
10 ਫ਼ੀ ਸਦੀ ਰਹਿੰਦਾ ਕੰਮ ਪੂਰਾ ਕਰਨ ਲਈ ਮੈਂਬਰਾਂ ਨੇ ਕਮਰਕਸੇ ਕੀਤੇ!
ਬਪਰੌਰ, ਅੱਜ ਪਿੰਡ ਬਪਰੌਰ ਵਿਖੇ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ 50 ਕੁ ਮੁਖੀ ਮੈਂਬਰਾਂ, ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਬਾਕੀ ਰਹਿੰਦਾ 10 ਫ਼ੀ ਸਦੀ ਕੰਮ ਪੂਰਾ ਕਰਨ ਲਈ, 10 ਕਰੋੜ ਦਾ ਪ੍ਰਬੰਧ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿਤੀਆਂ ਜਾਣ ਤਾਕਿ ਹਰ ਹਾਲਤ ਵਿਚ 'ਉੱਚਾ ਦਰ' ਬਾਬੇ ਨਾਨਕ ਦੇ 550ਵੇਂ ਆਗਮਨ ਪੁਰਬ ਤੇ ਜ਼ਰੂਰ ਚਾਲੂ ਹੋ ਜਾਏ।
ਸ. ਜੋਗਿੰਦਰ ਸਿੰਘ ਦੀ ਤਕਰੀਰ ਉਪਰੰਤ ਸ. ਪ੍ਰਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਬੀਬੀ ਦਲਜੀਤ ਕੌਰ ਜਿਨ੍ਹਾਂ ਨੇ ਪਿਛਲੇ ਹਫ਼ਤੇ 20 ਲੱਖ ਦਿਤੇ ਸਨ (ਪਤੀ ਨੇ 10 ਲੱਖ ਵਖਰੇ ਤੇ ਪਤਨੀ ਨੇ 10 ਲੱਖ ਵਖਰੇ), ਨੇ ਅੱਜ ਪੰਜ ਲੱਖ ਹੋਰ ਦੇਣ ਦਾ ਐਲਾਨ ਕਰ ਦਿਤਾ ਤਾਕਿ ਉੱਚਾ ਦਰ ਸਮੇਂ ਸਿਰ ਜ਼ਰੂਰ ਚਾਲੂ ਹੋ ਜਾਏ। ਥੋੜੀ ਦੇਰ ਬਾਅਦ ਸ. ਪ੍ਰਵਿੰਦਰ ਸਿੰਘ ਤੇ ਬੀਬੀ ਦਲਜੀਤ ਕੌਰ ਦੇ ਬੇਟੇ ਸ. ਦੀਪ ਅਨਮੋਲ ਸਿੰਘ ਸਟੇਜ 'ਤੇ ਆਏ ਤੇ ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੇ ਬੈਂਕ ਖਾਤੇ ਵਿਚ ਦੋ ਲੱਖ ਪਏ ਹਨ, ਜਦੋਂ ਵੀ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਨੂੰ ਲੋੜ ਹੋਵੇ, ਲੈ ਸਕਦੇ ਹਨ।
