
20 ਕਰੋੜੀ ਗਤਕਾ ਲੀਗ ਦੀਆਂ ਰਸੀਦਾਂ ਫ਼ਰਜ਼ੀ, ਸਟੇਡੀਅਮ ਦੀ ਜਾਅਲੀ ਬੁਕਿੰਗ ਕਰਾਉਣ ਦਾ ਪਰਦਾ ਫ਼ਾਸ਼
ਚੰਡੀਗੜ੍ਹ : ਸਿੱਖ ਸ਼ਸਤਰ ਵਿਦਿਆ ਅਤੇ ਗਤਕਾ ਨੂੰ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਵਿਰੁਧ ਦੇਸ਼-ਵਿਦੇਸ਼ ਵਿਚ ਵਸਦੇ ਸਮੁੱਚੇ ਸਿੱਖਾਂ ਅਤੇ ਗਤਕਾ ਜਥੇਬੰਦੀਆਂ ਪੂਰਨ ਰੋਹ ਵਿਚ ਹਨ। ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਸਬੰਧਤ ਵਿਅਕਤੀ ਨੂੰ ਤਲਬ ਕਰਨ ਅਤੇ ਇਸ ਪੇਟੈਂਟ ਨੂੰ ਤੁਰਤ ਰੱਦ ਕਰਵਾਉਣ ਦੀ ਸ਼ਿਕਾਇਤ ਸਿੱਖਾਂ ਦੀ ਸੁਪਰੀਮ ਸੰਸਥਾ ਅਕਾਲ ਤਖ਼ਤ ਸਾਹਿਬ ਕੋਲ ਵੀ ਪਹੁੰਚ ਚੁਕੀ ਹੈ ਪਰ ਇਸੇ ਦੌਰਾਨ ਪੇਟੈਂਟ ਕਰਵਾਉਣ ਵਾਲੇ ਕੰਪਨੀ ਅਤੇ ਉਸ ਦੇ ਮਾਲਕ ਵਲੋਂ ਦਿੱਲੀ ਵਿਚ 20 ਕਰੋੜ ਰੁਪਏ ਖ਼ਰਚ ਕੇ ਗਤਕੇ ਦੀ ਵਰਲਡ ਲੀਗ ਕਰਾਉਣ, ਜਾਅਲੀ ਬੁਕਿੰਗ ਰਸੀਦਾਂ ਛਾਪਣ ਅਤੇ ਕੰਪਨੀਆਂ ਸਥਾਪਤ ਕਰਨ ਨੂੰ ਲੈ ਕੇ ਕਾਫ਼ੀ ਨਵੇਂ ਰਾਜ ਸਾਹਮਣੇ ਆਏ ਹਨ।
ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦਸਿਆ ਕਿ ਦਿੱਲੀ ਦੇ ਜਿਸ ਸ਼ਖ਼ਸ, ਹਰਪ੍ਰੀਤ ਸਿੰਘ ਖ਼ਾਲਸਾ, ਨੇ ਟਰੇਡਮਾਰਕ ਕਾਨੂੰਨ ਤਹਿਤ ਗਤਕਾ ਅਤੇ ਸਿੱਖ ਯੁੱਧ ਕਲਾ ਨੂੰ ਪੇਟੈਂਟ ਕਰਵਾਇਆ ਹੈ। ਉਸ ਵਲੋਂ 22 ਤੋਂ 28 ਮਾਰਚ ਤਕ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਜਨਤਕ ਤੌਰ 'ਤੇ ਐਲਾਨੀ ਵਰਲਡ ਗਤਕਾ ਲੀਗ ਕਰਵਾਉਣਾ ਵੀ ਇਕ ਕੋਰਾ ਝੂਠ ਸਾਬਤ ਹੋਇਆ ਹੈ।
ਇੰਨਾ ਹੀ ਨਹੀਂ ਇਸ ਵਿਅਕਤੀ ਨੇ ਅਪਣੀਆਂ ਤਿੰਨ ਵੈੱਬਸਾਈਟਾਂ ਉਤੇ ਵਰਲਡ ਗਤਕਾ ਲੀਗ ਉਪਰ ਖ਼ਰਚੇ ਜਾਣ ਵਾਲੇ 20 ਕਰੋੜ ਰੁਪਏ ਦਾ ਤਜ਼ਵੀਜ਼ਤ ਵੇਰਵਾ ਵੀ ਪੇਸ਼ ਕੀਤਾ ਹੈ ਪਰ ਅਸਲ ਵਿਚ ਇਸ ਲੀਗ ਦੇ ਨਾਮ 'ਤੇ ਗਤਕਾ ਖਿਡਾਰੀਆਂ ਨਾਲ ਧੋਖਾ ਹੋਇਆ ਹੈ ਕਿਉਂਕਿ ਜੇਤੂ ਟੀਮਾਂ ਲਈ ਇਕ ਕਰੋੜ ਰੁਪਏ, ਦੂਜੇ ਸਥਾਨ ਲਈ 75 ਲੱਖ ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 50 ਲੱਖ ਰੁਪਏ ਨਕਦ ਇਨਾਮ ਦੇਣ ਦਾ ਜਨਤਕ ਐਲਾਨ ਵੀ ਵੈੱਬਸਾਈਟ ਅਤੇ ਹੋਰ ਸੋਸ਼ਲ ਮੀਡੀਆ ਉਪਰ ਕੀਤਾ ਹੋਇਆ ਸੀ।
