
Panthak News: ਪੰਜਾਬੀ ਸਾਹਿਤ ਦੇ ਸਿਤਾਰਿਆਂ ਵਿਚ ਭਾਈ ਗੁਰਦਾਸ ਜੀ ਦਾ ਨਾਂ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਂਦਾ ਹੈ।
Great encyclopedia of spiritual poetry knowledge - Bhai Gurdas Ji Panthak News: ਪੰਜਾਬੀ ਸਾਹਿਤ ਦੇ ਸਿਤਾਰਿਆਂ ਵਿਚ ਭਾਈ ਗੁਰਦਾਸ ਜੀ ਦਾ ਨਾਂ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਂਦਾ ਹੈ। ਉਹ ਅਧਿਆਤਮਕ ਕਵਿਤਾ ਦੇ ਮਹਾਨ ਕੋਸ਼ ਜਾਂ ਖ਼ਜ਼ਾਨਾ ਸਨ। ਜਿਵੇਂ ਈਸਾਈ ਧਰਮ ਵਿਚ ਸੇਂਟ ਪਾਲ ਦਾ ਨਾਂ ਆਉਂਦਾ ਹੈ, ਉਸੇ ਤਰ੍ਹਾਂ ਸਿੱਖ ਧਰਮ ਦੇ ਆਪ ਪ੍ਰਮੁੱਖ ਪ੍ਰਚਾਰਕ ਮੰਨੇ ਜਾਂਦੇ ਹਨ। ਇਕ ਉੱਚ ਕੋਟੀ ਦੇ ਸਾਹਿਤਕਾਰ ਹੋਣ ਦੇ ਨਾਲ-ਨਾਲ ਆਪ ਜੀ ਬ੍ਰਿਜ ਭਾਸ਼ਾ, ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਦੇ ਪੂਰਨ ਵਿਦਵਾਨ ਸਨ।
ਆਪ ਜੀ ਦਾ ਜੀਵਨ ਵੀ ਬਹੁਤ ਹੀ ਧਾਰਮਕ ਅਤੇ ਗੁਰਬਾਣੀ ਨੂੰ ਸਮਰਪਿਤ ਰਿਹਾ ਹੈ। ਇਤਿਹਾਸ ਅਨੁਸਾਰ ਆਪ ਜੀ ਦਾ ਜਨਮ 1551 ਈ: ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਈਸਰ ਦਾਸ ਦੇ ਘਰ ਮਾਤਾ ਜੀਵਨੀ ਦੀ ਕੁੱਖੋਂ ਹੋਇਆ। ਭਾਈ ਗੁਰਦਾਸ ਜੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਭਤੀਜੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ। ਗੁਰੂ ਘਰ ਦੇ ਨਿਕਟ ਸਬੰਧੀ ਹੋਣ ਕਾਰਨ ਆਪ ਜੀ ਗੁਰਮਤਿ ਦੇ ਚੰਗੇ ਗਿਆਤਾ ਰਹੇ ਸਨ। ਆਪ ਜੀ ਦੀ ਜ਼ਿਆਦਾਤਰ ਪ੍ਰਸਿੱਧੀ ਆਦਿ ਗ੍ਰੰਥ ਨੂੰ ਸਪੂਰਨ ਕਰਨ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਕਰ ਕੇ ਹੋਈ।
