ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਲੋਕਾਂ ਵਿਰੁਧ ਟਰੰਪ ਪ੍ਰਸ਼ਾਸਨ ਲਗਾਤਾਰ ਸਖ਼ਤੀ ਕਰ ਰਿਹਾ ਹੈ। ਇਸੇ ਸਖ਼ਤੀ ਤਹਿਤ ਲਗਭਗ 12 ਸਾਲ ਪਹਿਲਾਂ ਗ਼ੈਰ ਕਾਨੂੰਨੀ ਢੰਗ..
ਨਿਊ ਯਾਰਕ, 14 ਅਗੱਸਤ: ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਲੋਕਾਂ ਵਿਰੁਧ ਟਰੰਪ ਪ੍ਰਸ਼ਾਸਨ ਲਗਾਤਾਰ ਸਖ਼ਤੀ ਕਰ ਰਿਹਾ ਹੈ। ਇਸੇ ਸਖ਼ਤੀ ਤਹਿਤ ਲਗਭਗ 12 ਸਾਲ ਪਹਿਲਾਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ 39 ਸਾਲ ਦੇ ਸਿੱਖ ਬਲਜੀਤ ਸਿੰਘ ਨੂੰ ਅਮਰੀਕਾ ਵਿਚੋਂ ਕੱਢ ਕੇ ਭਾਰਤ ਵਾਪਸ ਭੇਜਿਆ ਜਾਵੇਗਾ। ਜਾਣਕਾਰੀ ਅਨੁਸਾਰ 12 ਸਾਲ ਪਹਿਲਾਂ ਬਲਜੀਤ ਸਿੰਘ ਮੈਕਸਿਕੋ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਇਆ ਸੀ। ਬਲਜੀਤ ਸਿੰਘ ਅਮਰੀਕਾ ਵਿਚ ਸਥਿਤ ਇਕ ਗੈਸ ਸਟੇਸ਼ਨ ਵਿਖੇ ਮੈਨੇਜਰ ਵਜੋਂ ਕੰਮ ਕਰਦਾ ਹੈ ਅਤੇ ਅਪਣੇ ਪਰਵਾਰ ਲਈ ਰੋਜ਼ੀ-ਰੋਟੀ ਕਮਾਉਣ ਵਾਲਾ ਇਕਲੌਤਾ ਮੈਂਬਰ ਹੈ। ਬਲਜੀਤ ਸਿੰਘ ਦੇ ਵਕੀਲ ਨੇ ਕਿਹਾ ਕਿ 12 ਸਾਲ ਪਹਿਲਾਂ ਪੰਜਾਬ ਦਾ ਮਾਹੌਲ ਕਾਫ਼ੀ ਖ਼ਰਾਬ ਸੀ ਅਤੇ ਬਲਜੀਤ ਸਿੰਘ ਨੂੰ ਪੰਜਾਬ ਵਿਚ ਅਪਣੀ ਜਾਨ ਦਾ ਖ਼ਤਰਾ ਸੀ ਜਿਸ ਕਾਰਨ ਉਹ ਅਮਰੀਕਾ ਆ ਗਿਆ ਸੀ। ਅਮਰੀਕਾ ਵਿਚ ਹੀ ਬਲਜੀਤ ਸਿੰਘ ਦਾ ਵਿਆਹ ਹੋਇਆ ਅਤੇ ਉਸ ਦੇ ਦੋ ਬੱਚੇ ਹਨ ਜੋ ਅਮਰੀਕਾ ਦੇ ਨਾਗਰਿਕ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਉਹ ਇਮੀਗ੍ਰੇਸ਼ਨ ਦਫ਼ਤਰ ਗਿਆ ਜਿਥੇ ਉਸ ਨੂੰ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ 90 ਦਿਨਾਂ ਦੇ ਅੰਦਰ ਭਾਰਤ ਵਾਪਸ ਭੇਜ ਦਿਤਾ ਜਾਵੇਗਾ ਕਿਉਂਕਿ ਉਹ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਇਆ ਸੀ। ਇਕ ਹਫ਼ਤੇ ਦੀ ਹਿਰਾਸਤ ਤੋਂ ਬਾਅਦ ਬਲਜੀਤ ਸਿੰਘ ਨੂੰ ਨਿਗਰਾਨ ਹੇਠ ਰਿਹਾਅ ਕੀਤਾ ਗਿਆ ਅਤੇ ਤਿੰਨ ਮਹੀਨਿਆਂ ਵਿਚ ਉਸ ਨੂੰ ਭਾਰਤ ਵਾਪਸ ਭੇਜ ਦਿਤਾ ਜਾਵੇਗਾ। ਬਲਜੀਤ ਸਿੰਘ ਦੀ ਪਤਨੀ ਕੇਟ ਸਿੰਘ ਨੇ ਕਿਹਾ ਕਿ ਬਲਜੀਤ ਸਿੰਘ ਦਾ ਪਿਛੋਕੜ ਕੋਈ ਅਪਰਾਧਕ ਨਹੀਂ ਹੈ।
