. ਸਿਰਸਾ ਨੇ ਇਸ ਮਾਮਲੇ ਦੀ ਪੜਤਾਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜ਼ੋਰ ਦਿਤਾ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕਰੋੜਾਂ ਰੁਪਇਆਂ ਦੇ ਘਪਲੇ ਸਬੰਧੀ ਪੜਤਾਲ ਨਾ ਕਰਵਾਈ ਗਈ ਤਾਂ ਉਹ ਅਦਾਲਤ 'ਚ ਜਾਣ ਲਈ ਮਜ਼ਬੂਰ ਹੋਣਗੇ। ਇਸ ਲੁੱਟ ਦਾ ਕਾਰਨ ਸਿੱਖ ਕੌਮ ਦੇ ਧੜਿਆਂ 'ਚ ਵੰਡੇ ਹੋਣਾ ਹੈ।
ਉਨ੍ਹਾਂ ਕਿਹਾ ਕਿ ਸਹਿਜਧਾਰੀ ਸਿੱਖਾਂ ਵਲੋਂ ਹਾਈ ਕੋਰਟ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਦਾ ਅਧਿਕਾਰ ਲੈਣ ਵਾਸਤੇ ਕੇਸ ਚਲ ਰਿਹਾ ਸੀ। ਹਾਈ ਕੋਰਟ ਨੇ 20 ਦਸੰਬਰ 2011 ਨੂੰ ਫ਼ੈਸਲਾ ਸਹਿਜਧਾਰੀਆਂ ਦੇ ਹੱਕ ਵਿਚ ਕਰ ਦਿਤਾ ਜਿਸ ਨਾਲ ਸਤੰਬਰ 2011 ਵਿਚ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਆਮ ਚੋਣਾਂ ਵਿਚ ਨਵੇਂ ਬਣੇ ਹਾਊਸ 'ਤੇ ਰੋਕ ਲੱਗ ਗਈ। ਇਸ ਫ਼ੈਸਲੇ ਵਿਰੁਧ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਪਰ ਸ਼੍ਰੋਮਣੀ ਕਮੇਟੀ ਨੂੰ ਸਟੇਅ ਨਾ ਮਿਲਿਆ। ਸਿਰਫ਼ ਹਰ ਰੋਜ਼ ਦੇ ਕੰਮਕਾਰ ਕਰਨ ਵਾਸਤੇ ਪੁਰਾਣੀ ਅੰਤ੍ਰਿਗ ਕਮੇਟੀ ਨੂੰ ਐਕਟ 1925 ਦੇ ਮੁਤਾਬਕ ਅਧਿਕਾਰ ਮਿਲ ਗਏ।
ਸਿਰਸਾ ਮੁਤਾਬਕ 15 ਸਤੰਬਰ 2016 ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ। ਇਸ ਦੇ ਨਾਲ ਹੀ ਪੁਰਾਣੀ ਅੰਤ੍ਰਿਗ ਕਮੇਟੀ ਨੂੰ ਮਿਲੇ ਅਧਿਕਾਰ ਵੀ ਖ਼ਤਮ ਹੋ ਗਏ। ਇਸ ਫ਼ੈਸਲੇ ਤੋਂ ਬਾਅਦ ਨਾ ਅਵਤਾਰ ਸਿੰਘ ਮੱਕੜ ਪ੍ਰਧਾਨ ਰਿਹਾ ਅਤੇ ਨਾ ਹੀ ਪੁਰਾਣੀ ਅੰਤ੍ਰਿਗ ਕਮੇਟੀ ਦੇ ਕਿਸੇ ਅਹੁਦੇਦਾਰ ਤੇ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਕਰਨ ਦਾ ਅਧਿਕਾਰ ਰਿਹਾ। ਇਸ ਤੋਂ ਪਹਿਲਾਂ ਨਵੇਂ ਹਾਉੂਸ ਦੀ ਚੋਣ ਹੋ ਚੁੱਕੀ ਸੀ। ਇਨ੍ਹਾਂ ਨੂੰ ਇੰਟਰਮ ਆਰਡਰਾਂ ਰਾਹੀਂ ਅਧਿਕਾਰ ਮਿਲੇ ਸਨ। ਉਹ ਕੇਸ ਦਾ ਫ਼ੈਸਲਾ ਹੋਣ ਨਾਲ ਹੀ ਖ਼ਤਮ ਹੋ ਗਏ ਸਨ ਪਰ ਸ. ਅਵਤਾਰ ਸਿੰਘ ਮੱਕੜ, ਰਘਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਰਾਮਪਾਲ ਸਿੰਘ, ਮੋਹਨ ਸਿੰਘ ਬੰਗੀ, ਦਿਆਲ ਸਿੰਘ ਕੋਲਿਆਂਵਾਲੀ, ਭਜਨ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਗੜੀ, ਨਿਨਮੈਲ ਸਿੰਘ ਜੌਲਾਂ ਕਲਾਂ, ਮੰਗਲ ਸਿੰਘ, ਰਜਿੰਦਰ ਸਿੰਘ ਮਹਿਤਾ ਸਾਬਕਾ ਤੇ ਮੌਜੂਦਾ ਅੰਤ੍ਰਿਗ ਕਮੇਟੀ ਮੈਂਬਰ ਸਾਰਿਆਂ ਨੇ ਗੁਰ: ਐਕਟ 1925 ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਦਿਆਂ ਗੁਰੂ ਕੀ ਗੋਲਕ ਦੀ ਅਰਬਾਂ ਰੁਪਿਆਂ ਦੀ ਲੁੱਟ ਕਰਨ ਦੀ ਨੀਅਤ ਨਾਲ ਗ਼ੈਰ ਕਾਨੂੰਨੀ ਤੌਰ 'ਤੇ 29 ਸਤੰਬਰ 2016 ਨੂੰ ਕਾਗਜੀ ਪਤਰੀ ਰਸਮੀ ਤੌਰ 'ਤੇ ਮੀਟਿੰਗ ਕਰ ਕੇ ਅੱਖ ਦੇ ਫੁਟਕਾਰੇ 'ਚ ਪਾਸ ਕਰ ਕੇ ਲਗਭਗ 20 ਕਰੋੜ ਰੁਪਏ ਦੇ ਬਿਲ ਅਤੇ ਸਹਾਇਤਾ ਆਦਿ ਰਾਹੀਂ ਗੁਰੂ ਕੀ ਗੋਲਕ ਦੀ ਲੁੱਟ ਕੀਤੀ।
ਕੁੱਝ ਗੁਰੂ ਘਰਾਂ ਦੀਆਂ ਜ਼ਮੀਨਾਂ ਦੇ ਤਬਾਦਲੇ ਅਤੇ ਵੇਚਣ ਵਾਸਤੇ ਕਮੇਟੀਆਂ ਬਣਾਈਆਂ। ਮੱਦ ਨੰਬਰ 4647 ਰਾਹੀ ਗੁ: ਡੇਰਾ ਬਾਬਾ ਕਰਤਾਰ ਸਿੰਘ ਬਖ਼ਸ ਬੇਦੀ ਸੁਜਾਨਪੁਰ (ਪਠਾਨਕੋਟ) ਸ਼ਹਿਰ ਦੇ ਅੰਦਰ 11 ਏਕੜ ਜ਼ਮੀਨ ਜਿਸ ਦੀ ਕੀਮਤ ਲਗਭਗ 175 ਕਰੋੜ ਬਣਦੀ ਹੈ, ਨੂੰ ਵੇਚਣ ਵਾਸਤੇ ਹਲਕਾ ਮੈਂਬਰ, ਮੁੱਖ ਸਕੱਤਰ, ਸਕੱਤਰ (ਖ਼ਰੀਦਾਂ) ਅਤੇ ਪਟਵਾਰੀ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ ਦੇ ਅਧਿਕਾਰ ਦਿਤੇ। ਉਸ ਤੋਂ ਬਾਅਦ ਇਸ ਰਕਮ ਨਾਲ ਖੇਤੀਬਾੜੀ ਵਾਲੀ ਜ਼ਮੀਨ ਖ਼ਰੀਦਣ ਦੇ ਅਧਿਕਾਰ ਵੀ ਦਿਤੇ। ਇਸ ਤਰ੍ਹਾਂ ਇਹ ਡਬਲ ਸਕੈਂਡਲ ਭਾਵ 350 ਕਰੋੜਾਂ ਦਾ ਸਕੈਂਡਲ ਬਣਦਾ ਹੈ। 20-22 ਪੱਕੇ ਮੁਲਾਜ਼ਮ ਵੀ ਰੱਖੇ ਹਨ। ਅਪਣੇ ਚਹੇਤਿਆਂ ਮੁਲਾਜ਼ਮਾਂ ਨੂੰ ਤਰੱਕੀਆਂ ਦਿਤੀਆਂ ਹਨ।