
ਐਸਆਈਟੀ ਨੇ ਜਾਂਚ ਦੌਰਾਨ ਪੁਲਿਸ ਦੀ ਝੂਠੀ ਕਹਾਣੀ ਦਾ ਕੀਤਾ ਪਰਦਾ ਫ਼ਾਸ਼
ਕੋਟਕਪੂਰਾ : ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਨੂੰ ਆਪਹੁਦਰੀਆਂ ਅਤੇ ਮਨਮਾਨੀਆਂ ਕਰਨ ਦੀ ਕਿੰਨੀ ਕੁ ਖੁਲ੍ਹ ਸੀ, ਇਸ ਦਾ ਅੰਦਾਜ਼ਾ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਉਸ ਪੁਲਿਸੀਆ ਅਤਿਆਚਾਰ ਦੀ ਘਟਨਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਜਿਸ ਵਿਚ ਪੁਲਿਸ ਨੇ ਬੜੀ ਚਲਾਕੀ ਨਾਲ ਉਸ ਘਟਨਾ ਨੂੰ ਸੰਗਤਾਂ ਸਿਰ ਮੜ੍ਹਨ ਦੀਆਂ ਘਾੜਤਾਂ ਘੜੀਆਂ ਪਰ ਹੁਣ ਪੁਲਿਸ ਨੂੰ ਹੱਥਾਂ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਕਤ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਸਿੱਧ ਕਰ ਦਿਤਾ ਹੈ ਕਿ ਪੁਲਿਸ ਨੇ ਅਪਣੇ ਬਚਾਅ ਅਤੇ ਸੰਗਤਾਂ ਨੂੰ ਦੋਸ਼ੀ ਠਹਿਰਾਉਣ ਲਈ ਪੁਲਿਸ ਦੀ ਜਿਪਸੀ 'ਤੇ ਖ਼ੁਦ ਹੀ ਗੋਲੀਆਂ ਮਾਰੀਆਂ। ਹੁਣ ਇਸ ਸਾਜ਼ਸ਼ 'ਚ ਸ਼ਾਮਲ ਕੁੱਝ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਦੇ ਨੇੜਲੇ ਸਾਥੀਆਂ ਦੇ ਫਸਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਹਿਬਲ ਕਲਾਂ ਗੋਲੀਕਾਂਡ 'ਚ ਦੋ ਨੌਜਵਾਨਾ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ 'ਚ ਅਪਣਾ ਬਚਾਅ ਕਰਨ ਲਈ ਪੁਲਿਸ ਅਧਿਕਾਰੀਆਂ ਵਲੋਂ ਵਰਤੇ ਗਏ ਹੱਥਕੰਡਿਆਂ ਦੀ ਐਸਆਈਟੀ ਦੀ ਪੜਤਾਲ 'ਚ ਪਰਤ ਦਰ ਪਰਤ ਪੋਲ੍ਹ ਖੁਲ੍ਹ ਰਹੀ ਹੈ।
ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ 'ਤੇ ਗੋਲੀਬਾਰੀ ਕਰਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਿਪਸੀ 'ਤੇ ਫ਼ਰੀਦਕੋਟ-ਕੋਟਕਪੂਰਾ ਸੜਕ 'ਤੇ ਰਹਿਣ ਵਾਲੇ ਇਕ ਨਾਮੀ ਵਕੀਲ ਦੇ ਘਰ ਫ਼ਾਜ਼ਿਲਕਾ ਦੇ ਤਤਕਾਲੀਨ ਐਸ.ਪੀ. ਬਿਕਰਮਜੀਤ ਸਿੰਘ ਨੇ ਗੋਲੀਬਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਉਕਤ ਐਸ.ਪੀ. ਵੀ ਉਕਤ ਮਾਮਲੇ 'ਚ ਮੁਲਜ਼ਮ ਹੈ ਅਤੇ 21 ਮਈ ਤਕ ਅੰਤਰਮ ਜ਼ਮਾਨਤ 'ਤੇ ਹੈ। ਜਿਪਸੀ 'ਤੇ ਗੋਲੀਬਾਰੀ ਕਰਨ ਲਈ ਕਾਰ ਡੀਲਰ ਪੰਕਜ ਕੁਮਾਰ ਦੇ ਨਿਜੀ ਗੰਨਮੈਨ ਚਰਨਜੀਤ ਸਿੰਘ ਦੀ 12 ਬੋਰ ਬੰਦੂਕ ਦੀ ਵਰਤੋਂ ਕੀਤੀ ਗਈ।
ਐਸਆਈਟੀ ਨੇ ਉਕਤ ਬੰਦੂਕ ਵੀ ਬਰਾਮਦ ਕਰ ਲਈ ਹੈ। ਮਾਮਲੇ ਦੀ ਜਾਂਚ ਪ੍ਰਕਿਰਿਆ ਦੇ ਚਲਦੇ ਐਸਆਈਟੀ ਨੇ ਉਕਤ ਵਕੀਲ ਦੇ ਭਰਾ ਸੁਹੇਲ ਸਿੰਘ ਬਰਾੜ, ਕਾਰ ਡੀਲਰ ਦੇ ਕਰਿੰਦੇ ਅਤੇ ਉਸ ਦੇ ਨਿਜੀ ਗੰਨਮੈਨ ਦੇ ਬਿਆਨ ਧਾਰਾ 174 ਤਹਿਤ ਜੇ.ਐਮ.ਆਈ.ਸੀ. ਚੇਤਨ ਸ਼ਰਮਾ ਦੀ ਅਦਾਲਤ 'ਚ ਦਰਜ ਕਰਵਾਏ ਹਨ।
