
70 ਸਫ਼ਿਆਂ ਦੀ ਇਹ ਕਿਤਾਬ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਲੜੀ ਵਿਚ ਨਵੰਬਰ 2018 ਤੋਂ ਜੂਨ 2019 ਤਕ ਹੋਏ ਵਿਸ਼ੇਸ਼ ਸਮਾਗਮਾਂ ਦਾ ਵਿਸਥਾਰ 'ਚ ਵਰਨਣ ਕਰਦੀ ਹੈ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਵਜੋਂ ਅੱਜ ਸੂਬਾ ਸਰਕਾਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਕੌਫੀ ਟੇਬਲ ਬੁੱਕ ਦੀ ਪਹਿਲੀ ਜ਼ਿਲਦ ਜਾਰੀ ਕੀਤੀ। ਇਹ ਕਿਤਾਬ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿਚ ਜਾਰੀ ਕੀਤੀ ਗਈ। 70 ਸਫ਼ਿਆਂ ਦੀ ਇਹ ਕਿਤਾਬ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਲੜੀ ਵਿਚ ਨਵੰਬਰ 2018 ਤੋਂ ਜੂਨ 2019 ਤਕ ਹੋਏ ਵਿਸ਼ੇਸ਼ ਸਮਾਗਮਾਂ ਦਾ ਵਿਸਥਾਰ 'ਚ ਵਰਨਣ ਕਰਦੀ ਹੈ।
First volume of coffee table book on 550th Prakash Purb
ਇਨ੍ਹਾਂ ਸਮਾਗਮਾਂ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਇਸ ਇਤਿਹਾਸਕ ਮੌਕੇ ਨੂੰ ਸਮਰਪਤ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਹੋਰ ਕਾਰਜ ਸ਼ਾਮਲ ਹਨ। ਇਸੇ ਤਰ੍ਹਾਂ ਸੂਬਾ ਸਰਕਾਰ ਵਲੋਂ ਪ੍ਰਕਾਸ਼ ਪੁਰਬ ਮੌਕੇ ਵਿੱਢੇ ਹੋਰ ਕਾਰਜਾਂ ਨੂੰ ਵੀ ਇਸ ਕਿਤਾਬ ਵਿਚ ਵਿਧੀਪੂਰਵਕ ਢੰਗ ਨਾਲ ਉਜਾਗਰ ਕੀਤਾ ਗਿਆ ਹੈ। ਇਨ੍ਹਾਂ ਵਿਚ ਪਿੰਡ ਬਾਬੇ ਨਾਨਕ ਦਾ, ਬੇਬੇ ਨਾਨਕੀ ਕਾਲਜ ਫਾਰ ਗਰਲਜ਼, ਆਲਾ ਦਰਜੇ ਦਾ ਆਡੀਟੋਰੀਅਮ, ਹਰੇਕ ਪਿੰਡ ਵਿਚ 550 ਬੂਟੇ ਲਾਉਣੇ, ਨਾਨਕ ਬਗੀਚੀ, ਸਰਬੱਤ ਸਿਹਤ ਬੀਮਾ ਯੋਜਨਾ ਅਤੇ ਪਵਿੱਤਰ ਕਾਲੀ ਵੇਈਂ ਦੀ ਸਫਾਈ ਦੇ ਉਪਰਾਲੇ ਮੁੱਖ ਤੌਰ 'ਤੇ ਸ਼ਾਮਲ ਹਨ।
Guru Purb
ਇਹ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਪਾਸਾਰ ਕਰਨ ਲਈ ਸੈਮੀਨਾਰ, ਵਿਚਾਰ-ਗੋਸ਼ਟੀਆਂ, ਕਵੀ ਦਰਬਾਰ, ਲੇਖ ਲਿਖਣ ਦੇ ਮੁਕਾਬਲਿਆਂ ਅਤੇ ਹਫ਼ਤੇ ਦੇ ਅਖੀਰ ਵਿਚ ਲੀਗ ਖੇਡਾਂ ਰਾਹੀਂ ਕੀਤੀਆਂ ਹੋਰ ਗਤੀਵਿਧੀਆਂ/ਪ੍ਰੋਗਰਾਮਾਂ 'ਤੇ ਵੀ ਚਾਨਣਾ ਪਾਉਂਦੀ ਹੈ। ਇਸੇ ਤਰ੍ਹਾਂ ਯਾਦਗਾਰੀ ਸਿੱਕੇ, ਦਸਤਾਵੇਜ਼ੀ ਫਿਲਮਾਂ ਤੇ ਨਾਟਕ, ਗੁਰਮਤਿ ਸੰਗੀਤ ਸੰਮੇਲਨ, ਗੀਤ, ਵਿਚਾਰ-ਚਰਚਾ ਤੇ ਕਾਵਿ ਰਚਨਾ, ਸਵਾਲ-ਜਵਾਬ, ਰਬਾਬ ਉਤਸਵ ਅਤੇ ਦਸਤਾਰਬੰਦੀ ਵਰਗੀਆਂ ਹੋਰ ਵਿਸ਼ੇਸ਼ ਸਰਗਰਮੀਆਂ ਵੀ ਕਿਤਾਬ ਦਾ ਮੁੱਖ ਆਕਰਸ਼ਨ ਹਨ। ਇਸ ਕੌਫੀ ਟੇਬਲ ਬੁੱਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ 'ਤੇ ਲਾਏ ਗਏ ਕਿਤਾਬ ਮੇਲਿਆਂ ਦੇ ਵੇਰਵੇ ਦੇਣ ਤੋਂ ਇਲਾਵਾ ਹੱਥ ਲਿਖਤ ਖਰੜਿਆਂ, ਭਾਈ ਮਰਦਾਨਾ ਜੀ ਦੀ ਰਬਾਬ ਆਦਿ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਕੌਫੀ ਟੇਬਲ ਬੁੱਕ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਤਿਆਰ ਕੀਤਾ ਗਿਆ ਅਤੇ ਇਸ ਦੀ ਪ੍ਰਕਾਸ਼ਨਾ ਕੰਟਰੋਲਰ ਪ੍ਰਿੰਟਿੰਗ ਤੇ ਸਟੇਸ਼ਨਰੀ, ਪੰਜਾਬ ਨੇ ਕੀਤੀ ਹੈ।
First volume of coffee table book on 550th Prakash Purb
ਕਿਤਾਬ ਰਿਲੀਜ਼ ਕਰਨ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਰਾਣੀ ਗੁਰਮੀਤ ਸਿੰਘ ਸੋਢੀ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਗੁਰਕਿਰਤ ਕ੍ਰਿਪਾਲ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿੱਤਰਾ ਅਤੇ ਐਡੀਸ਼ਨਲ ਡਾਇਰੈਕਟਰ ਸੇਨੂੰ ਦੁੱਗਲ ਵੀ ਹਾਜ਼ਰ ਸਨ।