
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਾਲੀ ਹਾਲਤ ਲੰਮੇ ਸਮੇਂ ਤੋਂ ਚਿੰਤਾਜਨਕ ਬਣੀ ਹੋਈ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿਲੀ ਦੇ ਆਗੂ ਇੰਦਰ ਮੋਹਨ ਸਿੰਘ ਨੇ..
ਨਵੀਂ ਦਿੱਲੀ, 11 ਅਗੱਸਤ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਾਲੀ ਹਾਲਤ ਲੰਮੇ ਸਮੇਂ ਤੋਂ ਚਿੰਤਾਜਨਕ ਬਣੀ ਹੋਈ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿਲੀ ਦੇ ਆਗੂ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਦਿੱਲੀ ਕਮੇਟੀ ਦੀ ਬੈਲੰਸਸ਼ੀਟਾਂ ਮੁਤਾਬਕ ਅਪ੍ਰੈਲ 2013 ਤੋਂ ਮਾਰਚ 2016 ਤਕ 17 ਕਰੋੜ 10 ਲੱਖ ਰੁਪਏ ਦਾ ਘਾਟਾ ਵਿਖਾਇਆ ਗਿਆ ਹੈ।
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਮਾੜੇ ਹਾਲਾਤ ਦੇ ਚਲਦਿਆਂ ਹੁਣ ਤਕ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੀ ਤਨਖ਼ਾਹ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਨੂੰ ਅਪਣੇ ਬੱਚਿਆਂ ਦੀਆਂ ਫ਼ੀਸਾਂ ਤੇ ਅਪਣੇ ਘਰ ਦਾ ਖ਼ਰਚ ਚਲਾਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਮੇਟੀ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰਖਦੇ ਹੋਏ ਅਤੇ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਮਾਲੀ ਬਦਹਾਲੀ ਤੋਂ ਬਚਾਉਣ ਲਈ ਤੁਰਤ ਯੋਗ ਕਾਰਵਾਈ ਕਰਨ।
ਉਨ੍ਹਾਂ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਅਪ੍ਰੈਲ 2016 ਤੋਂ ਮਾਰਚ 2017 ਦੌਰਾਨ ਵੀ ਕਮੇਟੀ 'ਚ ਭਾਰੀ ਘਾਟਾ ਹੋਣ ਦੀ ਸੰਭਾਵਨਾ ਹੈ ਜਿਸ ਦੇ ਚਲਦਿਆਂ ਕਮੇਟੀ ਪ੍ਰਬੰਧਕਾਂ ਵਲੋਂ ਇਸ ਸਮੇਂ ਦੌਰਾਨ ਹੋਏ ਆਮਦਨ-ਖ਼ਰਚ ਦਾ ਹਿਸਾਬ ਦੇਣ ਤੋਂ ਪਾਸਾ ਵਟਿਆ ਜਾ ਰਿਹਾ ਹੈ। ਉਨ੍ਹਾਂ ਦਸਿਆਂ ਕਿ ਦਿੱਲੀ ਕਮੇਟੀ ਵਲੋਂ ਮੁਹੱਈਆ ਕਰਵਾਈਆਂ ਗਈਆਂ ਬੈਲੰਂਸਸ਼ੀਟਾਂ ਵਿਚ ਦਿਤੇ ਵੇਰਵੇ 'ਚ ਪਿਛਲੀ ਕਮੇਟੀ ਦੇ ਕਾਰਜਕਾਲ ਦੌਰਾਨ ਸਾਲ 2012-13 ਵਿਚ 2 ਕਰੋੜ 88 ਲੱਖ ਦਾ ਵਾਧਾ ਦਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਮਾਰਚ 2017 ਵਿਚ ਫ਼ਤਿਹ ਮਾਰਚ ਪ੍ਰੋਗਰਾਮ ਉਤੇ ਕੀਤੇ 1 ਕਰੋੜ 2 ਲੱਖ ਰੁਪਏ, ਬੀਤੇ 3 ਮਹੀਨੇ ਵਿਚ ਡੀਜ਼ਲ-ਪਟਰੌਲ ਤੇ ਸੀ.ਐਨ.ਜੀ. ਤੇ 34 ਤੋਂ ਵੱਧ ਰਕਮ ਦਾ ਖ਼ਰਚਾ ਤੇ ਮੁਲਾਜ਼ਮਾਂ ਦੀ ਤਕਰੀਬਨ 2 ਕਰੋੜ 78 ਲੱਖ ਰੁਪਏ ਦੀ ਮਾਸਿਕ ਤਨਖ਼ਾਹਾਂ ਮੌਜੂਦਾ ਘਾਟੇ ਦਾ ਮੁੱਖ ਕਾਰਨ ਹੋ ਸਕਦੇ ਹਨ।