
ਸੰਗਤ ਦਾ ਕਹਿਣਾ ਹੈ ਕਿ ਇਹ ਬੇਅਦਬੀਆਂ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ।
ਲੁਧਿਆਣਾ: ਲੁਧਿਆਣਾ ਦੀ ਦੁੱਗਰੀ ਨਹਿਰ ਵਿਚੋਂ ਤਿੰਨ ਗੁਟਕਾ ਸਾਹਿਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੌਕੇ ਨਹਿਰ ਵਿਚੋਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਵੀ ਮਿਲੀਆਂ। ਸੰਗਤ ਦਾ ਕਹਿਣਾ ਹੈ ਕਿ ਇਹ ਬੇਅਦਬੀਆਂ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ। ਸੰਗਤ ਨੇ ਗੁਟਕਾ ਸਾਹਿਬ ਸੁਰੱਖਿਅਤ ਗੁਰਦੁਆਰਾ ਸਾਹਿਬ ਪਹੁੰਚਾਏ।
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਗੁਟਕਾ ਸਾਹਿਬ ਨੂੰ ਜਲ ਪ੍ਰਵਾਹ ਕੀਤਾ ਗਿਆ ਹੋਵੇ ਪਰ ਸੰਗਤ ਦਾ ਕਹਿਣਾ ਹੈ ਕਿ ਗੁਟਕਾ ਸਾਹਿਬ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਇਹਨਾਂ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ। ਨਹਿਰ ਵਿਚ ਪਾਣੀ ਨਹੀਂ, ਇੱਥੇ ਸਿਰਫ਼ ਕੂੜਾ ਪਿਆ ਹੈ।
ਸਿੱਖਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਕਰਨ ਵਾਲੇ ਪਾਪਾਂ ਦੇ ਭਾਗੀਦਾਰ ਬਣ ਰਹੇ ਹਨ। ਸੰਗਤ ਨੇ ਇਸ ਦੀ ਸਾਰੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੰਗਤ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।