ਛੋਟੀ ਉਮਰ ਵਿਚ ਹੀ ਆਪ ਜੀ ਸ੍ਰੀ ਗੁਰੂ ਅਮਰ ਦਾਸ ਜੀ ਦੀ ਸੇਵਾ ’ਚ ਗੋਇੰਦਵਾਲ ਜਾ ਕੇ ਜੁੱਟ ਗਏ। ਫਿਰ ਆਪ ਜੀ ਸ੍ਰੀ ਗੁਰੂ ਰਾਮ ਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਰਹੇ ਤਾਂ ਕੁਦਰਤੀ ਗੱਲ ਸੀ ਕਿ ਆਪ ਜੀ ਨੂੰ ਗੁਰਮਤਿ ਅਤੇ ਗੁਰਬਾਣੀ ਨਾਲ ਅਥਾਹ ਪਿਆਰ ਹੋ ਗਿਆ। ਭਾਵੇਂ ਆਪ ਜੀ ਦੀ ਪ੍ਰਸਿੱਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹੋਣ ਕਰ ਕੇ ਵੀ ਬਹੁਤ ਹੈ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਗਿਆ ਵਿਚ ਇਹ ਗੁਰਬਾਣੀ ਸੰਕਲਨ ਦਾ ਕੰਮ 1604 ਈ: ਵਿਚ ਸੰਪੂਰਨ ਹੋਇਆ ਸੀ। ਪਰ ਆਪ ਜੀ ਨੇ ਜੋ ਸਾਹਿਤ ਨੂੰ ਦੇਣ ਦਿਤੀ ਉਸ ਸਦਕਾ ਆਪ ਸਾਹਿਤ ਦੇ ਮਹਾਨ ਸਿਤਾਰੇ ਦੇ ਤੌਰ ’ਤੇ ਵੀ ਜਾਣੇ ਜਾਂਦੇ ਹਨ। ਆਪ ਜੀ ਨੇ ਸੰਸਕ੍ਰਿਤ ਭਾਸ਼ਾ ਵਿਚ 8 ਵਾਰਾਂ ਦੇ 6 ਛੰਦ ਲਿਖੇ, ਬ੍ਰਿਜ ਭਾਸ਼ਾ ਵਿਚ 672 ਕਬਿਤ ਅਤੇ 3 ਸਵੱਈਏ ਰਚੇ ਅਤੇ ਇਸੇ ਤਰ੍ਹਾਂ ਪੰਜਾਬੀ ਵਿਚ 40 ਵਾਰਾਂ ਦੀਆਂ 912 ਪਉੜੀਆਂ ਦੀ ਰਚਨਾ ਕੀਤੀ।
ਭਾਈ ਗੁਰਦਾਸ ਜੀ ਭਾਰਤੀ ਇਤਿਹਾਸ ਦੀ ਜਾਣਕਾਰੀ, ਗੁਰਮਤਿ ਰਹੱਸ ਅਤੇ ਫ਼ਿਲਾਸਫ਼ੀ ਦਾ ਵੀ ਬਚਿੱਤਰ ਗਿਆਨ ਰਖਦੇ ਸਨ। ਆਪ ਜੀ ਨੇ ਅਪਣੀ ਕਵਿਤਾ ਨੂੰ ਅਧਿਆਤਮਕ ਰੰਗ ਵਿਚ ਰੰਗੀ ਰਖਿਆ। ਇਸ ਲਈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਕਵਿਤਾ ਨੂੰ ‘‘ਗੁਰਬਾਣੀ ਦੀ ਕੁੰਜੀ’’ ਆਖ ਕੇ ਸਲਾਹਿਆ ਸੀ। ਆਪ ਜੀ ਦੀਆਂ ਮੁੱਖ ਕਵਿਤਾਵਾਂ ਵਿਚ-ਗੁਰੂ ਨਾਨਕ ਦੇਵ ਜੀ ਦਾ ਬਗ਼ਦਾਦ ਗਮਨ, ਜ਼ਾਹਰੀ ਕਲਾ, ਕਰਤਾਰਪੁਰ ਵਾਸ, ਆਚਲ ਵਟਾਲੇ ਜਾਣਾ, ਸਿੱਧਾਂ ਨਾਲ ਗੋਸਟਿ, ਸਿੱਧਾਂ ਦੀਆਂ ਕਰਾਮਾਤਾਂ, ਸਿੱਧਾਂ ਨਾਲ ਚਰਚਾ, ਧਰੂ-ਭਗਤ, ਪ੍ਰਹਿਲਾਦ ਭਗਤ, ਦ੍ਰੋਪਦੀ, ਰਾਜਾ ਹਰੀ ਚੰਦ ਅਤੇ ਤਾਰਾ ਰਾਣੀ, ਸੁਦਾਮਾ ਭਗਤ ਅਤੇ ਬਿਦਰ ਅਤੇ ਦੁਰਜੋਧਨ ਬਹੁਤ ਹੀ ਨਿਵੇਕਲੀਆਂ ਅਤੇ ਰਸ ਭਰੀਆਂ ਹਨ। ਆਪ ਜੀ ਦੀ ਭਾਸ਼ਾ ਵੀ ਬਹੁਤ ਸਰਲ ਅਤੇ ਜਲਦੀ ਸਮਝ ਆਉਣ ਵਾਲੀ ਹੁੰਦੀ ਹੈ ਜਿਵੇਂ ਕਿ ਆਪ ਜੀ ਨੇ ਲਿਖਿਆ ਹੈ :
ਸੁਖੁ ਰਾਜੇ ਹਰੀ ਚੰਦ ਘਰਿ ਨਾਰਿ
ਸੁ ਤਾਰਾ ਲੋਚਨ ਰਾਣੀ।
ਸਾਧ ਸੰਗਤਿ ਮਿਲਿ ਗਾਂਵਦੇ
ਰਾਤੀ ਜਾਇ ਸੁਣੇ ਗੁਰਬਾਣੀ।
ਆਪ ਜੀ ਦਾ ਗੁਰਬਾਣੀ ਨਾਲ ਪਿਆਰ, ਸੰਗਤਾਂ ਵਲੋਂ ਸਤਿਕਾਰ ਅਤੇ ਸਾਹਿਤ ਦੇ ਮਹਾਨ ਖ਼ਜ਼ਾਨੇ ਦਾ ਮਹਾਨ ਵਿਅਕਤੀਤਵ ਹੋਣ ਕਰ ਕੇ ਹੀ ਆਪ ਜੀ ਸੰਨ 1606 ਈ: ਤੋਂ ਲੈ ਕੇ ਸੰਨ 1636 ਈ: ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ। ਆਪ ਜੀ ਦੇ ਇਸ ਸੰਸਾਰ ਤੋਂ ਪ੍ਰਲੋਕ ਗਮਨ ਕਰਨ ਤਕ ਆਪ ਜੀ ਇਸ ਅਹੁਦੇ ਤੇ ਬਿਰਾਜਮਾਨ ਰਹੇ। ਇਸ ਤਰ੍ਹਾਂ ਇਹ ਵੀ ਉਨ੍ਹਾਂ ਦੀ ਵਿਲੱਖਣ ਸੇਵਾ ਰਹੀ ਹੈ ਜਦੋਂ ਕਿ ਆਪ ਜੀ ਨੇ ਪਹਿਲਾਂ ਹੀ ਆਦਿ ਗ੍ਰੰਥ ਦੀ ਸੰਪੂਰਨਤਾ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹਿਨੁਮਾਈ ਵਿਚ 19 ਸਾਲ ਸੇਵਾ ਕੀਤੀ ਸੀ ਜੋ ਕਿ ਕਾਰਜ 1604 ਈ: ਵਿਚ ਸੰਪੂਰਨ ਹੋਇਆ ਸੀ।
ਪੰਜਾਬੀ ਜਗਤ ਦੇ ਪ੍ਰਸਿੱਧ ਸਾਹਿਤਕਾਰ ਅਤੇ ਸਿੱਖ ਇਤਿਹਾਸ ਦੇ ਪ੍ਰਚਾਰਕ, ਕਵਿਤਾ ਦੇ ਖ਼ਜ਼ਾਨੇ ਭਾਈ ਗੁਰਦਾਸ ਜੀ 25 ਅਗੱਸਤ 1636 ਈ: ਨੂੰ ਸ੍ਰੀ ਗੋਇੰਦਵਾਲ, ਜ਼ਿਲ੍ਹਾ ਤਰਨਤਾਰਨ ਪੰਜਾਬ ਵਿਖੇ, ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਪਰ ਸਾਹਿਤਕ ਜਗਤ ਅਤੇ ਸਿੱਖ ਇਤਿਹਾਸ ਵਿਚ ਸਦਾ ਲਈ ਅਮਰ ਹੋ ਗਏ।
- ਬਹਾਦਰ ਸਿੰਘ ਗੋਸਲ, ਚੰਡੀਗੜ੍ਹ।
ਮੋਬਾ 98764-52223