
ਭਾਰਤੀ ਮੂਲ ਦੇ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਅਮਰੀਕਾ ਪੁੱਜ ਗਏ ਹਨ। ਸਰਬੱਤ ਖ਼ਾਲਸਾ ਸੰਮੇਲਨ 'ਚ ਅਮਰੀਕਾ ਤੋਂ ਭਾਰਤ ਪੁੱਜੇ ਰੇਸ਼ਮ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੇ..
ਅੰਮ੍ਰਿਤਸਰ, 17 ਅਗਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤੀ ਮੂਲ ਦੇ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਅਮਰੀਕਾ ਪੁੱਜ ਗਏ ਹਨ। ਸਰਬੱਤ ਖ਼ਾਲਸਾ ਸੰਮੇਲਨ 'ਚ ਅਮਰੀਕਾ ਤੋਂ ਭਾਰਤ ਪੁੱਜੇ ਰੇਸ਼ਮ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੇ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਨੇ ਇਕ ਸਾਜ਼ਸ਼ ਤਹਿਤ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਜੇਲ ਵਿਚ ਡੱਕ ਦਿਤਾ ਸੀ।
ਇਹ ਪ੍ਰਗਟਾਵਾ ਕਰਦਿਆਂ ਮਾਨ ਦਲ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪੰਥਕ ਧਿਰਾਂ ਵਲੋਂ ਅਕਤੂਬਰ 2015 ਤੇ 2016 'ਚ ਬੁਲਾਏ ਗਏ ਸਰਬੱਤ ਖ਼ਾਲਸਾ ਸੰਮੇਲਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਅਮਰੀਕਾ ਦੇ ਸਥਾਈ ਨਾਗਰਿਕ ਹਨ। ਉਨ੍ਹਾਂ ਨੂੰ ਵਾਪਸ ਅਮਰੀਕਾ ਜਾਣ ਲਈ ਲੰਮੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਅਮਰੀਕਾ ਵਾਪਸ ਜਾਣ ਲਈ ਇਥੋਂ ਦੀ ਸਰਕਾਰ ਤੇ ਅਫ਼ਸਰਸ਼ਾਹੀ ਪਾਸਪੋਰਟ ਜਾਰੀ ਨਹੀਂ ਸੀ ਕਰ ਰਹੀ। ਡੇਢ ਤੋਂ ਦੋ ਮਹੀਨੇ ਤਕ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਜੇਲ ਵਿਚ ਰਹਿਣਾ ਪਿਆ। ਪਾਸਪੋਰਟ ਲੈਣ ਲਈ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਣਾ ਪਿਆ ਪਰ ਕੋਈ ਨਿਆਂ ਨਾ ਮਿਲਣ ਤੇ ਅਦਾਲਤ ਤਕ ਪਹੁੰਚ ਕਰਨੀ ਪਈ। ਜੇਲ ਤੋਂ ਰਿਹਾਅ ਹੋ ਕੇ ਭਾਈ ਰੇਸ਼ਮ ਸਿੰਘ ਜਲੰਧਰ ਲਾਗੇ ਅਪਣੇ ਪਿੰਡ ਚਲੇ ਗਏ ਸਨ। ਉਥੋਂ ਉਨ੍ਹਾਂ ਅਮਰੀਕਾ ਜਾਣ ਲਈ ਸਥਾਨਕ ਅਧਿਕਾਰੀਆਂ ਨਾਲ ਰਾਬਤਾ ਵੀ ਕਾਇਮ ਕੀਤਾ ਪਰ ਸਰਕਾਰ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਪਾਸਪੋਰਟ ਜਾਰੀ ਕਰਨ ਦੀ ਥਾਂ ਪ੍ਰੇਸ਼ਾਨ ਕਰਦੀ ਰਹੀ।
ਭਾਈ ਰੇਸ਼ਮ ਸਿੰਘ ਦੇ ਪਾਸਪੋਰਟ ਨੂੰ ਭਾਰਤੀ ਅਧਿਕਾਰੀਆਂ ਵਲੋਂ ਹਰੀ ਝੰਡੀ 13 ਅਗੱਸਤ ਨੂੰ ਦਿਤੀ ਗਈ ਅਤੇ ਉਹ 14 ਅਗੱਸਤ ਨੂੰ ਅਮਰੀਕਾ ਲਈ ਰਵਾਨਾ ਹੋ ਗਏ। ਅਮਰੀਕਾ ਪੁੱਜ ਕੇ ਉਥੋਂ ਦੀ ਸਿੱਖ ਸੰਗਤ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।