
ਜਲ੍ਹਿਆਂ ਵਾਲੇ ਬਾਗ਼ 'ਚ ਹੋਏ ਕਤਲੇਆਮ ਦੀ ਪ੍ਰਦਰਸ਼ਨੀ ਲਹੂ ਭਿੱਜੇ ਇਤਿਹਾਸਕ ਪੰਨਿਆਂ ਤੋਂ ਜਾਣੂ ਕਰਵਾਏਗੀ: ਇਸਮਤ ਵਿਜੇ ਸਿੰਘ
ਪਟਿਆਲਾ : ਜਲ੍ਹਿਆਂ ਵਾਲਾ ਬਾਗ਼ ਸ਼ਤਾਬਦੀ ਯਾਦਗਾਰੀ ਪ੍ਰਦਰਸ਼ਨੀ (1919-2019) ਇਥੇ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਨੇੜੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ (ਐਨ.ਜੈਡ.ਸੀ.ਸੀ.) ਵਿਖੇ ਅੱਜ ਅਰੰਭ ਹੋ ਗਈ। 3 ਅਕਤੂਬਰ ਤਕ ਆਮ ਲੋਕਾਂ ਲਈ ਮੁਫ਼ਤ ਦਾਖਖ਼ੇ ਤੇ ਇਤਿਹਾਸਕ ਮਹੱਤਤਾ ਵਾਲੀ ਇਸ ਅਹਿਮ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਇਸਮਤ ਵਿਜੇ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਾਨੂੰ, ਖ਼ਾਸ ਕਰ ਕੇ ਸਾਡੀ ਨੌਜਵਾਨ ਪੀੜ੍ਹੀ ਤੇ ਵਿਦਿਆਰਥੀਆਂ ਨੂੰ ਸਾਡੇ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਲੜਾਈ 'ਚ ਸ਼ਹੀਦ ਹੋਏ ਦੇਸ਼ ਵਾਸੀਆਂ ਤੋਂ ਜਾਣੂ ਕਰਵਾਏਗੀ।
Jallianwala Bagh massacre
ਇਸਮਤ ਵਿਜੇ ਸਿੰਘ ਨੇ ਦਸਿਆ ਕਿ ਇਹ ਪ੍ਰਰਦਸ਼ਨੀ ਆਰਟਸ ਐਂਡ ਕਲਚਰ ਹੈਰੀਟੇਜ ਟਰੱਸਟ ਨਵੀਂ ਦਿੱਲੀ ਵਲੋਂ ਪੰਜਾਬ ਸਰਕਾਰ ਅਤੇ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਦੇ ਇਕ ਸਾਂਝੇ ਉਪਰਾਲੇ ਵਜੋਂ ਲਗਾਈ ਗਈ ਹੈ ਅਤੇ ਇਥੇ ਜਲ੍ਹਿਆਂ ਵਾਲਾ ਬਾਗ਼ ਵਿਖੇ ਵਾਪਰੇ ਸਮੂਹਕ ਕਤਲੇਆਮ ਦੇ ਦੁਖਾਂਤ ਦੇ ਇਤਿਹਾਸ ਨੂੰ ਬਾਖੂਬੀ ਚਿਤਰਿਆ ਗਿਆ ਹੈ। ਉਨ੍ਹਾਂ ਦਸਿਆ ਕਿ ਸੋਮਵਾਰ ਤੋਂ ਇਹ ਪ੍ਰਦਰਸ਼ਨੀ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਦਿਖਾਈ ਜਾਵੇਗੀ ਤਾਕਿ ਉਹ ਵੀ ਲਹੂ ਭਿੱਜੇ ਇਤਿਹਾਸ ਦੇ ਪੰਨਿਆਂ ਤੋਂ ਵਾਕਫ਼ ਹੋ ਸਕਣ। ਉਨ੍ਹਾਂ ਨੇ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਇਹ ਪ੍ਰਦਰਸ਼ਨੀ ਦੇਖਣ ਆਉਣ ਦਾ ਖੁੱਲ੍ਹਾ ਸੱਦਾ ਦਿਤਾ।
Jallianwala Bagh massacre
ਇਸ ਮੌਕੇ ਆਰਟਸ ਐਂਡ ਕਲਚਰ ਹੈਰੀਟੇਜ ਟਰਸਟ ਨਵੀਂ ਦਿੱਲੀ ਦੀ ਉਪਰੇਸ਼ਨ ਅਧਿਕਾਰੀ ਮਿਸ. ਪਰੀ ਬਸ਼ਈਆ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਝਾਇਆ ਗਿਆ ਸੀ ਜਿਸ ਨੂੰ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੰਜਾਬ ਹੈਰੀਟੇਜ ਅਤੇ ਟੂਰਿਜਮ ਪ੍ਰਮੋਸ਼ਨ ਬੋਰਡ ਸ. ਐਮ.ਐਸ. ਜੱਗੀ ਵੱਲੋਂ ਸਿਰੇ ਚੜ੍ਹਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪ੍ਰਦਰਸ਼ਨੀ ਪਹਿਲਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਬਠਿੰਡਾ ਵਿਖੇ ਲਗਾਈ ਜਾ ਚੁੱਕੀ ਹੈ।