ਡੋਨਾਲਡ ਟਰੰਪ ਦੇ ਨਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿਚ ਲਗਭਗ ਸਾਰੇ ਨਿਯਮ ਬਦਲ ਗਏ ਹਨ। ਉਨ੍ਹਾਂ ਕਿਹਾ, 'ਇਹ ਕੋਈ ਮਾਇਨੇ ਨਹੀਂ ਰਖਦਾ ਕਿ ਤੁਸੀਂ ਦੋ ਬੱਚਿਆਂ ਦੇ ਪਿਤਾ ਹੋ ਅਤੇ ਕੋਈ ਕਾਨੂੰਨ ਵਿਰੁਧ ਕੋਈ ਕੰਮ ਨਹੀਂ ਕੀਤਾ ਜਾਂ ਤੁਸੀਂ ਕੋਈ ਅਪਰਾਧੀ ਹੋ। ਅਮਰੀਕਾ ਤੋਂ ਹਰ ਕੋਈ ਜਾ ਰਿਹਾ ਹੈ।' ਇਮੀਗ੍ਰੇਸ਼ਨ ਅਧਿਕਾਰੀ ਲੋਰੀ ਹੇਲੀ ਨੇ ਕਿਹਾ ਕਿ ਹਾਲਾਂਕਿ ਬਲਜੀਤ ਸਿੰਘ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ ਪਰ ਇਮੀਗ੍ਰੇਸ਼ਨ ਦਫ਼ਤਰ ਨੇ ਇਹ ਸਪੱਸ਼ਟ ਕੀਤਾ ਹੋਇਆ ਹੈ ਕਿ ਜੇ ਕੋਈ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਿਹਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਹਿਰਾਸਤ ਵਿਚ ਲਿਆ ਜਾ ਸਕਦਾ ਹੈ ਅਤੇ ਜੇ ਇਮੀਗ੍ਰੇਸ਼ਨ ਅਦਾਲਤ ਉਸ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਕਹਿੰਦੀ ਹੈ ਤਾਂ ਉਸ ਨੂੰ ਬਾਹਰ ਕੱਢ ਦਿਤਾ ਜਾਵੇ।
ਅਮਰੀਕਾ ਵਿਚ ਕਾਨੂੰਨੀ ਢੰਗ ਨਾਲ ਵਾਪਸ ਆਉਣ ਲਈ ਬਲਜੀਤ ਸਿੰਘ ਨੂੰ ਭਾਰਤ ਵਾਪਸ ਜਾਣਾ ਪਵੇਗਾ। ਕਾਨੂੰਨੀ ਰੂਪ ਨਾਲ ਅਮਰੀਕਾ ਵਾਪਸ ਜਾਣ ਲਈ ਛੇ ਮਹੀਨੇ ਤੋਂ ਦੋ ਸਾਲ ਤਕ ਦਾ ਸਮਾਂ ਲੱਗ ਸਕਦਾ ਹੈ ਅਤੇ ਜੇ ਬਲਜੀਤ ਸਿੰਘ ਦੇ ਕਾਗਜ਼ਾਤ ਅਮਰੀਕਾ ਵਲੋਂ ਰੱਦ ਕਰ ਦਿਤੇ ਜਾਂਦੇ ਹਨ ਤਾਂ ਉਸ ਨੂੰ ਅਮਰੀਕਾ ਵਾਪਸ ਆਉਣ ਲਈ 10 ਸਾਲ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਔਸਤਨ 11 ਮਿਲੀਅਨ ਲੋਕਾਂ ਨੂੰ ਦੇਸ਼ ਤੋਂ ਬਾਹਰ ਕਢਣਗੇ। ਉਨ੍ਹਾਂ ਕਿਹਾ ਸੀ ਕਿ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਲੋਕਾਂ ਨੇ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਜ਼ਿਆਦਾਤਰ ਲੋਕ ਮੈਕਸਿਕੋ ਤੋਂ ਹਨ ਜੋ ਅਮਰੀਕਾ ਵਿਚ ਦਹਾਕਿਆਂ ਤੋਂ ਰਹਿ ਰਹੇ ਹਨ। ਅਮਰੀਕਾ ਵਿਚ ਇਨ੍ਹਾਂ ਲੋਕਾਂ ਨੇ ਅਪਣੇ ਘਰ ਬਣਾ ਲਏ ਹਨ ਅਤੇ ਵਪਾਰ ਖੜੇ ਕੀਤੇ ਹਨ। (ਪੀ.ਟੀ.ਆਈ.)