
ਪੋਹ ਦੀ ਠੰਢੀ ਰਾਤ ਵਿਚ ਸਿੰਘ ਭੁੱਖੇ ਤਿਹਾਏ ਠੰਢ ਨਾਲ ਠਰ ਰਹੇ ਸਨ, ਪਿਛੋਂ ਦੁਸ਼ਮਣਾਂ ਦਾ ਹਮਲਾ ਹੋਣ ਕਾਰਨ ਸਿੰਘਾਂ ਦੇ ਜਥਿਆਂ ਵਿਚ ਹਫੜਾ ਦਫੜੀ ਮਚੀ ਹੋਈ ਸੀ।
ਪੋਹ ਦੀ ਠੰਢੀ ਰਾਤ ਵਿਚ ਸਿੰਘ ਭੁੱਖੇ ਤਿਹਾਏ ਠੰਢ ਨਾਲ ਠਰ ਰਹੇ ਸਨ, ਪਿਛੋਂ ਦੁਸ਼ਮਣਾਂ ਦਾ ਹਮਲਾ ਹੋਣ ਕਾਰਨ ਸਿੰਘਾਂ ਦੇ ਜਥਿਆਂ ਵਿਚ ਹਫੜਾ ਦਫੜੀ ਮਚੀ ਹੋਈ ਸੀ। ਇਸ ਹਫੜਾ-ਦਫੜੀ ਵਿਚ ਹੀ ਕੁੱਝ ਘੋੜ ਸਵਾਰ ਸਿੰਘ ਵੀ ਸਰਸਾ ਪਾਰ ਕਰ ਗਏ ਪਰ ਬਹੁਤ ਸਾਰੇ ਸਰਸਾ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ ਅਤੇ ਬਹੁਤ ਸਾਰੇ ਸ਼ਹੀਦ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ, ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਵੀ ਕੁੱਝ ਸਿੰਘਾਂ ਨਾਲ ਸਰਸਾ ਨਦੀ ਪਾਰ ਕਰ ਗਏ। ਰੋਪੜ ਪਹੁੰਚ ਕੇ ਗੁਰੂ ਜੀ ਨੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਭੇਜ ਦਿਤਾ।
ਸੋਢੀ ਤੇਜਾ ਸਿੰਘ ਅਨੁਸਾਰ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਕੂਚਾ ਦਿਲਵਾਲੀ ਵਿਚ ਅਜਮੇਰੀ ਦਰਵਾਜ਼ੇ ਦੇ ਅੰਦਰ ਨਿਵਾਸ ਕਰ ਲਿਆ ਸੀ। ਉੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 40 ਕੁ ਸਿੰਘਾਂ ਨਾਲ ਕੋਟਲਾ ਨਿਹੰਗ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਵਲ ਚੱਲ ਪਏ। ਇਸ ਤਰ੍ਹਾਂ ਸ੍ਰੀ ਪ੍ਰਵਾਰ ਵਿਛੋੜਾ ਗੁਰਦੁਆਰਾ ਸਾਹਿਬ ਵਾਲੇ ਸਥਾਨ ’ਤੇ ਗੁਰੂ ਪ੍ਰਵਾਰ ਖੇਰੂੰ-ਖੇਰੂੰ ਹੋ ਗਿਆ ਅਤੇ ਇਸ ਸਥਾਨ ਤੋਂ ਹੀ ਪ੍ਰਵਾਰ ’ਤੇ ਦੁੱਖਾਂ ਦੇ ਪਹਾੜ ਟੁੱਟ ਪਏ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ਤੇ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਸੁਸ਼ੋਭਤ ਹਨ, ਉਸ ਥਾਂ ਦਾ ਵਿਲੱਖਣ ਇਤਿਹਾਸ ਹੈ ਜਿਸ ਤੇ ਪੂਰੇ ਸਿੱਖ ਜਗਤ ਨੂੰ ਮਾਣ ਏ। ਹਰ ਗੁਰਦੁਆਰਾ ਵੱਡਾ ਜਾਂ ਛੋਟਾ ਸਿੱਖ ਇਤਿਹਾਸ ਦੀ ਮਾਲਾ ਦੀ ਲੜੀ ਵਿਚ ਇਕ ਮੋਤੀ ਵਾਂਗ ਪਰੋਇਆ ਮਿਲਦਾ ਹੈ। ਪਰ ਇਕ ਅਸਥਾਨ ਅਜਿਹਾ ਵੀ ਹੈ ਜਿੱਥੇ ਦਰਸ਼ਨ ਕਰ ਕੇ ਮਨੁੱਖ ਦਾ ਦਿਲ ਕੁੱਝ ਗੋਤੇ ਜਿਹੇ ਖਾਣ ਲਗਦਾ ਹੈ ਕਿਉਂਕਿ ਇਸ ਦਾ ਇਤਿਹਾਸ ਬਿਲਕੁਲ ਵਿਲੱਖਣ ਅਤੇ ਅਚੰਭੇ ਵਾਲਾ ਹੈ। ਇਹ ਅਸਥਾਨ ਹੈ ਰੋਪੜ-ਅਨੰਦਪੁਰ ਸਾਹਿਬ ਦੇ ਰਸਤੇ ’ਚ ਪੈਂਦੇ ਸਰਸਾ ਨਦੀ ਦੇ ਕਿਨਾਰੇ ਮੁੱਖ ਸੜਕ ਤੋਂ ਦੋ ਕਿਲੋਮੀਟਰ ਪੱਛਮ ਵਲ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਪ੍ਰਵਾਰ ਵਿਛੋੜਾ ਸਾਹਿਬ।
ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਦਾ ਇਤਿਹਾਸਕ ਪਿਛੋਕੜ ਬਹੁਤ ਹੀ ਮਹੱਤਵਪੂਰਣ ਹੈ ਕਿਉਂਕਿ ਇਸ ਥਾਂ ਤੇ ਪੋਹ ਸੰਮਤ 1761 ਦੀ ਠੰਢੀ ਰਾਤ ਅਤੇ ਸਿਆਲੂ ਬਰਸਾਤ ਨੇ ਸਿੱਖ ਇਤਿਹਾਸ ਨੂੰ ਇਕ ਜ਼ਬਰਦਸਤ ਮੋੜ ਦਿਤਾ ਜਦੋਂ ਪੂਰੇ ਦਾ ਪੂਰਾ ਗੁਰੂ ਪ੍ਰਵਾਰ ਤਿੰਨ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ। ਇਨ੍ਹਾਂ ਤਿੰਨਾਂ ਹਿੱਸਿਆਂ ਨੇ ਸਿੱਖ ਇਤਿਹਾਸ ਵੱਖ-ਵੱਖ ਰੂਪਾਂ ਵਿਚ ਵੰਡ ਦਿਤਾ। ਜਦੋਂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀਆਂ ਫ਼ੌਜਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਲਗਾਤਾਰ 8 ਮਹੀਨੇ ਘੇਰਾ ਪਾ ਰਖਿਆ ਤਾਂ ਕਿਲ੍ਹੇ ਵਿਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਣ ਲਗੀਆਂ। ਕਿਸੇ ਹੱਥੋਂ ਵੀ ਮਾਰ ਨਾ ਖਾਣ ਵਾਲਾ ਖ਼ਾਲਸਾ ਭੁੱਖ ਨੇ ਬੇਹਾਲ ਕਰ ਦਿਤਾ।
