
ਬੀਬੀਆਂ ਵਲੋਂ ਇਸ ਥਾਂ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਅਰਦਾਸ ਕਰ ਕੇ ਭੋਗ ਪਾਇਆ ਗਿਆ
ਡੇਹਲੋਂ, 23 ਮਾਰਚ (ਹਰਜਿੰਦਰ ਸਿੰਘ ਗਰੇਵਾਲ): ਲਾਗਲੇ ਪਿੰਡ ਨੰਗਲ ਵਿਖੇ ਯੋਗੀ ਪੀਰ ਦੀ ਸਮਾਧ ਤੇ ਪਿੰਡ ਦੇ ਕੁੱਝ ਲੋਕਾਂ ਵਲੋਂ ਅਖੰਡ ਪਾਠ ਕਰਵਾਉਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚਲੀ ਆ ਰਹੀ ਕਸ਼ਮਕਸ਼ ਅੱਜ ਉਸ ਵਕਤ ਠੰਢੀ ਹੋ ਗਈ ਜਦ ਅਕਾਲ ਤਖ਼ਤ ਜਾਰੀ ਹੁਕਮ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਪ੍ਰਸ਼ਾਸਨ ਨੂੰ ਸੌਂਪ ਕੇ ਇਸ ਨੂੰ ਰੋਕਣ ਲਈ ਕਹਿ ਦਿਤਾ। ਜ਼ਿਕਰਯੋਗ ਹੈ ਕਿ ਪਿੰਡ ਦੇ ਕੁੱਝ ਲੋਕਾਂ ਵਲੋਂ 23 ਮਾਰਚ ਨੂੰ ਯੋਗੀ ਪੀਰ ਦੀ ਸਮਾਧ ਤੇ ਅਖੰਡ ਪਾਠ ਆਰੰਭ ਕਰਵਾਇਆ ਜਾਣਾ ਸੀ ਜਿਸ ਦੀ ਸ਼ਿਕਾਇਤ ਪਿੰਡ ਦੇ ਹੀ ਵਿਅਕਤੀਆਂ ਵਲੋਂ ਅਕਾਲ ਤਖ਼ਤ 'ਤੇ ਕੀਤੀ ਗਈ ਜਿਸ 'ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ ਅਪਣੇ ਮੁਲਾਜ਼ਮਾਂ ਨੂੰ ਇਸ ਦੀ ਜਾਂਚ ਦਾ ਜਿੰਮਾਂ ਸੌਂਪਿਆ ਗਿਆ ਅਤੇ ਜਾਂਚ ਦੇ ਆਧਾਰ 'ਤੇ ਇਸ ਸਥਾਨ 'ਤੇ ਹੋਣ ਵਾਲੇ ਅਖੰਡ ਪਾਠ ਨੂੰ ਰੋਕਣ ਦੇ ਆਦੇਸ਼ ਜਾਰੀ ਕਰ ਦਿਤੇ ਗਏ।
Akhand Paath
ਭਾਵੇਂ ਯੋਗੀ ਪੀਰ ਦੀ ਸਮਾਧ 'ਤੇ ਅਖੰਡਪਾਠ ਨਾ ਕਰਵਾਉਣਾਂ ਤਾਂ ਮੰਨ ਲਿਆ ਗਿਆ ਪਰ ਪਿੰਡ ਦੀਆਂ ਕੁੱਝ ਬੀਬੀਆਂ ਵਲੋਂ ਇਸ ਥਾਂ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਅਰਦਾਸ ਕਰ ਕੇ ਭੋਗ ਪਾਇਆ ਗਿਆ। ਇਸ ਥਾਂ ਦੇ ਮੁੱਖ ਸੇਵਾਦਾਰ ਜਗਦੇਵ ਸਿੰਘ ਨੇ ਦਸਿਆ ਕਿ ਇਹ ਪਿੰਡ ਦੀ ਚਹਿਲ ਪੱਤੀ ਦੇ ਸ਼ਹੀਦਾਂ ਦੀ ਥਾਂ ਬਣੀ ਹੋਈ ਹੈ ਜਦਕਿ ਇਸ ਥਾਂ 'ਤੇ ਪਿਛਲੇ 40 ਸਾਲ ਤੋਂ ਲਗਾਤਾਰ ਅਖੰਡ ਪਾਠ ਦੇ ਭੋਗ ਹਰ ਸਾਲ ਪਾਏ ਜਾਂਦੇ ਹਨ ਅਤੇ ਲੰਗਰ ਚਲਦੇ ਹਨ ਅਤੇ ਲੋਕਾਂ ਦਾ ਭਰੋਸਾ ਹੈ ਕਿ ਇਸ ਥਾਂ ਕਾਰਨ ਪਿੰਡ ਕੁਦਰਤੀ ਕਰੋਪੀਆਂ ਤੋਂ ਬਚਿਆ ਹੋਇਆ ਹੈ ਪਰ ਇਸ ਵਾਰ ਪਿੰਡ ਦੇ ਕੁੱਝ ਲੋਕਾਂ ਵਲੋਂ ਇਸ ਥਾਂ 'ਤੇ ਕੁੱਝ ਦਿਨ ਪਹਿਲਾਂ ਸੰਤਾਂ ਦੇ ਦੀਵਾਨ ਲਗਾਉਣ ਲਈ ਕਿਹਾ ਗਿਆ ਸੀ ਪਰ ਦੀਵਾਨ ਨਾ ਲੱਗਣ ਦੀ ਕਾਰਨ ਉਨ੍ਹਾਂ ਵਲੋਂ ਇਸ ਥਾਂ 'ਤੇ ਕਰਵਾਏ ਜਾਣ ਵਾਲੇ ਅਖੰਡਪਾਠ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।