
ਆਹਮੋਂ-ਸਾਹਮਣੇ ਹੋਏ ਮੈਂਬਰ ਤੇ ਮੀਤ ਪ੍ਰਧਾਨ
ਚੀਫ਼ ਖ਼ਾਲਸਾ ਦੀਵਾਨ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਬੁਲਾਏ ਜਾਣ ਵਾਲੇ ਮੈਬਰਾਂ ਤੇ ਮੀਤ ਪ੍ਰਧਾਨ ਵਿਚਾਲੇ ਹੋਈ ਤਕਰਾਰ ਨੇ ਦੀਵਾਨ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ ਦਿਤਾ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਜੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲੇਵਾਲੇ ਦਖ਼ਲ ਦੇ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਨਾ ਕਰਵਾਉਂਦੇ ਤਾਂ ਮੀਟਿੰਗ ਦੌਰਾਨ ਹੀ ਦਸਤਾਰਾਂ ਲਹਿ ਜਾਣੀਆਂ ਸਨ। ਜਾਣਕਾਰੀ ਮੁਤਾਬਕ ਦੀਵਾਨ ਦੀ ਬੀਤੇ ਦਿਨੀ ਮੀਟਿੰਗ ਚਲ ਰਹੀ ਸੀ ਕਿ ਇਸ ਵਿਚ ਵਿਸ਼ੇਸ਼ ਤੌਰ ਤੇ ਬੁਲਾਏ ਜਾਣ ਵਾਲੇ ਮੈਬਰਾਂ ਵਿਚ ਸ਼ਾਮਲ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਅਮਰਜੀਤ ਸਿੰਘ ਭਾਟੀਆ ਆਦਿ ਮੀਟਿੰਗ ਵਿਚ ਹਿੱਸਾ ਲੈਣ ਲਈ ਆ ਗਏ। ਇਸ 'ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਨੇ ਇਨ੍ਹਾਂ ਦੀ ਆਮਦ 'ਤੇ ਕੁੱਝ ਟਿਪਣੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ। ਮੀਟਿੰਗ ਦੌਰਾਨ ਜਿਵੇਂ ਹੀ ਅਮਰਜੀਤ ਸਿੰਘ ਭਾਟੀਆ ਅਪਣੇ ਵਿਚਾਰ ਰੱਖ ਰਹੇ ਸਨ ਤਾਂ ਸਰਬਜੀਤ ਸਿੰਘ ਨੇ ਉਨ੍ਹਾਂ ਨਾਲ ਸਟੇਜ 'ਤੇ ਆ ਕੇ ਤਕਰਾਰ ਸ਼ੁਰੂ ਕਰ ਦਿਤੀ।
Chief khalsa diwan
ਮਾਈਕ ਦਾ ਰੁਖ਼ ਮੋੜਦਿਆਂ ਸਰਬਜੀਤ ਸਿੰਘ ਦਾ ਹੱਥ ਅਮਰਜੀਤ ਸਿੰਘ ਦੀ ਦਸਤਾਰ ਨਾਲ ਖਹਿ ਗਿਆ ਜਿਸ ਤੋਂ ਬਾਅਦ ਤਕਰਾਰ ਹਥੋਪਾਈ ਵਿਚ ਬਦਲਣ ਹੀ ਲੱਗੀ ਸੀ ਕਿ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲੇਵਾਲਿਆਂ ਨੇ ਵਿਚ ਪੈ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ। ਇਸੇ ਦੌਰਾਨ ਕੁੱਝ ਵਿਅਕਤੀਆਂ ਨੇ ਮੰਗ ਕੀਤੀ ਕਿ ਮਤਾ ਪਾਸ ਕਰ ਕੇ ਸਰਬਜੀਤ ਸਿੰਘ ਦੀ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਖ਼ਾਰਜ ਕਰ ਦਿਤੀ ਜਾਵੇ ਜਿਸ 'ਤੇ ਮਤਾ ਪੇਸ਼ ਕੀਤਾ ਗਿਆ ਜਿਸ ਦੀ ਪ੍ਰੋੜ੍ਹਤਾ ਤੇ ਮੁੜ ਪ੍ਰੋੜ੍ਹਤਾ ਵੀ ਹੋ ਗਈ ਪਰ ਸਰਬਜੀਤ ਸਿੰਘ ਦੇ ਮਾਫ਼ੀ ਮੰਗ ਲਏ ਜਾਣ 'ਤੇ ਮਾਮਲਾ ਸ਼ਾਂਤ ਹੋ ਗਿਆ। ਸਰਬਜੀਤ ਸਿੰਘ ਨੇ ਦੋਸ਼ ਲਗਾਇਆ ਕਿ ਮੀਟਿੰਗ ਦੌਰਾਨ ਕੁੱਝ ਮੈਂਬਰ ਉਨ੍ਹਾਂ ਨਾਲ ਤਕਰਾਰ ਕਰਨ ਲੱਗੇ। ਮੇਰਾ ਹੱਥ ਜ਼ੋਰ ਨਾਲ ਘੁਟਿਆ ਤੇ ਮੇਰੀ ਬਾਂਹ ਦੇ ਰੋਮਾਂ ਦੀ ਵੀ ਬੇਅਦਬੀ ਹੋਈ ਹੈ। ਸਰਬਜੀਤ ਸਿੰਘ ਨੇ ਦੀਵਾਨ ਦੇ ਮੈਂਬਰਾਂ ਨੂੰ ਪੱਤਰ ਵੀ ਲਿਖਿਆ ਹੈ ਜਿਸ ਵਿਚ ਉਨ੍ਹਾਂ ਅਪਣਾ ਪੱਖ ਰਖਿਆ ਹੈ।