ਇਸ ਸਮੇਂ ਪਟਿਆਲੇ ਦੇ ਦੋ ਨੌਜਵਾਨ ਭਰਾ ਸਰਬਜੀਤ ਸਿੰਘ ਤੇ ਨਿਰਮਲ ਸਿੰਘ (ਫ਼ੋਟੋ ਵਿਚ ਸਰਕਲ ਲੱਗੇ ਨੌਜਵਾਨ ਵੇਖੋ) ਸਟੇਜ 'ਤੇ ਆਏ ਤੇ ਐਲਾਨ ਕੀਤਾ ਕਿ ਉਹ ਦੋਵੇਂ ਭਰਾ ਵੀ ਛੇਤੀ ਹੀ 10 ਲੱਖ ਅਪਣੇ ਕੋਲੋਂ ਦੇ ਦੇਣਗੇ। ਇਸੇ ਤਰ੍ਹਾਂ ਬਠਿੰਡਾ ਦੇ ਸ. ਜਗਜੀਤ ਸਿੰਘ ਜਿਨ੍ਹਾਂ ਨੇ ਪਿਛਲੇ ਹਫ਼ਤੇ ਹੀ ਘਰ ਦੇ ਜੀਆਂ ਨੂੰ ਸਰਪ੍ਰਸਤ ਮੈਂਬਰ ਬਣਾ ਕੇ 5 ਲੱਖ ਉਸਾਰੀ ਦਾ ਕੰਮ ਤੇਜ਼ ਕਰਨ ਲਈ ਦਿਤੇ ਸਨ, ਉਨ੍ਹਾਂ ਫਿਰ ਐਲਾਨ ਕੀਤਾ ਕਿ ਉਹ ਛੇਤੀ ਹੀ ਪੰਜ ਲੱਖ ਹੋਰ ਦੇ ਦੇਣਗੇ।
Ucha Dar Baba Nanak Da
ਸ. ਮਹਿੰਦਰ ਸਿੰਘ ਖ਼ਾਲਸਾ ਬਠਿੰਡਾ ਨੇ 4 ਲੱਖ ਦਾ ਚੈੱਕ ਗਵਰਨਿੰਗ ਕੌਂਸਲ ਦੇ ਇਕ ਨਵੇਂ ਮੈਂਬਰ ਵਲੋਂ ਦਿਤਾ ਤੇ ਬਾਕੀ ਛੇ ਲੱਖ ਛੇਤੀ ਦੇਣ ਦਾ ਐਲਾਨ ਕੀਤਾ। ਸ. ਬਲਵਿੰਦਰ ਸਿੰਘ ਅੰਬਰਸਰੀਆ ਨੇ ਦਸਿਆ ਕਿ ਉਨ੍ਹਾਂ ਨੇ ਅਪਣਾ ਇਕ ਪਲਾਟ ਵੇਚਣੇ ਲਾਇਆ ਹੋਇਆ ਹੇ ਤੇ ਉਹ ਵੀ ਛੇਤੀ ਹੀ ਪ੍ਰਾਪਤ ਹੋਈ ਰਕਮ ਉੱਚ ਦਰ ਬਾਬੇ ਨਾਨਕ ਦਾ ਟਰੱਸਟ ਨੂੰ ਦੇ ਦੇਣਗੇ।
ਸ. ਜੋਗਿੰਦਰ ਸਿੰਘ ਨੇ ਸੱਭ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਬਾਹਰ ਵੇਖਣ ਦੀ ਬਜਾਏ ਸਾਨੂੰ ਅਪਣੇ ਅੰਦਰੋਂ ਹੀ ਬਾਬੇ ਨਾਨਕ ਦੇ 100 ਹੀਰੇ ਲੱਭਣੇ ਪੈਣਗੇ ਜੋ 10-10 ਲੱਖ ਜਾਂ ਵੱਧ ਦੇ ਕੇ ਉੱਚਾ ਦਰ ਬਾਬੇ ਨਾਨਕ ਨੂੰ ਚਾਲੂ ਕਰਨ ਵਿਚ ਹੀਰਿਆਂ ਵਾਲਾ ਰੋਲ ਨਿਭਾਉਣ। 