
ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਬਰਗਾੜੀ, ਬਹਿਬਲ ਅਤੇ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਵਾਪਰੇ ਸ਼ਰਮਨਾਕ ਕਾਂਡਾਂ ਦਾ ਦੋਸ਼ ਸਮੇਂ ਦੇ ਹਾਕਮਾਂ ਸਿਰ ਮੜ੍ਹਿਆ........
ਕੋਟਕਪੂਰਾ : ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਬਰਗਾੜੀ, ਬਹਿਬਲ ਅਤੇ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਵਾਪਰੇ ਸ਼ਰਮਨਾਕ ਕਾਂਡਾਂ ਦਾ ਦੋਸ਼ ਸਮੇਂ ਦੇ ਹਾਕਮਾਂ ਸਿਰ ਮੜ੍ਹਿਆ ਜਾਵੇਗਾ। ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸਲਾਨਾ ਗੁਰਮਤਿ ਸਮਾਗਮਾਂ ਦੌਰਾਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜੇਕਰ ਕੈਪਟਨ ਸਰਕਾਰ ਨੇ ਉਕਤ ਕਾਂਡ ਤੋਂ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾ ਕੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲਮ ਲਾ ਦਿਤੀ
ਤਾਂ ਵਰਤਮਾਨ ਸਮੇਂ ਦੀ ਹਕੂਮਤ ਦੇ ਆਗੂ ਕੈਪਟਨ ਦਾ ਨਾਮ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਣਾ ਸੁਭਾਵਕ ਹੈ। ਉਂਜ ਉਨ੍ਹਾਂ ਆਖਿਆ ਕਿ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਇਮਾਨਦਾਰੀ ਦੇ ਕਿੱਸੇ ਬਹੁਤ ਚਰਚਿਤ ਹੋਏ ਹਨ ਪਰ ਜੇਕਰ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਮਿਲੇਗਾ ਤਾਂ ਉਦੋਂ ਹੀ ਅਸਲ ਇਮਾਨਦਾਰੀ ਅਤੇ ਨਿਰਪੱਖਤਾ ਸਾਹਮਣੇ ਆਵੇਗੀ।
ਉਨ੍ਹਾਂ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਾਲੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ। ਭਾਈ ਪੰਥਪ੍ਰੀਤ ਸਿੰਘ ਤੋਂ ਪਹਿਲਾਂ ਭਾਈ ਮੱਖਣ ਸਿੰਘ ਮੁਸਾਫ਼ਰ ਦੇ ਢਾਡੀ ਜਥੇ ਨੇ ਪੁਰਾਤਨ ਸਿੱਖ ਇਤਿਹਾਸ ਅਤੇ ਵਰਤਮਾਨ ਸਮੇਂ 'ਚ ਸਿੱਖ ਕੌਮ ਅਤੇ ਪੰਥ ਨੂੰ ਦਰਪੇਸ਼ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਬੜੇ ਸੋਹਣੇ ਢੰਗ ਨਾਲ ਵਰਨਣ ਕੀਤਾ।