
ਪੁਲਿਸ ਵਲੋਂ ਦਰਜ ਕੇਸ ਹੋਇਆ ਝੂਠਾ ਸਾਬਤ
ਰਈਆ : 'ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ' ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਡੇਰਾ ਰਾਧਾ ਸਵਾਮੀ ਬਿਆਸ ਵਲੋਂ ਕੀਤੇ ਕਥਿਤ ਨਾਜਾਇਜ਼ ਕਬਜ਼ਿਆਂ ਵਿਰੁਧ ਬੀਤੇ ਸਤੰਬਰ ਮਹੀਨੇ ਦੀ 12 ਤਰੀਕ ਤੋਂ ਬਿਆਸ ਫਲਾਈ ਓਵਰ ਪੁਲ ਦੇ ਹੇਠਾਂ ਲਗਾਏ ਗਏ ਧਰਨੇ ਨੂੰ ਪੁਲਿਸ ਵਲੋਂ 26 ਦਿਨਾਂ ਬਾਅਦ ਸ਼ਾਮ ਦੇ ਸਮੇਂ ਚੁਕਾ ਦਿਤਾ ਗਿਆ ਸੀ ਜਿਸ ਵਿਚ ਭਾਈ ਬਲਦੇਵ ਸਿੰਘ ਸਿਰਸਾ, ਰਣਜੀਤ ਸਿੰਘ, ਮੱਖਣ ਸਿੰਘ, ਹਰਜਿੰਦਰ ਸਿੰਘ, ਨਰਜਿੰਦਰ ਸਿੰਘ ਬਿਆਸ ਤੇ ਜਲਵਿੰਦਰ ਸਿੰਘ ਨੂੰ ਧਾਰਾ 107/151 ਅਧੀਨ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਸੀ। ਇਨ੍ਹਾਂ ਕਿਸਾਨਾਂ ਨੂੰ ਅੱਜ ਐਸ.ਡੀ.ਐਮ.ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਲੋਂ ਬਾਇਜ਼ਤ ਬਰੀ ਕਰ ਦਿਤਾ ਗਿਆ।
Baldev Singh Sirsa
ਅੱਜ ਅਦਾਲਤ ਦੀ ਚਲੀ ਕਾਰਵਾਈ ਵਿਚ ਮੈਜਿਸਟ੍ਰੇਟ ਸ੍ਰੀਮਤੀ ਸੁਮਿਤ ਮੁੱਧ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਪੁਲਿਸ ਵਲੋਂ ਕਿਸਾਨਾਂ ਵਿਰੁਧ ਅਦਾਲਤ ਵਿਚ ਪੇਸ਼ ਕੀਤੇ ਕਲੰਦਰੇ ਨੂੰ ਗ਼ਲਤ ਸਮਝਦੇ ਹੋਏ ਸਾਰੇ ਦੇ ਸਾਰੇ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ। ਕੋਰਟ ਤੋਂ ਬਾਹਰ ਆ ਕੇ ਇਸ ਫ਼ੈਸਲੇ ਉਪਰ ਸੰਤੁਸ਼ਟੀ ਜ਼ਾਹਰ ਕਰਦੇ ਹੋਏ ਭਾਈ ਸਿਰਸਾ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਇਹ ਸਾਬਤ ਹੁੰਦਾ ਹੈ ਕਿ ਪੁਲਿਸ ਨੇ ਕਿਸੇ ਦਬਾਅ ਅਧੀਨ ਸਾਡੇ ਉਪਰ ਇਹ ਝੂਠਾ ਪਰਚਾ ਦਰਜ ਕਰ ਕੇ ਸਾਨੂੰ ਜੇਲ ਭੇਜਿਆ ਸੀ ਜਿਸ ਦਾ ਕੋਰਟ ਵਲੋਂ ਸਾਨੂੰ ਇਨਸਾਫ਼ ਮਿਲ ਗਿਆ ਹੈ। ਉਨ੍ਹਾਂ ਸਾਰੀਆਂ ਕਿਸਾਨ ਤੇ ਧਾਰਮਕ ਜਥੇਬੰਦੀ ਅਤੇ ਹੋਰ ਸਾਰੇ ਉਨ੍ਹਾਂ ਭੈਣ ਭਰਾਵਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਸਾਡੇ ਜੇਲ ਜਾਣ ਤੋਂ ਬਾਅਦ ਸਾਡਾ ਹਰ ਤਰ੍ਹਾਂ ਸਾਥ ਦਿਤਾ ਹੈ ਅਤੇ ਇਸੇ ਸਾਥ ਸਦਕਾ ਹੀ ਇਹ ਜਿੱਤ ਹੋਈ ਹੈ।
Baldev Singh Sirsa
ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਡੀ.ਐਸ.ਪੀ ਦਫ਼ਤਰ ਦੇ ਬਾਹਰ ਸਵੇਰ ਤੋਂ ਹੀ ਰੈਲੀ ਕਰ ਰਹੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਵਲੋਂ ਇਸ ਫ਼ੈਸਲੇ ਨੂੰ ਕਿਸਾਨਾਂ ਦੀ ਵੱਡੀ ਜਿੱਤ ਦਸਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਡੇਰੇ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਇਕ ਰਣਨੀਤੀ ਤਿਆਰ ਕੀਤੀ ਜਾਵੇਗੀ ਜਿਸ ਵਿਚ ਪੰਜਾਬ ਭਰ ਦੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਸ਼ਾਮਲ ਹੋਣਗੀਆਂ।