
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰਫ਼ ਜੀ ਹਜ਼ੂਰੀ ਵਾਲੇ ਪੱਤਰਕਾਰ ਹੀ ਪਸੰਦ ਹਨ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿਰਫ਼ ਜੀ ਹਜ਼ੂਰੀ ਵਾਲੇ ਪੱਤਰਕਾਰ ਹੀ ਪਸੰਦ ਹਨ। ਇਸ ਦੀ ਮਿਸਾਲ ਉਸ ਵੇਲੇ ਮਿਲੀ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਤ੍ਰੈਸ਼ਤਾਬਦੀ ਕਾਲਜ ਦੇ ਕਨਵੋਕੇਸ਼ਨ ਸਮਾਗਮ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਭਾਗ ਲੈਣ ਲਈ ਪੁੱਜੇ ਸਨ। ਇਕ ਸਵਾਲ ਦੇ ਜਵਾਬ ਵਿਚ ਭੜਕਦਿਆਂ ਭਾਈ ਲੌਂਗੋਵਾਲ ਨੇ ਕਿਹਾ,''ਤੁਹਾਨੂੰ ਸਾਡੇ ਚੰਗੇ ਕੰਮ ਨਜ਼ਰ ਨਹੀਂ ਆਉਂਦੇ। ਪ੍ਰਬੰਧ ਦਿਨੋਂ ਦਿਨ ਸੁਧਰਦਾ ਜਾ ਰਿਹਾ ਹੈ। ਮੈਂ ਕਦੇ ਅਖ਼ਬਾਰਾਂ ਵਿਚ ਨਹੀਂ ਦੇਖਿਆ ਕਿ ਤੁਸੀਂ ਸਾਡੇ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਹੋਵੇ।
ਪ੍ਰਬੰਧ ਸੁਧਰ ਰਿਹਾ ਹੈ, ਤੁਸੀ ਹਮੇਸ਼ਾ ਹੀ ਟੀਕਾ ਟਿਪਣੀ ਕਰਦੇ ਹੋ ਜਿਸ ਦਾ ਅਫ਼ਸੋਸ ਹੈ।'' ਸ੍ਰੀ ਗੁਰੂ ਗੋਬਿੰਦ ਸਿੰਘ ਤ੍ਰੈਸ਼ਤਾਬਦੀ ਕਾਲਜ ਵਿਚ ਪੁੱਜੇ ਭਾਈ ਲੌਂਗੋਵਾਲ ਨੇ ਕਿਹਾ ਕਿ ਸਾਡੇ ਵਿਰੋਧੀ ਸਾਡੇ ਕੀਤੇ ਸਾਰੇ ਕੰਮਾਂ ਨੂੰ ਵਿਸ਼ੇਸ਼ ਪ੍ਰਵਾਰ ਨਾਲ ਜੋੜ ਕੇ ਦੇਖਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਬੰਦ ਹੋਣ ਤੋਂ ਬਾਅਦ ਇਕ ਅਧਿਕਾਰੀ ਦਾ ਕੁੱਝ ਵਿਅਕਤੀਆਂ ਨਾਲ ਪੁਲ 'ਤੇ ਜਾਣਾ ਪ੍ਰਬੰਧਕੀ ਨੁਕਤਾ ਨਿਗਾਹ ਨਾਲ ਹੋ ਸਕਦਾ ਹੈ। ਬੀਤੇ ਦਿਨੀਂ ਇਕ ਪਾਠੀ ਦਾ ਗੁੰਬਦ ਵਿਚ ਪਾਠ ਦੌਰਾਨ ਝੋਕਾ ਲੈਣ ਕਾਰਨ ਤਿੰਨ ਵਿਅਕਤੀਆਂ ਦੀ ਬਦਲੀ 'ਤੇ ਬੋਲਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਪ੍ਰਬੰਧਕੀ ਕਾਰਨਾਂ ਕਰ ਕੇ ਬਦਲੀ ਹੋਈ ਹੈ।
ਪ੍ਰਬੰਧ ਸੁਧਰ ਰਹੇ ਹਨ। ਅਸੀ ਸ੍ਰੀ ਦਰਬਾਰ ਸਾਹਿਬ ਦੇ ਪੁੱਠੇ ਪਾਸੇ ਤੋਂ ਦਰਸ਼ਨ ਕਰਨ ਜਾਣ ਵਾਲੇ ਸਾਰੇ ਵਿਅਕਤੀਆਂ ਨੂੰ ਰੋਕਿਆ ਹੈ। ਇਸ ਨਾਲ ਬਹੁਤ ਹੀ ਜ਼ਿਆਦਾ ਸੁਧਾਰ ਨਜ਼ਰ ਆ ਰਿਹਾ ਹੈ। ਭਾਈ ਬਲਬੀਰ ਸਿੰਘ ਅਰਦਾਸੀਆ ਵਲੋਂ ਲਗਾਏ ਦੋਸ਼ਾਂ ਤੋਂ ਪੱਲਾ ਝਾੜਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਗੱਲਾਂ ਬੇਬੁਨਿਆਦ ਹਨ। ਪਤਾ ਕਰਾਂਗੇ ਕਿ ਅਧਿਕਾਰੀ ਕਿਉਂ ਗਏ।