
Panthak News: ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਹੈ
Panthak News: ਵੈਸੇ ਤਾਂ ਹਰ ਇਕ ਨਾਨਕ ਨਾਮ ਲੇਵਾ ਗੁਰਸਿੱਖ ਦਾ ਫ਼ਰਜ਼ ਹੈ ਕਿ ਉਹ ਪੰਥਕ ਮਰਿਆਦਾ ’ਤੇ ਪਹਿਰਾ ਦੇਵੇ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨੇ ਪਰ ਜੇਕਰ ਪੰਥਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਮਰਿਆਦਾ ਨੂੰ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਹੋਣ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਾਬਕਾ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਬੜੇ ਭਰੇ ਮਨ ਨਾਲ ਪ੍ਰੈਸ ਨੂੰ ਦਸਿਆ ਕਿ ਅਸੀਂ ਦੂਜਿਆਂ ਤੋਂ ਪੰਥਕ ਮਰਿਆਦਾ ਤੇ ਅਮਲ ਕਰਨ ਦੀ ਕੀ ਆਸ ਰੱਖ ਸਕਦੇ ਹਾਂ ਜਦੋਂ ਸਾਡੀਆਂ ਪੰਥ ਦੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਥਕ ਮਰਿਆਦਾ ਨੂੰ ਮੰਨਣ ਤੋਂ ਇਨਕਾਰੀ ਹਨ।
ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਹੈ। ਪਿਛਲੇ ਦਿਨੀਂ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਹੁਕਮ ਕੀਤਾ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿਚੋਂ 10 ਸਾਲ ਲਈ ਕਢਿਆ ਜਾਵੇ ਪ੍ਰੰਤੂ ਦਲਜੀਤ ਸਿੰਘ ਚੀਮਾ ਅਤੇ ਭੂੰਦੜ ਨੇ ਹੁਸ਼ਿਆਰੀ ਵਰਤਦੇ ਹੋਏ ਉਸ ਨੂੰ ਕੱਢਣ ਦੀ ਬਜਾਏ ਉਸ ਤੋਂ ਅਸਤੀਫ਼ਾ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਤੌਹੀਨ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ ਦਿਨੀਂ ਜਥੇਦਾਰਾਂ ਵਲੋਂ ਪੰਥ ਵਿਰੋਧੀ ਗਤੀਵਿਧੀਆਂ ਕਰ ਕੇ ਤਨਖ਼ਾਹੀਆ ਕਰਾਰ ਦਿਤਾ ਗਿਆ ਹੈ।
ਪੰਥਕ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਤਨਖ਼ਾਹੀਆ ਵਿਅਕਤੀ ਉਨਾ ਸਮਾਂ ਜਨਤਕ ਅਤੇ ਪੰਥਕ ਇਕੱਠਾਂ ਵਿਚ ਨਹੀਂ ਵਿਚਰ ਸਕਦਾ ਜਿੰਨਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਗਵਾ ਕੇ ਸਜ਼ਾ ਨਹੀਂ ਭੁਗਤ ਲੈਂਦਾ ਪ੍ਰੰਤੂ ਅਫ਼ਸੋਸ ਕਿ ਸੁਖਬੀਰ ਸਿੰਘ ਬਾਦਲ ਪੰਥਕ ਪ੍ਰੰਪਰਾਵਾਂ ਨੂੰ ਅਪਣੇ ਪੈਰਾਂ ਹੇਠ ਰੋਲਦਾ ਹੋਇਆ ਪਿਛਲੇ ਦਿਨੀਂ ਬਿਨਾਂ ਤਨਖ਼ਾਹ ਲਵਾਏ ਹੀ ਜਨਤਕ ਇਕੱਠਾਂ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਆ ਰਹੇ ਜਨਰਲ ਇਜਲਾਸ ਲਈ ਹਦਾਇਤਾਂ ਜਾਰੀ ਕਰ ਰਿਹਾ ਹੈ ਪਰ ਅਫ਼ਸੋਸ ਇਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਦੂਸਰੇ ਸਿੰਘ ਸਹਿਬਾਨ ਪਤਾ ਨਹੀਂ ਕਿਹੜੀ ਕੁੰਭਕਰਨੀ ਨੀਂਦ ਵਿਚ ਸੁੱਤੇ ਹੋਏ ਹਨ ? ਚਾਹੀਦਾ ਤਾਂ ਇਹ ਸੀ ਕਿ ਜਥੇਦਾਰਾਂ ਵਲੋਂ ਪੰਥਕ ਮਰਿਆਦਾ ’ਤੇ ਸਖ਼ਤੀ ਨਾਲ ਪਹਿਰਾ ਦਿਤਾ ਜਾਂਦਾ ਤਾਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਪੰਥਕ ਮਰਿਆਦਾ ਦੀ ਉਲੰਘਣਾ ਕਰਨ ਦੀ ਹਿੰਮਤ ਨਾ ਕਰਦਾ ਪਰ ਅਫ਼ਸੋਸ ਕਿ ਜੇਕਰ ਪੰਥਕ ਸੰਸਥਾਵਾਂ ਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਪੰਥਕ ਮਰਿਆਦਾ ਨੂੰ ਮੰਨਣ ਲਈ ਪਾਬੰਦ ਨਹੀਂ ਤਾਂ ਪੰਥਕ ਮਰਿਆਦਾ ਨੂੰ ਹੋਰ ਕੌਣ ਮੰਨੇਗਾ?