ਸਪੱਸ਼ਟ ਹੋ ਗਿਆ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਸਮੇਂ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਅਪਣੇ ਬਚਾਅ ਲਈ ਝੂਠੀ ਕਹਾਣੀ ਘੜ ਲਈ, ਜਿਸ ਤਹਿਤ ਦਾਅਵਾ ਕੀਤਾ ਗਿਆ ਸੀ ਕਿ ਜਦੋਂ ਪੁਲਿਸ ਵਲੋਂ ਧਰਨਾਕਾਰੀਆਂ ਨੂੰ ਸਮਝਾਇਆ ਜਾ ਰਿਹਾ ਸੀ
ਤਾਂ ਉਸ ਸਮੇਂ ਮੋਗਾ ਦੇ ਤਤਕਾਲੀਨ ਐਸਐਸਪੀ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ 'ਤੇ ਗੋਲੀਬਾਰੀ ਹੋਈ ਸੀ ਅਤੇ ਪੁਲਿਸ ਨੂੰ ਅਪਣੇ ਬਚਾਅ ਲਈ ਗੋਲੀਆਂ ਚਲਾਉਣੀਆਂ ਪਈਆਂ। ਉਕਤ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਹੁਣ ਡੂੰਘਾਈ ਨਾਲ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਜਿਪਸੀ 'ਤੇ ਗੋਲੀਬਾਰੀ ਖ਼ੁਦ ਪੁਲਿਸ ਅਧਿਕਾਰੀਆਂ ਨੇ ਹੀ ਕੀਤੀ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਐਸਆਈਟੀ ਉਕਤ ਮਾਮਲੇ ਦੀ ਹੋਰ ਕਈ ਪੱਖਾਂ ਅਤੇ ਪਹਿਲੂਆਂ ਤੋਂ ਜਾਂਚ ਕਰਦੀ ਰਹੀ ਪਰ ਜਦੋਂ ਜਾਂਚ ਦੌਰਾਨ ਉਕਤ ਜਿਪਸੀ ਦੇ ਡਰਾਈਵਰ ਗੁਰਨਾਮ ਸਿੰਘ ਨੇ ਬਿਆਨ ਦਰਜ ਕਰਵਾਇਆ
ਕਿ ਉਸ ਦਿਨ ਘਟਨਾ ਸਥਾਨ 'ਤੇ ਜਿਪਸੀ 'ਤੇ ਕੋਈ ਗੋਲੀਬਾਰੀ ਨਹੀਂ ਹੋਈ ਤਾਂ ਮਾਮਲਾ ਕਾਫ਼ੀ ਹੱਦ ਤਕ ਸਮਝ ਆ ਗਿਆ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਜਿਪਸੀ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਐਸਐਸਪੀ ਚਰਨਜੀਤ ਅਤੇ ਐਸ.ਪੀ. ਬਿਕਰਮਜੀਤ ਸਿੰਘ ਦੇ ਕਰੀਬੀਆਂ ਤੋਂ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਗੋਲੀਕਾਂਡ ਵਾਲੇ ਦਿਨ ਹੀ ਸ਼ਾਮ ਦੇ ਸਮੇਂ ਐਸ.ਪੀ. ਬਿਕਰਮਜੀਤ ਸਿੰਘ ਖ਼ੁਦ ਉਕਤ ਪਾਇਲਟ ਜਿਪਸੀ ਨੂੰ ਲੈ ਕੇ ਫ਼ਰੀਦਕੋਟ 'ਚ ਇਕ ਵਕੀਲ ਦੇ ਘਰ ਗਿਆ ਅਤੇ ਉੱਥੇ ਉਸ ਨੇ ਕਾਰ ਡੀਲਰ ਦੇ ਕਰਿੰਦੇ ਤੋਂ ਡੀਲਰ ਦੇ ਨਿਜੀ ਗੰਨਮੈਨ ਚਰਨਜੀਤ ਸਿੰਘ ਦੀ ਬੰਦੂਕ ਮੰਗਵਾਈ, ਜਿਸ ਨਾਲ ਜਿਪਸੀ 'ਤੇ ਗੋਲੀਬੀਰ ਕੀਤੀ ਗਈ।
ਉਧਰ ਐਸਆਈਟੀ ਦੀ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਬਹਿਬਲ ਕਲਾਂ ਗੋਲੀਕਾਂਡ 'ਚ ਗੰਭੀਰ ਜ਼ਖ਼ਮੀ ਹੋਏ ਬੇਅੰਤ ਸਿੰਘ ਨੂੰ ਏ.ਕੇ. 47 ਰਾਈਫ਼ਲ ਦੀ ਗੋਲੀ ਲੱਗੀ ਸੀ। ਬੇਅੰਤ ਸਿੰਘ ਨੇ ਐਸਆਈਟੀ ਨੂੰ ਦਿਤੇ ਬਿਆਨਾਂ ਰਾਹੀਂ ਦਸਿਆ ਕਿ ਉਸ ਨੂੰ ਇੰਸਪੈਕਟਰ ਪ੍ਰਦੀਪ ਸਿੰਘ ਵਲੋਂ ਗੋਲੀ ਮਾਰੀ ਗਈ ਸੀ। ਜਦਕਿ ਇੰਸਪੈਕਟਰ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਤਾਂ ਵਿਭਾਗ ਦਾ ਪੁਆਇੰਟ 9 ਐਮਐਮ ਦਾ ਪਿਸਤੌਲ ਸੀ ਜਿਸ ਵਿਚੋਂ ਗੋਲੀ ਚਲੀ ਹੀ ਨਹੀਂ। ਹੁਣ ਇਸ ਮਾਮਲੇ ਦੀ ਵੀ ਐਸਆਈਟੀ ਨੇ ਡੂੰਘਾਈ ਨਾਲ ਜਾਂਚ ਕਰਨੀ ਹੈ।