ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਇਕ ਪੱਤਰ ਵਿਚ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਅਮਰੀਕਾ..
ਚੰਡੀਗੜ੍ਹ, 14 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਇਕ ਪੱਤਰ ਵਿਚ ਸਿੱਖ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਦਾ ਕਤਲ 31 ਅਕਤੂਬਰ 1984 ਨੂੰ ਅਮਰੀਕਾ ਦੀ ਏਜੰਸੀ ਸੀ.ਆਈ.ਏ. ਨੇ ਕਰਵਾਇਆ ਸੀ ਕਿਉਂਕਿ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਰੌਨਲਡ ਰੀਗਨ ਨੂੰ ਇੰਦਰਾ ਗਾਂਧੀ ਦਾ ਉਸ ਵੇਲੇ ਜ਼ਿਊਂਦੇ ਰਹਿਣਾ ਮਨਜ਼ੂਰ ਨਹੀਂ ਸੀ। ਇਕਨੋਮਿਕ ਟਾਈਮਜ਼ ਵਿਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਡਾ. ਸੰਗਤ ਸਿੰਘ ਨੇ ਕਿਹਾ ਕਿ ਇਸ ਅਖ਼ਬਾਰ ਨੇ ਇਹ ਖ਼ਬਰ 30 ਜਨਵਰੀ 2017 ਨੂੰ ਛਾਪੀ ਹੈ। ਪ੍ਰਧਾਨ ਮੰਤਰੀ ਨੂੰ ਇਸ ਖ਼ਬਰ ਦੀ ਕਾਪੀ ਵੀ ਭੇਜੀ ਗਈ ਹੈ। ਡਾ. ਸੰਗਤ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਸੀ.ਆਈ.ਏ. ਨਾਲ ਸਬੰਧ ਰਖਦੇ 30 ਸਾਲ ਪੁਰਾਣੇ ਕਾਗ਼ਜ਼ ਜਨਤਕ ਕੀਤੇ ਗਏ ਹਨ।
ਪੱਤਰ ਵਿਚ ਉਨ੍ਹਾਂ ਅੱਗੇ ਲਿਖਿਆ ਹੈ ਕਿ ਇੰਦਰਾ ਗਾਂਧੀ 27 ਅਕਤੂਬਰ 1984 ਨੂੰ ਸ਼੍ਰੀਨਗਰ ਵਿਖੇ ਗਈ ਸੀ ਜਿਥੇ ਉਸ ਨੂੰ ਇਕ ਜੋਤਸ਼ੀ ਨੇ ਦਸਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਸਿਰਫ਼ 4 ਦਿਨ ਹੋਰ ਬਾਕੀ ਹੈ। ਇਸ ਗੱਲ ਦਾ ਜ਼ਿਕਰ ਪ੍ਰਸਿੱਧ ਪੱਤਰਕਾਰ ਇੰਦਰ ਮਲਹੋਤਰਾ ਨੇ ਅਪਣੀ ਕਿਤਾਬ 'ਇੰਦਰਾ ਗਾਂਧੀ ਇਕ ਨਿਜੀ ਅਤੇ ਸਿਆਸੀ ਬਾਇਉਗ੍ਰਾਫ਼ੀ' ਵਿਚ ਸਫ਼ਾ ਨੰ 304 'ਤੇ ਕੀਤਾ ਹੈ। ਮਲਹੋਤਰਾ ਨੇ ਇਹ ਗੱਲ ਨਿਜੀ ਤੌਰ 'ਤੇ ਡਾ. ਸੰਗਤ ਸਿੰਘ ਨੂੰ ਵੀ ਦਸੀ ਸੀ। ਪੱਤਰ ਵਿਚ ਲਿਖਿਆ ਹੈ ਕਿ ਸੀ.ਆਈ.ਏ. ਨੇ ਅਪਣੇ ਸੁਰੱਖਿਆ ਕਰਮੀ ਦੀ ਵਰਤੋਂ ਕੀਤੀ। ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਸਿਰਫ਼ ਉਸ ਦੇ ਮਿਹਦੇ ਵਿਚ ਹੀ ਗੋਲੀਆਂ ਮਾਰੀਆਂ ਸਨ। ਜਦਕਿ 3 ਗੋਲੀਆਂ ਸਬ-ਇੰਸਪੈਕਟਰ ਰਜੇਸ਼ਵਰ ਦਿਆਲ ਦੇ ਪੱਟ ਵਿਚ ਮਾਰੀਆਂ ਗਈਆਂ ਸਨ। ਇੰਦਰਾ ਗਾਂਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਦੂਜੀ ਗੱਲ ਇਹ ਹੈ ਕਿ ਸੀ.ਆਈ.