ਹੁਣ ਇਸ ਵਿਅਕਤੀ ਵਲੋਂ ਇਹ ਵਰਲਡ ਗਤਕਾ ਲੀਗ 6 ਅਪ੍ਰੈਲ ਤੋਂ ਕਰਾਉਣ ਦਾ ਸ਼ੋਸਾ ਛਡਿਆ ਗਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਲੀਗ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਵਲੋਂ ਹੀ ਕੀਤਾ ਜਾਵੇਗਾ ਪਰ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਅਜਿਹੇ ਕਿਸੇ ਵੀ ਸਮਾਗਮ ਲਈ ਕੋਈ ਤਰੀਕ ਨਹੀਂ ਦਿਤੀ। ਇਸ ਤੋਂ ਇਲਾਵਾ ਇਸੇ ਸ਼ਖ਼ਸ ਵਲੋਂ ਅਪਣੇ ਇਕ ਈ-ਪੇਪਰ ਸਾਡਾ ਹੱਕ ਸਮੇਤ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਉਪਰ ਸਾਈ ਦੀ ਸਹਾਇਤਾ ਨਾਲ 40 ਗਤਕਾ ਕੋਚਾਂ ਦੀਆਂ ਅਸਾਮੀਆਂ ਭਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਅਪਣੀ ਕੰਪਨੀ ਵਲੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਮੇਤ ਮਹਿੰਗਾਈ ਭੱਤਾ, ਸਫ਼ਰ ਭੱਤਾ ਆਦਿ ਦੇਣ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਸਾਈ ਵਲੋਂ ਦੇਣ ਦਾ ਭਰੋਸਾ ਗਤਕਾ ਖਿਡਾਰੀਆਂ ਨੂੰ ਦਿਤਾ ਜਾ ਰਿਹਾ ਹੈ।
ਜਦੋਂ ਇਸ ਸਬੰਧੀ ਸਾਈ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਗਤਕੇ ਲਈ ਅਜਿਹੀ ਕੋਈ ਵੀ ਅਸਾਮੀ ਦੀ ਰਚਨਾ ਹੋਣ ਜਾਂ ਭਰਤੀ ਕਰਨ ਤੋਂ ਕੋਰੀ ਨਾਂਹ ਕੀਤੀ ਹੈ ਅਤੇ ਸ਼ਿਕਾਇਤ ਮਿਲਣ 'ਤੇ ਸਾਈ ਦੇ ਨਾਮ 'ਤੇ ਧਾਂਦਲੀ ਕਰਨ ਵਾਲੇ ਵਿਰੁਧ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਬਲਜਿੰਦਰ ਸਿੰਘ ਸਨਟਾਵਰ ਬਲੌਗੀ, ਭੁਪਿੰਦਰ ਸਿੰਘ ਬਲੌਗੀ, ਮਨਸਾਹਿਬ ਸਿੰਘ ਫ਼ਤਿਹਗੜ੍ਹ ਸਾਹਿਬ, ਜਸਕਰਨ ਸਿੰਘ ਪੰਧੇਰ ਤੇ ਹਰਸ਼ਵੀਰ ਸਿੰਘ ਗਰੇਵਾਲ ਵੀ ਹਾਜ਼ਰ ਸਨ।