ਉਧਰ ਦੁਸ਼ਮਣਾਂ ਦੀਆਂ ਝੂਠੀਆਂ ਕਸਮਾਂ ਅਤੇ ਫ਼ਰੇਬੀ ਚਿੱਠੀਆਂ ਨੇ ਗੁਰੂ ਜੀ ਅਤੇ ਸਿੰਘਾਂ ਨੂੰ ਕਿਲ੍ਹਾ ਛੱਡਣ ਲਈ ਮਜਬੂਰ ਕਰ ਦਿਤਾ। ਅੰਤ 20 ਦਸੰਬਰ ਸੰਨ 1704 ਈ: ਨੂੰ ਗੁਰੂ ਜੀ ਨੇ ਅਪਣੇ ਚਾਰੇ ਪੁੱਤਰਾਂ, ਮਾਤਾ ਗੁਜਰੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਅਤੇ ਲਗਭਗ ਡੇਢ ਹਜ਼ਾਰ ਸਿੰਘਾਂ, ਸਿੰਘਣੀਆਂ ਸਮੇਤ ਅੱਧੀ ਰਾਤ ਨੂੰ ਕਿਲ੍ਹਾ ਖ਼ਾਲੀ ਕਰ ਕੇ ਰੋਪੜ ਵਲ ਨੂੰ ਚਾਲੇ ਪਾ ਦਿਤੇ। ਮੁਗ਼ਲ ਫ਼ੌਜਾਂ ਦੇ ਮਨ ਬੇਈਮਾਨ ਸਨ, ਇਸ ਲਈ ਉਨ੍ਹਾਂ ਨੇ ਸਾਰੀਆਂ ਕਸਮਾਂ ਤੋੜ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਸਰਸਾ ਦੇ ਕੰਢੇ ਜਾ ਕੇ ਘਮਸਾਨ ਦਾ ਯੁੱਧ ਹੋਇਆ। ਅੱਗੇ ਸਰਸਾ ਬਰਸਾਤੀ ਨਾਲਾ ਹੋਣ ਕਰ ਕੇ ਵਰਖਾ ਦੇ ਕਾਰਣ ਪੂਰਾ ਭਰਿਆ ਚੱਲ ਰਿਹਾ ਸੀ। ਸਰਸਾ ਦਾ ਪਾਣੀ ਅੰਤਾਂ ਦਾ ਠੰਢਾ ਅਤੇ ਛੱਲਾਂ ਮਾਰ ਕੇ ਚੱਲ ਰਿਹਾ ਸੀ। ਗੁਰੂ ਜੀ ਨੇ ਬਾਬਾ ਅਜੀਤ ਸਿੰਘ ਅਤੇ ਕੁੱਝ ਸਿੰਘਾਂ ਨੂੰ ਦੁਸ਼ਮਣ ਨੂੰ ਰੋਕਣ ਲਈ ਭੇਜ ਦਿਤਾ ਅਤੇ ਬਾਕੀ ਜੱਥਿਆਂ ਨੂੰ ਸਰਸਾ ਪਾਰ ਕਰਨ ਦਾ ਹੁਕਮ ਦਿਤਾ। ਭਾਈ ਬਚਿੱਤਰ ਸਿੰਘ ਨੂੰ ਸੌ ਸਿੰਘਾਂ ਸਮੇਤ ਰੋਪੜ ਵਲੋਂ ਆਉਂਦੇ ਮੁਗ਼ਲ ਕਾਫ਼ਲੇ ਨੂੰ ਰੋਕਣ ਲਈ ਭੇਜ ਦਿਤਾ।
ਸਾਹਿਬਜ਼ਾਦਾ ਅਜੀਤ ਸਿੰਘ ਨੇ ਕੁੱਝ ਜੁਝਾਰੂ ਸਿੰਘਾਂ ਨਾਲ ਮਿਲ ਕੇ ਦੁਸ਼ਮਣਾਂ ਨੂੰ ਅੱਗੇ ਵਧਣ ਤੋਂ ਰੋਕਿਆ। ਪਰ ਇਤਿਹਾਸ ਅਨੁਸਾਰ ਅੰਮ੍ਰਿਤ ਵੇਲਾ ਹੋਣ ਕਾਰਣ ਗੁਰੂ ਜੀ ਨੇ ਨਿੱਤਨੇਮ ਕਰਨ ਲਈ ਦਰਬਾਰ ਸਜਾ ਲਿਆ ਅਤੇ ਉਪਰੋਂ ਵਰਖਾ, ਅੰਤਾਂ ਦੀ ਠੰਢ ਅਤੇ ਦੁਸ਼ਮਣਾਂ ਦੇ ਤੀਰਾਂ, ਗੋਲੀਆਂ ਦੀ ਪ੍ਰਵਾਹ ਕੀਤੇ ਬਿਨਾਂ ਅਪਣਾ ਨਿੱਤਨੇਮ ਜਾਰੀ ਰਖਿਆ। ਇਥੇ ਹੀ ਗੁਰੂ ਜੀ ਨੇ ਅਨੇਕਾਂ ਮੁਸ਼ਕਲਾਂ ਦੇ ਕਾਰਨ ਸਿੰਘਾਂ ਨੂੰ ਫ਼ੁਰਮਾਨ ਕੀਤਾ ਸੀ :
