
ਭਾਰਤੀ ਨਿਆਂ ਪ੍ਰਣਾਲੀ ਦੇ ਇਤਿਹਾਸ ਵਿਚ ਇਹ ਪਹਿਲੀ ਘਟਨਾ
ਦਿੱਲੀ : ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿੱਖ ਸਾਈਕਲਿਸਟ ਵਲੋਂ ਖੇਡਾਂ ਦੇ ਦੋਰਾਨ ਹੈਲਮੇਟ ਦੀ ਥਾਂ ਪਗੜੀ ਪਹਿਣਨ ਦੀ ਇਜਾਜਤ ਬਾਰੇ ਦਾਇਰ ਪਟੀਸ਼ਨ ਦੀ ਸੁਣਵਾਈ ਸਮੇਂ ਸੁਪਰੀਮ ਕੋਰਟ ਦੇ ਜਜਾਂ ਵਲੋਂ ਪਗੜ੍ਹੀ ਦੀ ਮਹੱਤਤਾ ਬਾਰੇ ਪੁਛੇ ਸਵਾਲਾਂ ਨੂੰ ਗੈਰ-ਜਿੰਮੇਵਾਰਾਨਾ 'ਤੇ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪਗੜੀ ਸਿੱਖਾਂ ਦੀ ਪਹਚਾਣ ਹੀ ਨਹੀ ਸਗੋਂ ਧਰਮ ਦਾ ਅਣਿਖਵਾਂ ਅੰਗ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਜਜਾਂ ਦੀ ਅਜਿਹੀ ਟਿੱਪਣੀ ਨੇ ਭਾਰਤ 'ਚ ਵੱਸਦੇ ਸਿੱਖਾਂ ਦੀ ਪਹਿਚਾਣ 'ਤੇ ਹੀ ਸਵਾਲ ਖੜਾ ਕਰ ਦਿੱਤਾ ਹੈ ਜੋ ਕਿ ਭਾਰਤੀ ਨਿਆਂ ਪ੍ਰਣਾਲੀ ਦੇ ਇਤਹਾਸ 'ਚ ਪਹਿਲੀ ਘਟਨਾ ਹੈ। ਸ. ਸਰਨਾ ਨੇ ਕਿਹਾ ਕਿ ਉਹ ਜਜਾਂ ਤੋਂ ਪੁਛਣਾ ਚਾਹੁੰਦੇ ਹਨ ਕਿ ਉਨ੍ਹਾਂ ਇਹ ਸਵਾਲ ਸੁਪਰੀਮ ਕੋਰਟ ਦੇ ਪਹਿਲੇ ਸਾਬਕਾ ਸਿੱਖ ਚੀਫ ਜਸਟਿਸ ਜੇ.ਐਸ. ਕੇਹਰ ਜਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਵੀ ਕਦੇ ਪੁੱਛਣ ਦੀ ਹਿਮੰਤ ਕੀਤੀ ਸੀ ਕਿ ਪਗੜੀ ਸਿਖਾਂ ਲਈ ਕੀ ਮਹੱਤਵ ਰਖਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਪਗੜੀ ਪਹਿਨਣ ਕਾਰਨ ਹੀ ਸਾਰੇ ਸੰਸਾਰ 'ਚ ਭਾਰਤ ਦੇ ਇਨ੍ਹਾਂ ਅਹਿਮ ਅਹੁਦਿਆਂ 'ਤੇ ਪਹਿਲੇ ਸਿੱਖ ਵਜੋਂ ਜਾਣੇ ਜਾਂਦੇ ਹਨ।
Sarna
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਕਾਰਜਸ਼ਾਲੀ ਕਰਕੇ ਹੀ ਅਜਕਲ ਚੀਫ ਜਸਟਿਸ ਦੇ ਖਿਲਾਫ ਮਹਾਅਭਿਯੋਗ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਜਾਂ ਵਲੋਂ ਸਿੱਖਾਂ ਦੀ ਪਹਿਚਾਣ ਬਾਰੇ ਸਵਾਲ ਖੜ੍ਹੇ ਕਰਨ ਪਿੱਛੇ ਕਿਸੇ ਹੋਰ ਤਾਕਤ ਦੇ ਹੋਣ ਦਾ ਅੰਦੇਸ਼ਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਸਿੱਖਾਂ ਦੇ ਧਾਰਮਕ ਮਸਲਿਆਂ 'ਚ ਦਖ਼ਲਅੰਦਾਜ਼ੀ ਨਹੀ ਕਰਨੀ ਚਾਹੀਦੀ ਹੈ। ਅਦਾਲਤ ਦਾ ਕੰਮ ਮੁਲਕ ਦੇ ਨਾਗਰਿਕਾਂ ਦੇ ਕਾਨੂੰਨੀ 'ਤੇ ਧਾਰਮਕ ਹਕਾਂ ਦੀ ਰਾਖੀ ਕਰਨਾ ਹੈ ਨਾ ਕਿ ਧਰਮ ਦੇ ਚਿੰਨ੍ਹਾਂ ਬਾਰੇ ਸਵਾਲ ਚੁੱਕਣੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ 'ਤੇ ਛੋਟੀਆਂ ਅਦਾਲਤਾਂ ਪਾਸ ਲੋਕਾਂ ਦੇ ਲੱਖਾਂ ਕੇਸ ਲਮਕ ਰਹੇ ਹਨ, ਉਨ੍ਹਾਂ 'ਤੇ ਫੈਸਲੇ ਦੇਣ ਦੀ ਥਾਂ 'ਤੇ ਸੁਪਰੀਮ ਕੋਰਟ ਸਿੱਖਾਂ ਦੀ ਪਛਾਣ 'ਤੇ ਸਵਾਲ ਚੁੱਕ ਰਹੀ ਹੈ। ਸ. ਸਰਨਾ ਨੇ ਕਿਹਾ ਕਿ ਭਾਰਤ ਦੀ ਸਿਰਮੋਰ ਅਦਾਲਤ ਨੂੰ ਨਿਰਪੱਖ 'ਤੇ ਸੁਤੰਤਰ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਨਾਂ ਕਿ ਕਿਸੇ ਪਾਰਟੀ ਦੇ ਇਸ਼ਾਰਿਆਂ 'ਤੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਜਜਾਂ ਵਲੋਂ ਵੀ ਬੀਤੇ ਦਿੱਨੀ ਚੀਫ ਜਸਟਿਸ ਦੇ ਕੰਮ-ਕਾਜ ਦੇ ਤਰੀਕਿਆਂ 'ਤੇ ਸਵਾਲ ਚੁੱਕੇ ਸੀ ਜੋ ਇਸ ਗਲ ਦਾ ਸਬੂਤ ਹੈ ਕਿ ਸੁਪਰੀਮ ਕੋਰਟ ਨਿਰਪੱਖ 'ਤੇ ਸੁਤੰਤਰ ਨਹੀ ਰਹਿ ਗਈ।