
ਪੂਰੀ ਦੁਨੀਆਂ ਤੋਂ ਆਏ ਸਿੱਖ ਸ਼ਰਧਾਲੂਆਂ ਨੇ ਗੁਰੂ ਨਾਨਕ ਦੇਵ ਦੇ 480ਵੇਂ ਜੋਤੀ-ਜੋਤਿ ਦਿਵਸ ਸਬੰਧੀ ਕਰਤਾਰਪੁਰ ਸਾਹਿਬ ਵਿਖੇ ਅਰਦਾਸ ਕੀਤੀ।
ਲਾਹੌਰ : ਪੂਰੀ ਦੁਨੀਆਂ ਤੋਂ ਆਏ ਸਿੱਖ ਸ਼ਰਧਾਲੂਆਂ ਨੇ ਗੁਰੂ ਨਾਨਕ ਦੇਵ ਦੇ 480ਵੇਂ ਜੋਤੀ-ਜੋਤਿ ਦਿਵਸ ਸਬੰਧੀ ਤਿੰਨ ਦਿਨਾ ਪ੍ਰੋਗਰਾਮਾਂ ਦੀ ਸਮਾਪਤੀ 'ਤੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਵਿਚ ਅਰਦਾਸ ਕੀਤੀ। ਇਹ ਜਾਣਕਾਰੀ ਮੀਡੀਆ ਦੀ ਇਕ ਖ਼ਬਰ ਵਿਚ ਦਿਤੀ ਗਈ। ਇਕ ਖ਼ਬਰ ਮੁਤਾਬਕ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੇ ਦੌਰੇ 'ਤੇ ਵੀ ਲਿਜਾਇਆ ਗਿਆ।
Kartarpur Sahib
ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਡੇਰਾ ਬਾਬਾ ਨਾਨਕ ਗੁਰਦਵਾਰੇ ਨਾਲ ਜੋੜੇਗਾ। ਪੂਰੀ ਦੁਨੀਆਂ ਤੋਂ ਸਿੱਖ ਸ਼ਰਧਾਲੂ ਐਤਵਾਰ ਨੂੰ ਗੁਰਦਵਾਰੇ ਵਿਚ ਇਕੱਠੇ ਹੋਏ। ਇਸ ਵਿਚ ਕੈਨੇਡਾ ਅਤੇ ਵੱਖ-ਵੱਖ ਯੂਰਪੀ ਦੇਸ਼ਾਂ ਤੋਂ ਆਏ 145 ਸ਼ਰਧਾਲੂ ਅਤੇ ਪਾਕਿਸਤਾਨ ਦੀਆਂ ਵੱਖ-ਵੱਖ ਥਾਵਾਂ ਤੋਂ ਆਈਆਂ ਸੰਗਤਾਂ ਵੀ ਸ਼ਾਮਲ ਸਨ। ਖ਼ਬਰ ਵਿਚ ਕਿਹਾ ਗਿਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਗੁਰੂ ਨਾਨਕ ਦੇਵ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ ਵਿਚ ਖੋਲ੍ਹਿਆ ਜਾਵੇਗਾ। ਪ੍ਰੋਗਰਾਮ 7 ਨਵੰਬਰ ਤੋਂ ਸ਼ੁਰੂ ਹੋਣਗੇ ਅਤੇ 15 ਨਵੰਬਰ ਤਕ ਚੱਲਣਗੇ।
Kartarpur Corridor
ਪ੍ਰਾਜੈਕਟ ਡਾਇਰੈਕਟਰ ਆਤੀਫ਼ ਮਾਜਿਦ ਨੇ ਬੀਤੇ ਹਫ਼ਤੇ ਕਿਹਾ ਸੀ ਕਿ ਲਾਂਘੇ ਦਾ ਅਜੇ ਤਕ 86 ਫ਼ੀ ਸਦੀ ਕੰਮ ਨੇਪਰੇ ਚੜ੍ਹ ਗਿਆ ਹੈ ਅਤੇ ਇਸ ਨੂੰ 9 ਨਵੰਬਰ ਨੂੰ ਖੋਲ੍ਹ ਦਿਤਾ ਜਾਵੇਗਾ। ਸ਼ਰਧਾਲੂਆਂ ਨੂੰ ਲਾਂਘੇ ਦੀ ਟਰਾਂਸਪੋਰਟ ਸਹੂਲਤ ਬਾਰੇ ਜਾਣੂੰ ਕਰਵਾਇਆ ਗਿਆ। ਪੀ.ਐਸ.ਜੀ.ਪੀ.ਸੀ. ਮੁਖੀ ਸ. ਸਤਵੰਤ ਸਿੰਘ ਨੇ ਕਿਹਾ ਕਿ ਅਸੀ ਇਸ ਪਲ ਦੀ ਪਿਛਲੇ 72 ਸਾਲਾਂ ਤੋਂ ਉਡੀਕ ਕਰ ਰਹੇ ਹਾਂ। ਇਸ ਨਾਲ ਸ਼ਾਂਤੀ ਆਵੇਗੀ ਅਤੇ ਸ਼ਰਧਾਲੂਆਂ ਨੂੰ ਇਹ ਸਹੂਲਤ ਦੇਣ ਲਈ ਸਿੱਖ ਪਾਕਿਸਤਾਨ ਸਰਕਾਰ ਦੇ ਹਮੇਸ਼ਾ ਧਨਵਾਦੀ ਰਹਿਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।