
ਗਗਨਦੀਪ ਕੌਰ ਦਾ ਭਰਾ ਗਵਰਨਰ ਹਾਊਸ ਲਾਹੌਰ 'ਚ ਲੋਕ ਸੰਪਰਕ ਅਧਿਕਾਰੀ ਹੈ
ਅੰਮ੍ਰਿਤਸਰ : ਸ੍ਰੀ ਨਨਕਾਣਾ ਸਾਹਿਬ ਦੀ ਵਸਨੀਕ ਬੀਬੀ ਗਗਨਜੀਤ ਕੌਰ ਪਾਕਿਸਤਾਨ ਵਿਚ ਐਮ.ਫ਼ਿਲ ਕਰਨ ਵਾਲੀ ਪਹਿਲੀ ਸਿੱਖ ਕੁੜੀ ਹੈ। ਗਗਨਦੀਪ ਕੌਰ ਨੇ ਐਮ.ਫ਼ਿਲ ਵਿਚੋਂ 80 ਫ਼ੀ ਸਦੀ ਅੰਕ ਪ੍ਰਾਪਤ ਕੀਤੇ ਹਨ। ਗਗਨਦੀਪ ਕੌਰ ਦੇ ਪਿਤਾ ਸਵਰਗੀ ਸਾਈ ਦਾਸ ਨਨਕਾਣਾ ਸਾਹਿਬ ਦੇ ਵਸਨੀਕ ਸਨ ਤੇ ਗਗਨਦੀਪ ਕੌਰ ਦਾ ਭਰਾ ਪਵਨ ਸਿੰਘ ਅਰੋੜਾ ਗਵਰਨਰ ਹਾਊਸ ਲਾਹੌਰ ਵਿਚ ਲੋਕ ਸੰਪਰਕ ਅਧਿਕਾਰੀ ਹੈ।
Bibi Gaganjeet Kaur
ਪਵਨ ਸਿੰਘ ਅਰੋੜਾ ਨੇ ਅੱਜ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਸ ਦੀ ਭੈਣ ਗਗਨਜੀਤ ਕੌਰ ਨੇ ਗੌਰਮਿੰਟ ਕਾਲਜ ਯੂਨੀਵਰਸਟੀ ਫ਼ੈਸਲਾਬਾਦ ਤੋਂ ਐਮ.ਫ਼ਿਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਸਰਕਾਰੀ ਸਕੂਲ ਵਿਚ ਅਧਿਆਪਕ ਵਜੋਂ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਦਸਿਆ ਕਿ ਸਮਾਂ ਮਿਲਣ 'ਤੇ ਉਨ੍ਹਾਂ ਦੀ ਭੈਣ ਪਾਕਿਸਤਾਨ ਵਿਚਲੀਆਂ ਹੋਰਨਾਂ ਹਿੰਦੂ-ਸਿੱਖ ਕੁੜੀਆਂ ਨੂੰ ਵੀ ਸਕੂਲ ਪੱਧਰ ਤੋਂ ਬਾਅਦ ਕਾਲਜ ਤੇ ਯੂਨੀਵਰਸਟੀ ਪੱਧਰ 'ਤੇ ਸਿਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਤਾਕਿ ਉਨ੍ਹਾਂ ਦਾ ਭਵਿੱਖ ਬਿਹਤਰ ਬਣ ਸਕੇ।
University
ਦੱਸਣਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਦੀ ਹੀ ਇਕ ਹੋਰ ਸਿੱਖ ਬੀਬੀ ਸਤਵੰਤ ਕੌਰ ਲਾਹੌਰ ਦੀ ਪੰਜਾਬ ਯੂਨੀਵਰਸਟੀ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਮੌਜੂਦਾ ਸਮੇਂ ਲਾਹੌਰ ਕਾਲਜ ਫ਼ਾਰ ਵੂਮੈਨ ਤੋਂ ਐਮ.ਫ਼ਿਲ ਕਰ ਰਹੀ ਹੈ। ਇਸ ਖ਼ੁਸ਼ੀ ਦੇ ਮੌਕੇ 'ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਰਮੇਸ਼ ਸਿੰਘ ਨੇ ਵੀ ਪਰਵਾਰ ਨੂੰ ਵਧਾਈ ਦਿਤੀ।