
ਅਸੀ ਗਤਕਾ ਪੇਟੈਂਟ ਨਹੀਂ ਕਰਵਾਇਆ, ਕੁੱਝ ਜਥੇਬੰਦੀਆਂ ਵਲੋਂ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਦਾ ਲੌਂਗੋ ਪੇਟੈਂਟ ਕਰਵਾਇਆ: ਹਰਪ੍ਰੀਤ ਸਿੰਘ ਖ਼ਾਲਸਾ
ਅੰਮ੍ਰਿਤਸਰ : ਗਤਕਾ ਪੇਟੈਂਟ ਕਰਵਾਉਣ ਦੇ ਮਾਮਲੇ ਵਿਚ ਅੱਜ ਇੰਡੀਅਨ ਗਤਕਾ ਫ਼ੈਡਰੇਸ਼ਨ ਦੇ ਚੇਅਰਮੈਨ ਹਰਪ੍ਰੀਤ ਸਿੰਘ ਖ਼ਾਲਸਾ ਅਪਣੇ ਸਾਥੀਆਂ ਨਾਲ ਅਕਾਲ ਤਖ਼ਤ ਸਾਹਿਬ ਪੁੱਜੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਣਾ ਪੱਖ ਪੇਸ਼ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਪੀ੍ਰਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਕ ਸਾਜ਼ਸ਼ ਤਹਿਤ ਉਨ੍ਹਾਂ ਵਿਰੁਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ 'ਜਥੇਦਾਰ' ਕੋਲ ਅਪਣਾ ਪੱਖ ਰੱਖ ਦਿਤਾ ਹੈ। ਹਰਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਵੀ ਸਿੱਖ ਹੈ ਤੇ ਸਿੱਖ ਪ੍ਰੰਪਰਾਵਾਂ ਦੀ ਜਾਣਕਾਰੀ ਰਖਦਾ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਗਤਕਾ ਪੇਟੈਂਟ ਨਹੀਂ ਕਰਵਾਇਆ ਬਲਕਿ ਉਸ ਵਲੋਂ ਕੁੱਝ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਦਾ ਲੌਗੋ ਪੇਟੈਂਟ ਕਰਵਾਇਆ ਹੈ। ਹਰਪ੍ਰੀਤ ਸਿੰਘ ਨੇ ਅੱਗੇ ਦਸਿਆ ਗਤਕਾ ਖ਼ਾਲਸੇ ਦੀ ਸ਼ਖ਼ਸੀਅਤ ਦਾ ਅਨਿਖੜਵਾਂ ਅੰਗ ਹੈ ਤੇ ਉਹ ਇਸ ਰਵਾਇਤੀ ਖੇਡ ਨਾਲ ਧੋਖਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸਿੱਖਾਂ ਦੀ ਇਸ ਰਵਾਇਤੀ ਖੇਡ ਨੂੰ ਗ਼ੈਰ ਸਿੱਖਾਂ ਦੇ ਹਵਾਲੇ ਕਰਨ ਦੇ ਖਵਾਹਿਸ਼ਮੰਦ ਹਨ ਜੋ ਉਹ ਨਹੀਂ ਹੋਣ ਦੇਣਗੇ। ਉਨ੍ਹਾਂ ਦਸਤਾਵੇਜ਼ ਦਿਖਾਉਂਦਿਆਂ ਕਿਹਾ ਕਿ ਅਸੀ ਗਤਕੇ ਦੀ ਰਾਖੀ ਲਈ ਯਤਨਸ਼ੀਲ ਸੀ, ਹਾਂ ਤੇ ਰਹਾਂਗੇ। ਇਸ ਮੌਕੇ ਹਰਪ੍ਰੀਤ ਸਿੰਘ ਖ਼ਾਲਸਾ ਨੇ ਇਕ ਮੰਗ ਪੱਤਰ 'ਜਥੇਦਾਰ' ਦੇ ਨਿਜੀ ਸਹਾਇਕ ਰਣਜੀਤ ਸਿੰਘ ਨੂੰ ਸੌਂਪਿਆ।