
ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਭਾਰਤੀ ਜਨਤਾ ਪਾਰਟੀ ਦੇ ਕੱਟੜ ਸਿਆਸੀ ਵਿਰੋਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਧਰਮ ਦਾ ਡਰ
ਅੰਮ੍ਰਿਤਸਰ : ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਭਾਰਤੀ ਜਨਤਾ ਪਾਰਟੀ ਦੇ ਕੱਟੜ ਸਿਆਸੀ ਵਿਰੋਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਧਰਮ ਦਾ ਡਰ ਦਿਖਾ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁਕੀਆਂ ਹਨ। ਬਿਹਾਰ ਦੇ ਚੋਣ ਹਲਕਾ ਕਿਸ਼ਨਗੰਜ ਤੋਂ ਨਵਜੋਤ ਸੰਘ ਸਿੱਧੂ ਵਿਰੁਧ ਇਕ ਸ਼ਿਕਾਇਤ ਅਕਾਲ ਤਖ਼ਤ ਸਾਹਿਬ 'ਤੇ ਭੇਜੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿੱਧੂ ਨੇ ਸਿੱਖ ਭਾਵਨਾਵਾਂ ਤੇ ਪੰ੍ਰਪਰਾਵਾਂ ਦੀ ਉਲੰਘਣਾ ਕੀਤੀ ਹੈ।
ਪ੍ਰਾਪਤ ਵੇਰਵਿਆ ਮੁਤਾਬਕ ਬਿਹਾਰ ਦੇ ਇਕ ਸਿੱਖ ਆਗੂ ਅਮਰਜੀਤ ਸਿੰਘ ਛਾਬੜਾ ਨੇ ਅਕਾਲ ਤਖ਼ਤ ਸਾਹਿਬ ਨੂੰ ਇਕ ਸ਼ਿਕਾਇਤ ਭੇਜ ਕੇ ਦਸਿਆ ਹੈ
ਕਿ ਕਿਸ਼ਨਗੰਜ ਵਿਚ ਸਿੱਧੂ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਚੋਣ ਰੈਲੀ ਦੇ ਐਨ ਨੇੜੇ ਸਥਿਤ ਮਸਜਿਦ ਵਿਚ ਰਮਜਾਨ ਦੀ ਅਵਾਜ਼ ਸੁਣਾਈ ਦਿਤੀ। ਸ. ਛਾਬੜਾ ਨੇ ਲਿਖਿਆ ਕਿ ਨਿਯਮਾਂ ਮੁਤਾਬਕ ਸਿੱਧੂ ਨੂੰ ਉਸ ਵੇਲੇ ਭਾਸ਼ਨ ਬੰਦ ਕਰ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਦਾ ਭਾਸ਼ਨ ਜਾਰੀ ਰਿਹਾ ਤੇ ਉਨ੍ਹਾਂ ਨੇ ਵਧੇਰੇ ਜੋਸ਼ ਦਿਖਾਉਂਦਿਆਂ 'ਭਾਰਤ ਮਾਤਾ ਦੀ ਜੈ ਅਤੇ ਅਲਾਹ ਹੂ ਅਕਬਰ' ਦੇ ਨਾਹਰੇ ਨਾ ਕੇਵਲ ਆਪ ਬੁਲੰਦ ਕੀਤੇ ਬਲਕਿ ਰੈਲੀ ਵਿਚ ਇੱਕਠੀ ਭੀੜ ਕੋਲੋਂ ਵੀ ਨਾਹਰੇ ਲਗਵਾਏ।
ਸ਼ਿਕਾਇਤਕਰਤਾ ਮੁਤਾਬਕ ਸਿੱਧੂ ਦੇ ਇਸ ਕਾਰੇ ਕਾਰਨ ਸਿੱਖਾਂ ਦੀ ਅਜ਼ਾਦ ਹਸਤੀ ਨੂੰ ਖ਼ਤਰਾ ਪੈਦਾ ਹੋਇਆ ਹੈ। ਇਸਲਾਮਿਕ ਕਟੜਵਾਦ ਨਾਲ ਸਿੱਖ ਪੰਥ ਲੰਮਾਂ ਸਮਾ ਲੜਾਈ ਲੜਦਾ ਰਿਹਾ ਹੈ ਪਰ ਸਿੱਧੂ ਨੇ ਆਪ ਅਤੇ ਲੋਕਾਂ ਕੋਲੋਂ ਇਸਲਾਮ ਦੇ ਹੱਕ ਵਿਚ ਨਾਹਰੇਬਾਜ਼ੀ ਕਰਵਾਈ ਹੈ। ਹੁਣ ਦੇਖਣਾ ਇਹ ਹੈ ਕਿ ਖ਼ੁਦ ਇਸਲਾਮ ਦਾ ਧਾਰਮਕ ਗ੍ਰੰਥ ਕੁਰਾਨ ਸ਼ਰੀਫ਼ ਦਾ ਪੰਜਾਬੀ ਵਿਚ ਤਰਜੁਮਾ ਕਰਨ ਵਾਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਵਜੋਤ ਸਿੰਘ ਸਿੱਧੂ ਵਿਰੁਧ ਕੀ ਕਾਰਵਾਈ ਕਰਦੇ ਹਨ।