ਰੋਗਨ ਤੇ ਅਰ ਸੋਗਨ ਤੇ,
ਜਲ ਜੋਗਨ ਤੇ ਬਹੁ-ਭਾਂਤਿ ਬਚਾਵੈ।।
ਸੱਤ੍ਰ ਅਨੇਕ ਚਲਾਵਤ ਘਾਵ ਤਊ
ਤਨ ਏਕ ਨਾ ਲਾਗਨ ਪਾਵੈ।।
ਰਾਖਤ ਹੈ ਅਪਨੋ ਕਰ ਦੈ ਕਰ
ਪਾਪ ਸੰਬੂਹ ਨ ਭੇਟਨ ਪਾਵੈ।।
ਔਰ ਕੀ ਬਾਤ ਕਹਾ ਕਹ ਤੋ ਸੌਂ
ਸ਼ ਪੇਟ ਹੀ ਕੇ ਪਟ ਬੀਚ ਬਚਾਵੈ।।
ਪਰ ਰਾਤ ਦੇ ਸਮੇਂ ਵਿਚ ਘਮਸਾਨ ਦੇ ਯੁੱਧ ਵਿਚ ਸਰਸਾ ਨਦੀ ਦੇ ਕੰਢੇ ਤੇ ਕਈ ਸਿੰਘ ਸੂਰਮੇ ਸ਼ਹੀਦੀਆਂ ਪਾ ਗਏ। ਜਿਨ੍ਹਾਂ ਸੂਰਮਿਆਂ ਨੇ ਸਰਸਾ ਨਦੀ ਦੇ ਕੰਢੇ ਜੂਝਦਿਆਂ ਸ਼ਹੀਦੀਆਂ ਪਾਈਆਂ ਉਨ੍ਹਾਂ ਵਿਚ ਭਾਈ ਊਦੇ ਸਿੰਘ ਅਤੇ ਰਾਜਪੂਤ ਸ਼ੇਰਨੀ ਬੀਬੀ ਭਿੱਖਾ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਪ੍ਰਸਿੱਧ ਲੇਖਕ ਡਾ. ਹਰਜਿੰਦਰ ਸਿੰਘ ‘ਦਿਲਗੀਰ’ ਨੇ ਲਿਖਿਆ ਹੈ ਕਿ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਨੇ ਵੀ ਸਰਸਾ ਨਦੀ ਦੇ ਕੰਢੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।
ਜੂਝ-ਲੜ ਮਰਨ ਤੋਂ ਇਲਾਵਾ ਬਹੁਤ ਸਾਰੇ ਸਿੰਘ ਅਤੇ ਅੰਤਾਂ ਦਾ ਸਿੱਖ ਇਤਿਹਾਸ ਦਾ ਸਾਹਿਤ ਵੀ ਸਰਸਾ ਦੇ ਪਾਣੀ ਦੀ ਭੇਟ ਚੜ੍ਹ ਗਿਆ। ਇਸ ਮੁਸ਼ਕਲ ਦੀ ਘੜੀ ਵਿਚ ਗੁਰੂ ਪ੍ਰਵਾਰ ਵੀ ਤਿੰਨੇ ਹਿੱਸਿਆਂ ਵਿਚ ਵੰਡਿਆ ਗਿਆ। ਸਿੱਖਾਂ ਲਈ ਇਹ ਵੱਡਾ ਭਾਣਾ ਵਰਤਿਆ। ਇਤਿਹਾਸ ਅਨੁਸਾਰ ਮਾਤਾ ਗੁਜਰੀ ਜੀ, ਦੋਵੇਂ ਛੋਟੇ ਸਾਹਿਬਜ਼ਾਦੇ ਪ੍ਰਵਾਰ ਤੋਂ ਵਿਛੜ ਕੇ ਨਦੀ ਦੇ ਨਾਲ-ਨਾਲ ਚੱਲ ਕੇ ਬਾਬਾ ਕੂੰਮਾ ਮਾਛਕੀ ਦੀ ਝੌਂਪੜੀ ਕੋਲ ਪਹੁੰਚ ਗਏ। ਉਸ ਨੇ ਦਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਾਲੇ ਗੁਰੂ ਨੂੰ ਜਾਣਦੇ ਸਨ। ਉਹ ਇਹ ਦੇਖ ਕੇ ਉਸ ਦੀ ਝੌਂਪੜੀ ਵਿਚ ਦਸਮੇਸ਼ ਪਿਤਾ ਦੇ ਮਾਤਾ ਜੀ ਤੇ ਉਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਪਹੁੰਚੇ ਸਨ ਤਾਂ ਉਹ ਨਮਸਕਾਰ ਕਰ ਸੇਵਾ ਪਾਣੀ ਵਿਚ ਜੁੱਟ ਗਿਆ। ਉਹ ਨੇੜੇ ਪਿੰਡ ਤੋਂ ਬਹੁਤ ਹੀ ਸ਼ਰਧਾਮਾਨ ਇਕ ਔਰਤ ਲਕਸ਼ਮੀ ਮਾਈ ਦੇ ਘਰੋਂ ਮਾਤਾ ਜੀ ਅਤੇ ਬੱਚਿਆਂ ਲਈ ਰਾਤ ਦਾ ਖਾਣਾ ਲੈ ਕੇ ਆਇਆ। ਸਵੇਰ ਦਾ ਖਾਣਾ ਮਾਈ ਲਕਸ਼ਮੀ ਆਪ ਲੈ ਕੇ ਆਈ। ਇਸ ਥਾਂ ’ਤੇ ਹੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਿਲਿਆ। ਇਸ ਝੌਂਪੜੀ ਵਿਚ ਹੀ ਮਾਤਾ ਜੀ ਅਤੇ ਬੱਚਿਆਂ ਨੇ ਇਕ ਰਾਤ ਕੱਟੀ।
ਇਤਿਹਾਸ ਅਨੁਸਾਰ ਦੂਜੇ ਦਿਨ ਸਵੇਰੇ ਕੂੰਮਾ ਮਾਸ਼ਕੀ ਨੇ ਅਪਣੇ ਬੇੜੇ ਵਿਚ ਬਿਠਾਲ ਮਾਤਾ ਜੀ, ਦੋਵੇਂ ਸਾਹਿਬਜ਼ਾਦਿਆਂ ਅਤੇ ਗੰਗੂ ਬ੍ਰਾਹਮਣ ਨੂੰ ਦਰਿਆ ਪਾਰ ਕਰਵਾਇਆ। ਮਾਤਾ ਜੀ ਨੇ ਮਾਈ ਲਕਸ਼ਮੀ ਅਤੇ ਬਾਬਾ ਕੂੰਮਾ ਮਾਛੀ ਨੂੰ ਸੇਵਾ ਤੋਂ ਖੁਸ਼ ਹੋ ਕੇ ਚਾਰ-ਚਾਰ ਪੰਜ-ਪੰਜ ਸੋਨੇ ਦੀ ਮੋਹਰਾਂ ਦਿਤੀਆਂ। ਗੰਗੂ ਬ੍ਰਾਹਮਣ ਦਾ ਮਨ ਇਹ ਵੇਖ ਕੇ ਬੇਈਮਾਨ ਹੋ ਗਿਆ ਤੇ ਜਦੋਂ ਉਹ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਅਪਣੇ ਪਿੰਡ ਸਹੇੜੀ ਲੈ ਕੇ ਆਇਆ ਤਾਂ ਉਸ ਨੇ ਮੋਹਰਾਂ ਦੀ ਥੈਲੀ ਚੁੱਕ ਕੇ ਚੋਰ-ਚੋਰ ਦਾ ਨਾਟਕ ਕੀਤਾ ਪਰ ਮਾਤਾ ਜੀ ਦੇ ਸੱਚ ਕਹਿਣ ਤੇ ਉਸ ਨੇ ਮੁਰਿੰਡੇ ਥਾਣੇ ਜਾ ਇਤਲਾਹ ਦੇ ਦਿਤੀ, ਜਿਸ ਤੇ ਮੁਰਿੰਡੇ ਦੀ ਪੁਲੀਸ ਨੇ ਫੜ ਕੇ ਮਾਤਾ ਜੀ ਅਤੇ ਬੱਚਿਆਂ ਨੂੰ ਸੂਬੇ ਸਰਹਿੰਦ ਦੇ ਹਵਾਲੇ ਕਰ ਦਿਤਾ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰ ਦਿਤਾ ਗਿਆ ਅਤੇ ਮਾਤਾ ਜੀ ਵੀ ਉਥੇ ਹੀ ਪ੍ਰਲੋਕ ਸਿਧਾਰ ਗਏ ਸਨ।
