
ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਰਖਵਾਲੀ ਕਰਨ ਵਿਚ ਅਸਫ਼ਲ
ਧਾਰਮਕ ਜਥੇਬੰਦੀ ਪੰਥਕ ਅਕਾਲੀ ਲਹਿਰ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਭਾਈ ਰਣਜੀਤ ਸਿੰਘ ਤੇ ਬਾਬਾ ਬੇਦੀ ਦੀ ਅਗਵਾਈ ਹੇਠ ਮੋਹਾਲੀ ਵਿਚ ਹੋਈ ਜਿਸ ਵਿਚ ਕਈ ਫ਼ੈਸਲੇ ਲਏ ਗਏ। ਅਗਲੇ ਇਕ ਮਹੀਨੇ ਵਿਚ ਹਰ ਜ਼ਿਲੇ 'ਚ ਸ਼ਹਿਰੀ ਅਤੇ ਦਿਹਾਤੀ ਪੰਜ-ਪੰਜ ਮੈਬਰੀਂ ਕਮੇਟੀਆਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਸਬੰਧੀ ਐਗਜ਼ੈਕਟਿਵ ਮੈਬਰਾਂ ਦੀਆਂ ਜ਼ਿਲ੍ਹਾ ਵਾਰ ਡਿਊਟੀਆਂ ਲਗਾਈਆ ਗਈਆਂ ਹਨ। ਇਨ੍ਹਾਂ ਕਮੇਟੀਆਂ ਵਿਚ ਗੁਰਸਿੱਖੀ ਦੀ ਚੜ੍ਹਦੀ ਕਲਾ ਵਾਲੀ ਅਤੇ ਸੁਹਿਰਦ ਸੋਚ ਰੱਖਣ ਵਾਲੇ ਨਾਮਵਰ ਆਗੂਆਂ ਨੂੰ ਅੱਗੇ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਹਲਕਾਵਾਈਜ਼ 11 ਮੈਬਰੀਂ ਕਮੇਟੀਆਂ ਬਣਾਉਣ ਦੀ ਤਜਵੀਜ਼ ਰੱਖੀ ਗਈ। ਹਰਿਆਣਾ, ਹਿਮਾਚਲ ਪ੍ਰਦੇਸ਼ ਜਿਥੇ ਸ਼੍ਰੋਮਣੀ ਕਮੇਟੀ ਦੀਆਂ ਸੀਟਾਂ ਹਨ 'ਤੇ ਵੀ ਪੰਜਾਬ ਦੀ ਤਰਜ 'ਤੇ ਸੰਗਠਨ ਬਣਾਇਆ ਜਾਵੇਗਾ ਅਤੇ ਨਾਲ ਹੀ ਦਿੱਲੀ ਸਮੇਤ ਹੋਰ ਰਾਜਾਂ ਵਿਚ ਵੀ ਖ਼ਾਸ ਯੁਨਿਟ ਤਿਆਰ ਕੀਤੇ ਜਾਣਗੇ ।
Panthak Akali movement
ਇਸੇ ਤਰ੍ਹਾਂ ਗੁਰਮਤਿ ਪ੍ਰਚਾਰ ਪ੍ਰਸਾਰ ਮੁਹਿੰਮ ਵਿਸ਼ੇਸ਼ ਤੌਰ 'ਤੇ ਚਲਾਈ ਜਾਵੇਗੀ ਜਿਸ ਲਈ ਅੰਤ੍ਰਿੰਗ ਕਮੇਟੀ ਮੈਂਬਰ ਪੰਥਕ ਅਕਾਲੀ ਲਹਿਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰਾਂ ਸੋਸ਼ਲ ਮੀਡੀਆ ਦੀ ਟੀਮ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਸਬੰਧੀ ਭਾਈ ਰੰਧਾਵਾ, ਰਤਵਾੜਾ ਤੇ ਜੋਗਾ ਸਿੰਘ ਚਪੜ ਤੇ ਗੁਰਵਿੰਦਰ ਸਿੰਘ ਡੂਮਛੇੜੀ ਦੀ ਡਿਊਟੀ ਲਗਾਈ ਗਈ ਹੈ। ਅੱਜ ਦਫ਼ਤਰ ਦੇ ਸਾਮਾਨ ਲਈ ਬਾਬਾ ਬੇਦੀ ਦੇ ਇਕ ਸਰਧਾਲੂ ਵਲੋਂ 50 ਹਜ਼ਾਰ ਰੁਪਏ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਨੂੰ ਭੇਂਟ ਕੀਤੇ ਗਏ।ਇਸ ਦੀ ਜਾਣਕਾਰੀ ਪੰਥਕ ਅਕਾਲੀ ਲਹਿਰ ਦੇ ਮੀਡੀਆ ਸਲਾਹਕਾਰ ਜਸਵੀਰ ਸਿੰਘ ਧਾਲੀਵਾਲ, ਜਸਜੀਤ ਸਿੰਘ ਸਮੁੰਦਰੀ ਨੇ ਦਿੰਦਿਆ ਦਸਿਆ ਕਿ ਪੰਥਕ ਅਕਾਲੀ ਲਹਿਰ ਧਾਰਮਕ ਪਾਰਟੀ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ ਤੇ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ।ਕਿਉਂਕਿ ਅੱਜ ਸਿੱਖ ਪੰਥ ਕੋਲ ਭਾਈ ਰਣਜੀਤ ਸਿੰਘ ਵਰਗਾ ਕਦਵਾਰ ਕੌਮੀ ਜਰਨੈਲ ਆਗੂ ਦੇ ਰੂਪ ਵਿਚ ਦੂਜਾ ਹੋਰ ਕੋਈ ਨਹੀਂ ਹੈ ਜਿਨ੍ਹਾਂ ਦਾ ਸਮੁੱਚੇ ਖ਼ਾਲਸੇ ਪੰਥ ਅੰਦਰ ਬਹੁਤ ਵੱਡਾ ਸਤਿਕਾਰ ਹੈ।