
ਕਿਹਾ, ਦੀਵਾਨ ਤੇ ਸਿਆਸਤਦਾਨਾਂ ਦਾ ਕਬਜ਼ਾ ਹੋਣ ਨਾਲ ਸੰਗਠਨ ਦੇ ਕਿਰਦਾਰ ਨੂੰ ਢਾਹ ਲੱਗੀ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਚੀਫ਼ ਖ਼ਾਲਸਾ ਦੀਵਾਨ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਧਾਰਮਕ ਬਿਰਤੀ ਵਾਲੇ ਉਮੀਦਵਾਰਾਂ ਨੂੰ ਹੀ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਹੀ ਵੋਟ ਪਾਉਣ ਜਿਹੜਾ ਪੂਰੀ ਤਰਾਂ ਨਿਰੋਲ ਧਾਰਮਿਕ ਤੇ ਦੀਵਾਨ ਦੇ ਹਿਤਾਂ ਦੀ ਰਖਿਆ ਕਰਨ ਦੀ ਸਮੱਰਥਾ ਰਖਦਾ ਹੋਵੇ। ਸਰਨਾ ਨੇ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਸਿੱਖ ਪੰਥ ਦੀ ਇਕ ਧਾਰਮਕ ਤੇ ਵਿਦਿਅਕ ਸੰਸਥਾ ਹੈ ਅਤੇ ਇਸ ਸੰਸਥਾ ਨੇ ਹੁਣ ਤਕ ਬਹੁਤ ਸਾਰੇ ਅਜਿਹੇ ਵਿਦਿਆਰਥੀ ਪੈਦਾ ਕੀਤੇ ਹਨ ਜਿਹੜੇ ਦੇਸ਼ਾਂ ਵਿਦੇਸ਼ਾਂ ਵਿਚ ਸੰਸਥਾ ਦਾ ਨਾਂ ਉੱਚਾ ਕਰ ਰਹੇ ਹਨ ਪਰ ਪਿਛਲੇ ਕਰੀਬ ਇਕ ਦਹਾਕੇ ਤੋਂ ਇਹ ਸੰਸਥਾ ਦੇ ਸਿਆਸਤਦਾਨਾਂ ਦੇ ਕਬਜ਼ੇ ਵਿਚ ਆਉਣ ਕਾਰਨ ਇਸ ਦੇ ਕਿਰਦਾਰ ਨੂੰ ਕਾਫ਼ੀ ਢਾਹ ਲੱਗੀ ਹੈ।
Sarna
ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੱਢਾ ਦੇ ਕਾਲ ਸਮੇਂ ਇਸ ਸੰਸਥਾ ਵਿਚ ਸਿਆਸਤਦਾਨਾਂ ਤੇ ਕਿਰਦਾਰਹੀਣ ਵਿਅਕਤੀਆ ਦਾ ਜੰਮਘਟਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਪ੍ਰਧਾਨ ਤੇ ਹੋਰ ਆਹੇਦਦਾਰਾਂ ਦੀ ਅਕਸਰ ਚੋਣ ਸਰਬਸੰਮਤੀ ਨਾਲ ਹੁੰਦੀ ਰਹੀ ਹੈ ਪਰ ਇਸ ਵਾਰੀ ਜਿਸ ਤਰੀਕੇ ਨਾਲ ਚੋਣ ਹੋ ਰਹੀ ਹੈ ਉਸ ਨੇ ਦੀਵਾਨ ਦੇ ਵਕਾਰ ਕਾਫ਼ੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਇਕ ਧੜੇ ਦੀ ਪੁਸ਼ਤਪਨਾਹੀ ਨਹੀਂ ਕਰਦੇ ਪਰ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਦੀਵਾਨ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰਖਦੇ ਹੋਏ ਉਨ੍ਹਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾ ਕੇ ਕਾਮਯਾਬ ਕਰਨ ਜਿਹੜੇ ਨਿਰੋਲ ਧਾਰਮਕ ਬਿਰਤੀ ਵਾਲੇ ਤੇ ਦੀਵਾਨ ਦੀ ਸੇਵਾ ਨੂੰ ਸਮਰਪਤ ਹੋਣ।