ਪੋਹ ਦੀ ਠੰਢੀ ਰਾਤ ਵਿਚ ਸਿੰਘ ਭੁੱਖੇ ਤਿਹਾਏ ਠੰਢ ਨਾਲ ਠਰ ਰਹੇ ਸਨ, ਪਿਛੋਂ ਦੁਸ਼ਮਣਾਂ ਦਾ ਹਮਲਾ ਹੋਣ ਕਾਰਨ ਸਿੰਘਾਂ ਦੇ ਜਥਿਆਂ ਵਿਚ ਹਫੜਾ ਦਫੜੀ ਮਚੀ ਹੋਈ ਸੀ। ਇਸ ਹਫੜਾ-ਦਫੜੀ ਵਿਚ ਹੀ ਕੁੱਝ ਘੋੜ ਸਵਾਰ ਸਿੰਘ ਵੀ ਸਰਸਾ ਪਾਰ ਕਰ ਗਏ ਪਰ ਬਹੁਤ ਸਾਰੇ ਸਰਸਾ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ ਅਤੇ ਬਹੁਤ ਸਾਰੇ ਸ਼ਹੀਦ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ, ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਵੀ ਕੁੱਝ ਸਿੰਘਾਂ ਨਾਲ ਸਰਸਾ ਨਦੀ ਪਾਰ ਕਰ ਗਏ। ਰੋਪੜ ਪਹੁੰਚ ਕੇ ਗੁਰੂ ਜੀ ਨੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਨੂੰ ਭਾਈ ਮਨੀ ਸਿੰਘ ਨਾਲ ਦਿੱਲੀ ਭੇਜ ਦਿਤਾ। ਸੋਢੀ ਤੇਜਾ ਸਿੰਘ ਅਨੁਸਾਰ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਕੂਚਾ ਦਿਲਵਾਲੀ ਵਿਚ ਅਜਮੇਰੀ ਦਰਵਾਜ਼ੇ ਦੇ ਅੰਦਰ ਨਿਵਾਸ ਕਰ ਲਿਆ ਸੀ। ਉੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ 40 ਕੁ ਸਿੰਘਾਂ ਨਾਲ ਕੋਟਲਾ ਨਿਹੰਗ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਵਲ ਚੱਲ ਪਏ।
ਇਸ ਤਰ੍ਹਾਂ ਸ੍ਰੀ ਪ੍ਰਵਾਰ ਵਿਛੋੜਾ ਗੁਰਦੁਆਰਾ ਸਾਹਿਬ ਵਾਲੇ ਸਥਾਨ ’ਤੇ ਗੁਰੂ ਪ੍ਰਵਾਰ ਖੇਰੂੰ-ਖੇਰੂੰ ਹੋ ਗਿਆ ਅਤੇ ਇਸ ਸਥਾਨ ਤੋਂ ਹੀ ਪ੍ਰਵਾਰ ’ਤੇ ਦੁੱਖਾਂ ਦੇ ਪਹਾੜ ਟੁੱਟ ਪਏ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ ਦੀ ਇਮਾਰਤ ਬਿਲਕੁਲ ਵਿਲੱਖਣ ਅਤੇ ਵੇਖਣਯੋਗ ਹੈ ਜਿਸ ਨੂੰ ਬਹੁਤ ਹੀ ਇਮਾਰਤ ਕਲਾ ਅਤੇ ਵਿਉਂਤਬੰਦੀ ਅਨੁਸਾਰ ਬਣਾਇਆ ਗਿਆ ਹੈ। ਸਰਸਾ ਦੇ ਕਿਸੇ ਵੀ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਲਗਭਗ 15 ਫੁੱਟ ਉੱਚਾ ਗੁਰਦੁਆਰਾ ਸਾਹਿਬ ਦਾ ਆਧਾਰ ਬਣਾਇਆ ਗਿਆ ਹੈ ਜਿਸ ਨੂੰ ਚਾਰੇ ਪਾਸਿਉਂ ਮਜ਼ਬੂਤ ਪੱਥਰ ਲਗਾ ਕੇ ਪੱਕਾ ਕੀਤਾ ਗਿਆ ਹੈ। ਉਸ ਉਪਰ ਦੋ ਹੋਰ ਮੰਜ਼ਿਲਾਂ ਬਣਾ ਕੇ ਅਤੇ ਉਪਰ ਮਮਟੀ ਦੇ ਕਮਰੇ ਨੂੰ ਦਰਬਾਰ ਸਾਹਿਬ ਬਣਾਇਆ ਗਿਆ ਹੈ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਸ਼ੋਭਤ ਹੈ। ਸੰਗਤਾਂ ਨੂੰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਉਪਰ ਮਮਟੀ ਤਕ ਜਾਣਾ ਪੈਂਦਾ ਹੈ। ਇੱਥੇ ਉਤੇ ਹੀ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੈ।
ਮਮਟੀ ਦੀਆਂ ਹੇਠਲੀਆਂ ਦੋਹਾਂ ਮੰਜ਼ਿਲਾਂ ਵਿਚ ਪਾਠ ਜਾਂ ਦੂਜੇ ਕਾਰਜ਼ਾਂ ਲਈ ਕਮਰੇ ਬਣੇ ਹੋਏ ਹਨ। ਮਮਟੀ ਵਿਖੇ ਉਪਰ ਦਰਬਾਰ ਸਾਹਿਬ ਪਹੁੰਚਦੇ ਚੁਗਿਰਦੇ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਨਜ਼ਰ ਆਉਂਦਾ ਹੈ। ਇਕ ਪਾਸੇ ਰੇਲਵੇ ਲਾਈਨ ਤੇ ਬਣੀ ਚਾਦਰਾਂ ਦੀ ਲੰਬੀ ਛੱਤ ਬਹੁਤ ਅਨੋਖੀ ਜਾਪਦੀ ਹੈ ਅਤੇ ਇਕ ਪਾਸੇ ਭਾਖੜਾ ਨਹਿਰ ਦਾ ਦਿ੍ਰਸ਼ ਨਜ਼ਰ ਆਉਂਦਾ ਹੈ। ਜੰਗਲ ਅਤੇ ਹਰਿਆਲੀ ਮਨ ਨੂੰ ਖ਼ੂਬ ਭਾਉਂਦੇ ਹਨ। ਉਪਰ ਮਮਟੀ ਤਕ ਦਰਬਾਰ ਸਾਹਿਬ ਵਿਖੇ ਜਾਣ ਲਈ ਉੱਚੀਆਂ ਛੱਤਦਾਰ ਪੌੜੀਆਂ ਹਨ ਜਿਨ੍ਹਾਂ ਦੀ ਗਿਣਤੀ 68 ਹੈ। ਇਸ ਤਰ੍ਹਾਂ ਇਹ ਇਮਾਰਤ ਬਹੁਤ ਹੀ ਸੁੰਦਰ ਨਜ਼ਰ ਆਉਂਦੀ ਹੈ। ਗੁਰਦੁਆਰਾ ਸਾਹਿਬ ਦਾ ਕੈਂਪਸ ਬਹੁਤ ਹੀ ਪ੍ਰਭਾਵਸ਼ਾਲੀ ਅਤੇ 10 ਏਕੜ ਵਿਚ ਫੈਲਿਆ ਹੋਇਆ ਹੈ। ਇਕ ਪਾਸੇ ਜਿਥੇ ਹਰ ਸਮੇਂ ਗੁਰੂ ਕੇ ਲੰਗਰ ਚਲਦੇ ਹਨ। ਰਿਹਾਇਸ਼ੀ ਕਮਰਿਆਂ ਅਤੇ ਬਾਥਰੂਮਾਂ ਤੋਂ ਇਲਾਵਾ ਪ੍ਰਬੰਧਕੀ ਇਮਾਰਤਾਂ ਦਾ ਵੀ ਪ੍ਰਬੰਧ ਹੈ। ਗੁਰਦੁਆਰਾ ਸਾਹਿਬ ਦੇ ਕੈਂਪਸ ਦੇ ਚਾਰੇ ਪਾਸੇ ਕਾਫ਼ੀ ਉੱਚੀ ਦੀਵਾਰ ਬਣਾਈ ਗਈ ਹੈ ਜਿਸ ਦਾ ਇਕ ਹੀ ਸੁੰਦਰ ਸਵਾਗਤੀ ਗੇਟ ਹੈ।
