
ਸੰਸਥਾ ਦੀ ਹੋ ਰਹੀ ਬਦਨਾਮੀ ਰੋਕਣ ਦਾ ਇਕੋ ਇਕ ਹੱਲ ਹੈ ਕਿ ਤੁਰਤ ਅਪਣਾ ਚੈਨਲ ਖੋਲ੍ਹਿਆ ਜਾਵੇ : ਕਿਰਨਜੋਤ ਕੌਰ
ਕਿਹਾ, ਇਕ ਹਫ਼ਤੇ ਅੰਦਰ ਐਸ.ਜੀ.ਪੀ.ਸੀ. ਵਲੋਂ ਸ਼ੁਰੂ ਕੀਤਾ ਜਾਵੇ ਅਪਣਾ ਯੂ-ਟਿਊਬ ਚੈਨਲ
ਅੰਮ੍ਰਿਤਸਰ (ਕੋਮਲਜੀਤ ਕੌਰ): ਗੁਰਬਾਣੀ ਪ੍ਰਸਾਰਣ ਮਾਮਲੇ ਬਾਰੇ ਹੋਏ ਇਜਲਾਸ ਦੌਰਾਨ ਬੋਲਦਿਆਂ ਐਸ.ਜੀ.ਪੀ.ਸੀ. ਮੈਂਬਰ ਕਿਰਨਜੋਤ ਕੌਰ ਨੇ ਦਸਿਆ ਕਿ 'ਪੰਥ ਦੀ ਇਕ ਆਜ਼ਾਦ ਹਸਤੀ ਹੈ', ਇਹੀ ਸੋਚ ਵਿਚੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ ਜਿਸ ਦਾ ਮਕਸਦ ਨਿਜੀ ਹੱਥਾਂ ਵਿਚ ਆਏ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਅਤੇ ਸੰਗਤੀ ਰੂਪ ਵਿਚ ਕਰਨਾ ਸੀ ਜਿਸ ਦਾ ਇਕ ਕਾਨੂੰਨੀ ਤਰੀਕਾ ਤਿਆਰ ਕੀਤਾ ਗਿਆ ਸੀ।
ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਵਲੋਂ ਬਹੁਤ ਵਾਰ ਇਹ ਬਿਆਨ ਦਿਤਾ ਗਿਆ ਹੈ ਕਿ ਕਮੇਟੀ ਦਾ ਅਪਣਾ ਚੈਨਲ ਬਣਾਉਣ ਲਈ ਇਕ ਕਮੇਟੀ ਦਾ ਗਠਨ ਹੋਇਆ ਹੈ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ, ਅਜਿਹੇ ਬਿਆਨ ਅਕਸਰ ਅਸੀਂ ਦਿੰਦੇ ਰਹਿੰਦੇ ਹਾਂ ਪਰ ਅੱਜ ਗੁਰੂ ਦੀ ਹਜ਼ੂਰੀ ਵਿਚ ਕਹਿ ਰਹੀ ਹਾਂ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਨਾ ਤਾਂ ਕਿਸੇ ਚੈਨਲ ਦੀ ਮਲਕੀਅਤ ਹੈ ਅਤੇ ਨਾ ਹੀ ਕਿਸੇ ਸਰਕਾਰ ਦੀ ਮਲਕੀਅਤ ਹੈ। ਦਰਬਾਰ ਸਾਹਿਬ ਦਾ ਕੀਰਤਨ ਦਰਬਾਰ ਸਾਹਿਬ ਦੀ ਹੀ ਮਲਕੀਅਤ ਹੈ ਜਿਸ ਲਈ ਤੁਰਤ ਇਕ ਯੂ-ਟਿਊਬ ਚੈਨਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਮਾਮਲੇ ਨੂੰ ਲੈ ਕੇ ਜਿੰਨੀਆਂ ਵੀ ਜ਼ੁਬਾਨਾਂ ਸਾਡੇ ਵਿਰੁਧ ਖੁਲ੍ਹੀਆਂ ਹਨ ਉਹ ਬੰਦ ਹੋ ਸਕਣ।
ਬੀਬੀ ਕਿਰਨਜੋਤ ਕੌਰ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਬਣਾਈ ਹੋਈ ਸਬ-ਕਮੇਟੀ ਨੇ ਕਿਹਾ ਸੀ ਕਿ ਇਸ ਮਸਲੇ ਨੂੰ ਲੰਬਿਤ ਰਖਿਆ ਜਾਵੇ ਜਦਕਿ ਉਨ੍ਹਾਂ ਨੂੰ ਤਕਨੀਕੀ ਪੱਖ ਵਲੋਂ ਇਹ ਚੈਨਲ ਇਕ ਹਫ਼ਤੇ ਵਿਚ ਸ਼ੁਰੂ ਕੀਤੇ ਜਾਣ ਬਾਰੇ ਜਾਣਕਾਰੀ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਜੋ 25 ਲੱਖ ਦੀ ਸਿਆਸੀ ਰੰਗਤ ਦਿਤੀ ਜਾ ਰਹੀ ਹੈ ਜਿਸ ਨਾਲ ਸੰਸਥਾ ਦੀ ਬਦਨਾਮੀ ਹੋ ਰਹੀ ਹੈ, ਉਸ ਨੂੰ ਹੱਲ ਕਰਨ ਦਾ ਇਕੋ ਤਰੀਕਾ ਹੈ ਕਿ ਅਸੀਂ ਇਕ ਹਫ਼ਤੇ ਦੇ ਅੰਦਰ ਅਪਣਾ ਯੂ-ਟਿਊਬ ਚੈਨਲ ਸ਼ੁਰੂ ਕਰੀਏ। ਉਨ੍ਹਾਂ ਕਿਹਾ ਕਿ ਇਹ ਵੇਲਾ ਕੌਮੀ ਏਕਤਾ ਨੂੰ ਬਰਕਰਾਰ ਰੱਖਣ ਦਾ ਹੈ ਤਾਂ ਜੋ ਇਸ ਔਖੀ ਘੜੀ ਨੂੰ ਫ਼ਤਹਿ ਕਰ ਕੇ ਅੱਗੇ ਲੰਘ ਸਕੀਏ।
ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਦਾ ਮਾਮਲਾ : ਸਰਕਾਰ ਦੇ ਫ਼ੈਸਲੇ ਨੂੰ ਮੁਢੋਂ ਰੱਦ ਕੀਤੇ ਜਾਣ ਮਗਰੋਂ 'ਆਪ' ਦੇ ਐਸ.ਜੀ.ਪੀ.ਸੀ. ਨੂੰ ਤਿੱਖੇ ਸਵਾਲ
ਅਪਣੇ ਸੰਬੋਧਨ ਦੌਰਾਨ ਕਿਰਨਜੋਤ ਕੌਰ ਨੇ ਦਸਿਆ ਕਿ ਐਸ.ਜੀ.ਪੀ.ਸੀ. ਵਲੋਂ ਬਣਾਏ ਕਾਨੂੰਨ ਮੁਤਾਬਕ ਹੀ ਸਿੱਖਾਂ ਨੇ ਪ੍ਰਬੰਧ ਕੀਤਾ ਅਤੇ ਜਦੋਂ ਵੀ ਸਮੇਂ-ਸਮੇਂ ਸਰਕਾਰ ਨੇ ਦਖ਼ਲਅੰਦਾਜ਼ੀ ਕੀਤੀ ਉਸ ਦਾ ਪੰਥ ਨੇ ਜਵਾਬ ਵੀ ਦਿਤਾ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਵਾਰ ਕੀਤਾ ਉਸ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖ਼ੁਦ ਨੂੰ ਸਿੱਖ ਕਹਿਣ 'ਤੇ ਬੀਬੀ ਕਿਰਨਜੋਤ ਕੌਰ ਨੇ ਕਿਹਾ, ''ਉਹ ਅਜਿਹੇ ਸਿੱਖ ਹਨ ਜੋ ਕਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨਹੀਂ ਬਣ ਸਕਦੇ। ਹੁਣ ਇਹ ਫ਼ੈਸਲਾ ਕੀਤਾ ਹੈ ਅਤੇ ਅੱਗੇ ਇਹ ਕਹਿਣਗੇ ਕਿ ਮੈਂ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਤਾਂ ਜੋ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਲਈ ਨਿਯਮ ਹਨ ਉਹ ਬਦਲ ਦੇਵਾਂਗਾ, ਫਿਰ ਕੀ ਕਰੋਗੇ?''
ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਖ਼ਤਰਨਾਕ ਚਾਲ ਹੈ ਜਿਸ ਵਿਰੁਧ ਸਿਰਫ਼ ਐਸ.ਜੀ.ਪੀ.ਸੀ. ਨੂੰ ਹੀ ਨਹੀਂ ਸਗੋਂ ਹਰ ਉਹ ਜਥੇਬੰਦੀ ਜੋ ਪੰਥ ਦੀ ਆਜ਼ਾਦ ਹਸਤੀ ਦੀ ਮੁਦਈ ਹੈ, ਨੂੰ ਇਸ ਸੋਧ ਦੀ ਵਿਰੋਧਤਾ ਕਰਦੀ ਹੈ। ਉਨ੍ਹਾਂ ਰਾਇ ਦਿਤੀ ਕਿ ਜਿਸ ਤਰੀਕੇ ਸ਼੍ਰੋਮਣੀ ਕਮੇਟੀ ਦਾ ਇਜਲਾਸ ਬੁਲਾਇਆ ਗਿਆ ਹੈ ਉਸੇ ਤਰ੍ਹਾਂ ਹਰ ਸਿੱਖ ਅਤੇ ਜਥੇਬੰਦੀ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਮ ਗੁਰਸਿੱਖ ਜਿਨ੍ਹਾਂ ਨਾਲ ਸਾਡੇ ਸਿਆਸੀ ਮਤਭੇਦ ਤਾਂ ਹੋ ਸਕਦੇ ਹਨ ਪਰ ਇਸ ਇਕ ਮਸਲੇ 'ਤੇ ਸਾਨੂੰ ਸਾਰਿਆਂ ਨੂੰ ਸਾਂਝਾ ਬਿਆਨ ਜਾਰੀ ਕਰਨਾ ਚਾਹੀਦਾ ਹੈ ਅਤੇ ਮਿਲ ਕੇ ਇਸ ਦਾ ਮਸਲੇ ਦਾ ਹੱਲ ਕਢਣਾ ਚਾਹੀਦਾ ਹੈ।