ਏ. ਇੰਦਰਾ ਗਾਂਧੀ ਦੇ ਬੰਗਲੇ ਵਿਚ ਇਕ ਅਪਣਾ ਵਿਅਕਤੀ ਤੈਨਾਤ ਕਰਨਾ ਚਾਹੁੰਦੀ ਸੀ ਜੋ ਕਿ ਉਸ ਨੇ ਇਤਾਲਵੀ ਅੰਟੋਨੀਉ ਮੈਨੀਆ ਦੇ ਰੂਪ ਵਿਚ ਕੀਤਾ ਜਿਸ ਨੂੰ ਬਾਅਦ ਵਿਚ ਸੋਨੀਆ ਗਾਂਧੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਨ੍ਹਾਂ ਦਾ ਇਹ ਸਬੰਧ ਇੰਦਰਾ ਗਾਂਧੀ ਦੇ ਮੌਤ ਵਾਲੇ ਦਿਨ ਭਾਵ 31 ਅਕਤੂਬਰ 1984 ਤਕ ਰਿਹਾ (ਕ੍ਰਿਪਾ ਕਰ ਕੇ ਚੀਫ਼ ਜਸਟਿਸ ਨੂੰ ਲਿਖੇ ਪੱਤਰ ਦਾ ਪੈਰਾ ਨੰ 3 ਵੇਖਿਆ ਜਾਵੇ)। ਸ਼ਾਇਦ ਇਸ ਸਬੰਧੀ ਇਨਟੈਲੀਜੈਂਸ ਨੂੰ ਵੀ ਇਸ ਦੀ ਜਾਣਕਾਰੀ ਸੀ। ਉਨ੍ਹਾਂ ਨੇ ਪਹਿਲਾਂ ਕਿਹਾ ਕਿ ਕਾਤਲਾਂ ਵਿਚ ਦੋ ਸਿੱਖ ਅਤੇ ਇਕ ਗ਼ੈਰਸਿੱਖ ਸ਼ਾਮਲ ਹੈ ਪਰ ਜਦੋਂ ਬਾਅਦ ਵਿਚ ਰਾਜੀਵ ਗਾਂਧੀ ਅਪਣੀ ਪਤਨੀ ਨੂੰ ਮਿਲਿਆ ਤਾਂ ਸਰਕਾਰ ਨੇ ਤੀਜੇ ਬੰਦੇ ਦਾ ਜ਼ਿਕਰ ਨਾ ਕੀਤਾ। ਅਗਲੇ ਦਿਨ ਨਵੀਂ ਖ਼ਬਰ ਵਿਚ ਸਬ ਇੰਸਪੈਕਟਰ ਰਜੇਸ਼ਵਰ ਦਿਆਲ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਦੇ ਕਿ ਪੱਟ ਵਿਚ ਤਿੰਨ ਗੋਲੀਆਂ ਲਗੀਆਂ ਸਨ ਪਰ ਇਹ ਗੱਲ ਵੱਖ-ਵੱਖ ਕੋਰਟਾਂ ਜਿਨ੍ਹਾਂ ਵਿਚ ਸੈਸ਼ਨ ਕੋਰਟ, ਹਾਈ ਕੋਰਟ ਅਤੇ ਸੁਪ੍ਰੀਮ ਕੋਰਟ ਵਿਚ ਸ਼ਾਮਲ ਹਨ, ਨਾ ਕਹੀ ਗਈ।
ਚਿੱਠੀ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਗੱਲ ਬਹੁਤ ਗੰਭੀਰ ਹੈ ਕਿ ਇੰਦਰਾ ਗਾਂਧੀ ਦਾ ਕਤਲ ਰੋਨਲਡ ਰੀਗਨ ਵਲੋਂ ਸੀ.ਆਈ.ਏ. ਰਾਹੀਂ ਕਰਵਾਇਆ ਗਿਆ ਸੀ। ਸ਼ਾਇਦ ਪਾਕਿਸਤਾਨ ਦਾ ਰਾਸ਼ਟਰਪਤੀ ਵੀ ਇਸ ਕਾਰਵਾਈ ਵਿਚ ਸ਼ਾਮਲ ਸੀ।
ਖ਼ੁਸ਼ਵੰਤ ਸਿੰਘ ਨੇ ਕਿਹਾ ਸੀ ਕਿ ਸਿੱਖ ਕਤਲੇਆਮ ਵਿਚ 10 ਹਜ਼ਾਰ ਸਿੱਖ ਮਾਰੇ ਗਏ ਹਨ ਪਰ ਬਾਅਦ ਵਿਚ ਇਹ ਅੰਕੜਾ ਸਿਰਫ਼ 3300 ਹੀ ਦਸਿਆ ਗਿਆ। ਇੰਦਰਾ ਗਾਂਧੀ ਪਾਕਿਸਤਾਨ ਨੂੰ ਵੀ ਮਲੀਆਮੇਟ ਕਰਨਾ ਚਾਹੁੰਦੀ ਸੀ ਅਤੇ ਸਿੱਖਾਂ ਦੀ ਵੀ ਤਬਾਹੀ ਚਾਹੁੰਦੀ ਸੀ। ਇਸ ਤੋਂ ਇਲਾਵਾ ਸਿੱਖਾਂ ਨੂੰ ਬੁਰੀ ਤਰ੍ਹਾਂ ਟਾਰਚਰ ਵੀ ਕੀਤਾ ਗਿਆ।
ਪੱਤਰ ਦੇ ਅਖ਼ੀਰ ਵਿਚ ਲਿਖਿਆ ਗਿਆ ਹੈ ਕਿ ਇਸ ਸੱਭ ਤੋਂ ਪਤਾ ਲਗਦਾ ਹੈ ਕਿ ਸਿੱਖਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ। ਮੈ ਚੀਫ਼ ਜਸਟਿਸ ਨੂੰ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਬਣਾਉਣ ਦੀ ਬੇਨਤੀ ਕੀਤੀ ਹੈ ਜੋ ਕਿ ਬਹੁਤ ਛੋਟਾ ਜਿਹਾ ਕੰਮ ਹੈ। ਜਦਕਿ ਇੰਦਰਾ ਗਾਂਧੀ ਦਾ ਰੋਨਲਡ ਵਲੋਂ ਕਰਵਾਇਆ ਕਤਲ ਅਤੇ ਪਾਕਿਸਤਾਨ ਦੀ ਇਸ ਸ਼ਮੂਲੀਅਤ ਬਹੁਤ ਵੱਡੀ ਗੱਲ ਸੀ।