'ਉੱਚਾ ਦਰ' ਸ਼ੁਰੂ ਹੋ ਜਾਣ ਮਗਰੋਂ ਹਰ ਕੋਈ ਇਸ ਦਾ ਮੈਂਬਰ ਬਣਨਾ ਚਾਹੇਗਾ ਤੇ ਏਨੇ ਮੈਂਬਰ ਬਣਨਗੇ ਕਿ ਤੁਹਾਡੇ ਕੋਲੋਂ ਸੰਭਾਲੇ ਨਹੀਂ ਜਾਣਗੇ ਪਰ ਇਸ ਵੇਲੇ ਇਸ ਨੂੰ ਚਾਲੂ ਕਰਨ ਦੇ ਰਸਤੇ ਦੀਆਂ ਰੁਕਾਵਟਾਂ ਦੂਰ ਕਰਨ ਲਈ ਤੁਹਾਨੂੰ ਆਪ ਹੀ ਕੁਰਬਾਨੀ ਕਰਨੀ ਪਵੇਗੀ ਤੇ ਅਪਣੇ ਅੰਦਰੋਂ ਹੀ ਹੀਰੇ ਲੱਭਣੇ ਪੈਣਗੇ।
ਅੰਤ ਵਿਚ ਸ. ਜੋਗਿੰਦਰ ਸਿੰਘ ਨੇ ਪ੍ਰੇਰਨਾ ਕੀਤੀ ਕਿ 'ਉੱਚਾ ਦਰ' ਦੇ ਸਾਰੇ ਟਰੱਸਟੀ, ਗਵਰਨਿੰਗ ਕੌਂਸਲ ਦੇ ਮੈਂਬਰ ਤੇ ਹੋਰ ਮੁਖੀ ਇਸ ਹੱਲੇ ਨੂੰ ਕਾਮਯਾਬ ਕਰਨ ਲਈ ਜ਼ਰੂਰ ਹੀ 10-10 ਲੱਖ ਦਾ ਉਧਾਰ ਦੇ ਦੇਣ ਕਿਉਂਕਿ ਉੱਚਾ ਦਰ ਚਾਲੂ ਹੋ ਜਾਣ ਮਗਰੋਂ ਇਹ ਰਕਮ ਉਨ੍ਹਾਂ ਨੂੰ ਛੇਤੀ ਹੀ ਵਾਪਸ ਕਰ ਦਿਤੀ ਜਾਏਗੀ। ਉਨ੍ਹਾਂ ਸਾਰਿਆਂ ਨੇ ਪਹਿਲਾਂ ਵੀ ਉੱਚਾ ਦਰ ਨੂੰ ਕਾਫ਼ੀ ਸਹਾਇਤਾ ਦਿਤੀ ਹੈ ਪਰ ਅਜਿਹੇ ਵੱਡੇ ਅਦਾਰਿਆਂ ਦਾ ਸ਼ੁਰੂਆਤੀ ਭਾਰ ਥੋੜੇ ਪਰ ਖ਼ੁਸ਼ਕਿਸਮਤ ਲੋਕਾਂ ਨੂੰ ਹੀ ਚੁਕਣਾ ਪੈਂਦਾ ਹੈ।
ਹਰ ਕਿਸੇ ਨੂੰ ਸੇਵਾ ਦਾ ਇਹ ਇਤਿਹਾਸਕ ਮੌਕਾ ਨਹੀਂ ਮਿਲਦਾ। ਇਸ ਨਾਲ ਬਾਕੀਆਂ ਨੂੰ ਵੀ ਹੌਂਸਲਾ ਮਿਲੇਗਾ ਕਿ ਇਸ ਅਦਾਰੇ ਦੇ ਸਾਰੇ ਸੇਵਾਦਾਰ ਕੁਰਬਾਨੀ ਕਰਨ ਵਾਲੇ ਹਨ, ਨਿਰੀਆਂ ਗੱਲਾਂ ਕਰਨ ਵਾਲੇ ਨਹੀਂ। ਫਿਰ ਉਹ ਵੀ ਕੁਰਬਾਨੀ ਕਰਨ ਲਈ ਅਪਣੇ ਆਪ ਅੱਗੇ ਆਉਣਗੇ। ਅੰਤ ਵਿਚ ਸੱਭ ਨੇ ਰਲ ਕੇ ਲੰਗਰ ਛਕਿਆ ਤੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਨਿਸ਼ਚਿਤ ਮਿਤੀ 'ਤੇ ਚਾਲੂ ਕਰਨ ਦਾ ਸੰਕਲਪ ਲੈ ਕੇ ਘਰ ਪਰਤੇ।