ਗੁਰਦੁਆਰਾ ਸਾਹਿਬ ਦੇ ਕੈਂਪਸ ਵਿਚ ਲੱਗੇ ਵੱਡੇ ਰੁੱਖ ਜਿਥੇ ਕੈਂਪਸ ਦੀ ਸੋਭਾ ਵਧਾ ਰਹੇ ਹਨ ਉੱਥੇ ਸੰਗਤਾਂ ਨੂੰ ਠੰਢੀ ਛਾਂ ਵੀ ਪ੍ਰਦਾਨ ਕਰਦੇ ਹਨ। ਡਾ. ਗੁਰਬਚਨ ਸਿੰਘ ਮਾਵੀ ਨੇ ਅਪਣੀ ਪੁਸਤਕ ਗਾਥਾ ਸ੍ਰੀ ਚਮਕੌਰ ਸਾਹਿਬ ਵਿਚ ਗੁਰਦੁਆਰਾ ਸ੍ਰੀ ਪ੍ਰਵਾਰ ਵਿਛੋੜਾ ਸਾਹਿਬ ਦਾ ਦਿ੍ਰਸ਼ ਪੇਸ਼ ਕਰਦੇ ਸਮੇਂ ਲਿਖਿਆ ਹੈ ਕਿ ਸੰਨ 1947 ਤਕ ਇਸ ਇਲਾਕੇ ਦੇ ਲੋਕ ਇਸ ਥਾਂ ਨੂੰ ‘‘ਪੀਰ ਕਤਾਲ’’ ਦੇ ਨਾਂ ਨਾਲ ਯਾਦ ਕਰਦੇ ਸਨ। ਉਨ੍ਹਾਂ ਦਾ ਭਾਵ ਹੈ ਕਿ ਪੀਰ ਦਾ ਅਰਥ ਸੰਤ-ਮਹਾਤਮਾ ਅਤੇ ਕਤਾਲ ਦਾ ਅਰਥ ਰੂਹਾਂ ਦਸਿਆ ਗਿਆ ਹੈ। ਦੁਸ਼ਮਣਾਂ ਦੀਆਂ ਫ਼ੌਜਾਂ ਨਾਲ ਲੜਦੇ ਸਮੇਂ ਅਨੇਕਾਂ ਸਿੰਘ ਸੂਰਵੀਰ ਜੋ ਇਥੇ ਜੰਗ ਲੜਦੇ ਸਮੇਂ ਸ਼ਹੀਦ ਹੋਏ, ਉਨ੍ਹਾਂ ਦੀਆਂ ਰੂਹਾਂ ਦਾ ਵਾਸਾ ਮੰਨਿਆ ਜਾਂਦਾ ਸੀ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਇਲਾਕਾ ਸਰਸਾ ਨੰਗਲ, ਝੱਖੀਆ ਆਦਿ ਪਿੰਡਾਂ ਵਿਚ ਵਧੇਰੇ ਮੁਸਲਮਾਨ ਆਬਾਦੀ ਹੋਣ ਕਾਰਨ ਅਨੇਕਾਂ ਮੁਸਲਮਾਨ ਵੀ ਇੱਥੇ ਮਾਰੇ ਗਏ ਸਨ ਅਤੇ ਉਨ੍ਹਾਂ ਦੀਆਂ ਰੂਹਾਂ ਨੂੰ ਸਮਰਪਤ ਹੋਣ ਕਾਰਨ ਇਲਾਕੇ ਦੇ ਲੋਕ ‘‘ਪੀਰ ਕਤਾਲ’’ ਦਾ ਨਾਂ ਦੇਂਦੇ ਸਨ। ਸੰਨ 1947 ਤੋਂ ਬਾਅਦ ਇਸ ਥਾਂ ਦਾ ਨਾਂ ਪ੍ਰਵਾਰ ਵਿਛੋੜਾ ਪ੍ਰਚਲਤ ਹੋਇਆ। ਇਕ ਗੱਲ ਜ਼ਰੂਰ ਹੈ ਕਿ ਜੋ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਹਨ ਉਹ ਇਥੇ ਪਹੁੰਚ ਗੁਰੂ ਪ੍ਰਵਾਰ ਦੇ ਵਿਛੋੜੇ ਵਿਚ ਗ਼ਮਗੀਨ ਹੁੰਦੀਆਂ ਹੋਈਆਂ ਅਪਣੇ ਮਨਾਂ ਵਿਚ ਸਰਸੇ ਦੇ ਪਾਣੀ ਦੀਆਂ ਛੱਲਾਂ ਅਤੇ ਸਿੰਘਾਂ ਨੂੰ ਗੁਰੂ ਜੀ ਸਮੇਤ ਨਦੀ ਪਾਰ ਕਰਨ ਦਾ ਦਿ੍ਰਸ਼ ਜ਼ਰੂਰ ਉਕਰਦੀਆਂ ਹਨ।
# 3098, ਸੈਕਟਰ-37ਡੀ,
ਚੰਡੀਗੜ੍ਹ
ਬਹਾਦਰ ਸਿੰਘ ਗੋਸਲ
ਮੋ. 98764-52223