
ਈਟੀਬੀਪੀ ਵਲੋਂ ਗੁਰਦਵਾਰਿਆਂ ਅਤੇ ਮੰਦਰਾਂ ਦੇ ਵਰਚੁਅਲ ਦੌਰੇ ਦਾ ਐਲਾਨ
ਲਾਹੌਰ, 21 ਅਕਤੂਬਰ : ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਬੀਪੀ) ਨੇ ਦੁਨੀਆਂ ਭਰ ਵਿਚ ਰਹਿ ਰਹੇ ਸ਼ਰਧਾਲੂਆਂ ਲਈ ਗੁਰਦੁਆਰਿਆਂ, ਮੰਦਰਾਂ ਦੇ ਵਰਚੁਅਲ ਟੂਰ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ, ਦੁਨੀਆਂ ਭਰ ਦੇ ਸ਼ਰਧਾਲੂ ਅਪਣੇ ਘਰਾਂ ’ਚ ਆਰਾਮ ਨਾਲ ਬੈਠ-ਬੈਠੇ ਪਾਕਿਸਤਾਨ ਦੇ ਧਾਰਮਕ ਸਥਾਨਾਂ ਦੀ ਅਮੀਰ ਅਧਿਆਤਮਕ ਵਿਰਾਸਤ ਦੇ ਦਰਸ਼ਨ ਕਰ ਸਕਣਗੇ। ਇਸ ਦੇ ਨਾਲ ਹੀ ਘੱਟ ਗਿਣਤੀਆਂ ਲਈ ਵਜ਼ੀਫ਼ੇ ਵਿਚ ਵੀ ਬਦਲਾਅ ਕੀਤੇ ਗਏ ਹਨ।
ਈਟੀਬੀਪੀ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਕਿਹਾ ਕਿ ਬੋਰਡ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਕਟਾਸ ਰਾਜ ਮਾਤਾ ਚਾਵਲ, ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਸਾਧੂ ਬੇਲਾ ਮੰਦਰ ਸਮੇਤ 5 ਮੰਦਰਾਂ ਨੂੰ ਡਿਜੀਟਲ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਈਟੀਬੀਪੀ ਵਲੋਂ ਆਯੋਜਤ 353ਵੀਂ ਮੀਟਿੰਗ ਦੌਰਾਨ ਲਿਆ ਗਿਆ ਜਿਸ ਵਿਚ ਪੂਰੇ ਪਾਕਿਸਤਾਨ ਤੋਂ ਸਿੱਖ ਅਤੇ ਹਿੰਦੂ ਅਧਿਕਾਰੀਆਂ ਅਤੇ ਗ਼ੈਰ-ਸਰਕਾਰੀ ਮੈਂਬਰਾਂ ਨੇ ਸ਼ਿਰਕਤ ਕੀਤੀ।
ਬੁਲਾਰੇ ਹਾਸ਼ਮੀ ਨੇ ਕਿਹਾ ਕਿ ਇੰਟਰਨੈੱਟ ਕੁਨੈਕਸ਼ਨ ਨਾਲ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਵਰਚੁਅਲ ਟੂਰ ਦਾ ਅਨੁਭਵ ਹੋਵੇਗਾ। ਇਸ ਦੌਰਾਨ ਸ਼ਰਧਾਲੂਆਂ ਨੂੰ ਗਰਭ ਗ੍ਰਹਿ ਦੇ ਦਰਸ਼ਨ ਕਰਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਬੋਰਡ ਨੇ ਦੁਨੀਆਂ ਭਰ ਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਦੇਣ ਦੀ ਪ੍ਰਵਾਨਗੀ ਦਿਤੀ ਹੈ। ਮੀਟਿੰਗ ਦੀ ਪ੍ਰਧਾਨਗੀ ਈਟੀਪੀਬੀ ਦੇ ਚੇਅਰਮੈਨ ਸਈਅਦ ਅਤਾਉਰ ਰਹਿਮਾਨ ਨੇ ਕੀਤੀ ਅਤੇ ਇਸ ਵਿਚ ਸਕੱਤਰ ਈਟੀਬੀਪੀ ਸਨੌਲਾ ਕਾਹਨ ਵੀ ਹਾਜ਼ਰ ਸਨ। ਮੀਟਿੰਗ ਵਿਚ ਘੱਟ ਗਿਣਤੀਆਂ ਨੂੰ ਦਿਤੇ ਜਾਣ ਵਾਲੇ ਵਜੀਫ਼ੇ ਵਿਚ ਵੀ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ 110 ਸਿੱਖਾਂ ਅਤੇ ਹਿੰਦੂਆਂ ਨੂੰ ਵਜ਼ੀਫ਼ੇ ਦਿਤੇ ਗਏ ਸਨ। ਹੁਣ ਉਨ੍ਹਾਂ ਦੀ ਗਿਣਤੀ ਵਧਾ ਕੇ 1000 ਰੁਪਏ ਕਰ ਦਿਤੀ ਗਈ ਹੈ, ਜਿਨ੍ਹਾਂ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿਤਾ ਜਾਵੇਗਾ। (ਏਜੰਸੀ)