
ਗੁਰਬਾਣੀ ਨੂੰ ਜਿੰਨੀ ਦੇਰ ਤਕ ਅਸੀਂ ਸ਼ਬਦੀ ਅਰਥਾਂ ਨਾਲ ਵਿਚਾਰਾਂਗੇ ਤਾਂ ਹੋ ਸਕਦਾ ਹੈ ਕਿ ਸਹੀ ਟਿਕਾਣੇ ’ਤੇ ਨਾ ਪਹੁੰਚ ਸਕੀਏ।
ਉਪ੍ਰੋਕਤ ਤੁਕ ਬਹੁਤ ਪ੍ਰਚਲਤ ਤੇ ਪਸੰਦੀਦਾ ਸ਼ਬਦ ਦੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਪ੍ਰਸੰਨਤਾ ਦਾ ਅਨੁਭਵ ਮਹਿਸੂਸ ਕਰਦਾ ਹੈ। ਮੈਂ ਵੀ ਇਸ ਨੂੰ ਸੈਂਕੜੇ ਵਾਰ ਸੁਣਿਆ ਹੈ, ਸੈਂਕੜੇ ਵਾਰ ਪੜਿ੍ਹਆ ਹੈ ਤੇ ਗੁਣ-ਗੁਣਾਇਆ ਵੀ ਹੈ। ‘‘ਸਾਹਿਬ ਡਾਢਾ” ਦਾ ਅਰਥ ਰੱਬ ਲੈ ਲੈਦਾ ਸੀ ਤੇ ਬਾਕੀ ਅਗਲੀ ਗੱਲ ਤੇ ਸੰਤੁਸ਼ਟ ਹੋ ਜਾਂਦਾ ਸੀ ਕਿਉਂਕਿ ਰੱਬ ਹਰ ਕੰਮ ਕਰਨ ਦੇ ਸਮਰੱਥ ਮੰਨਿਆ ਜਾਂਦਾ ਹੈ। ਗੁਰਬਾਣੀ ਨੂੰ ਜਿੰਨੀ ਦੇਰ ਤਕ ਅਸੀਂ ਸ਼ਬਦੀ ਅਰਥਾਂ ਨਾਲ ਵਿਚਾਰਾਂਗੇ ਤਾਂ ਹੋ ਸਕਦਾ ਹੈ ਕਿ ਸਹੀ ਟਿਕਾਣੇ ’ਤੇ ਨਾ ਪਹੁੰਚ ਸਕੀਏ। ਇਹੀ ਕੁੱਝ ਮੇਰੇ ਨਾਲ ਵਾਪਰਦਾ ਰਿਹਾ ਹੈ।
ਅੱਜ ਜਦ ਇਸ ਤੁਕ ਨੂੰ ਵਿਚਾਰਨਾ ਸ਼ੁਰੂ ਕੀਤਾ ਤਾਂ ਅੰਦਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ। ਸਭ ਤੋਂ ਪਹਿਲਾਂ ਤਾਂ ‘‘ਮਾਰ ਨਾ ਸਾਕੇ ਕੋਇ” ਦਾ ਸਵਾਲ ਆ ਗਿਆ ਤੇ ਮੇਰਾ ਮਨ ਮੈਨੂੰ ਹੀ ਪੁੱਛਣ ਲੱਗ ਗਿਆ ਕਿ ਪਹਿਲਾਂ ਦੱਸ ਕਿ ਹੁਣ ਤਕ ਕਿਹੜੇ ਕਿਹੜੇ ਨਹੀਂ ਮਰੇ? ਮੈਨੂੰ ਬਹੁਤ ਸ਼ਰਮ ਆਈ ਕਿਉਂਕਿ ਮੇਰੇ ਪਾਸ ਇਸ ਦਾ ਕੋਈ ਉੱਤਰ ਨਹੀਂ ਸੀ। ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਕਿਸੇ ਨੇ ਜਨਮ ਲਿਆ ਹੋਵੇ ਤੇ ਉਹ ਮਰਿਆ ਨਾ ਹੋਵੇ। ਤਾਂ ਕੀ ਫਿਰ ਗੁਰਬਾਣੀ ਗ਼ਲਤ ਕਹਿ ਰਹੀ ਹੈ? ਜੇ ਗੁਰਬਾਣੀ ਠੀਕ ਕਹਿ ਰਹੀ ਹੈ ਤਾਂ ਸ਼ਬਦੀ ਅਰਥਾਂ ਅਨੁਸਾਰ ਸਾਨੂੰ ਉਹ ਵਿਅਕਤੀ ਵੀ ਮਿਲਣੇ ਚਾਹੀਦੇ ਹਨ ਜਿਨ੍ਹਾਂ ਦਾ ‘‘ਸਾਹਿਬ ਡਾਢਾ” ਸੀ ਅਤੇ ਉਸ ਕਾਰਨ ਉਹ ਮਰੇ ਨਹੀਂ। ਕੋਈ ਵੀ ਇਸ ਤਰ੍ਹਾਂ ਦੀ ਉਦਾਹਰਣ ਨਹੀਂ ਮਿਲਦੀ। ਮੈਂ ਅਪਣੇ ਹਰ ਲੇਖ ਵਿਚ ਇਹ ਲਿਖਦਾ ਆ ਰਿਹਾ ਹਾਂ ਕਿ ਗੁਰਬਾਣੀ ਜੋ ਕਹਿ ਰਹੀ ਹੈ ਭਾਵਨਾਤਮਕ ਤੌਰ ਤੇ ਠੀਕ ਕਹਿ ਰਹੀ ਹੈ। ਸਾਨੂੰ ਸ਼ਬਦੀ ਅਰਥ ਛੱਡ ਤੁਕ ਦੇ ਭਾਵਨਾਤਮਕ ਅਰਥ ਲੈਣੇ ਹੋਣਗੇ।
ਹੁਣ ਅਸੀਂ ਤੁਕ ਦੇ ਮਹੱਤਵਪੂਰਨ ਸ਼ਬਦਾਂ ਨੂੰ ਇਕ-ਇਕ ਕਰ ਕੇ ਵਿਚਾਰਾਂਗੇ। ਪਹਿਲਾ ਸ਼ਬਦ ‘‘ਸਾਹਿਬ ਡਾਢਾ” ਲੈਂਦੇ ਹਾਂ। ਮੈਂ ਹੁਣ ਤਕ ਇਸ ਨੂੰ ਰੱਬ ਦੇ ਬਾਰੇ ਸਮਝਦਾ ਰਿਹਾ ਹਾਂ। ਪ੍ਰੰਤੂ ਅੱਜ ਜਦੋਂ ਤੁਕ ਨੂੰ ਅਧਿਆਤਮਕ ਪੱਖੋਂ ਵਿਚਾਰਨਾ ਸ਼ੁਰੂ ਕੀਤਾ ਤਾਂ ਸਵਾਲ ਉਠ ਖੜਾ ਹੋਇਆ ਕਿ ‘ਰੱਬ’ ਤਾਂ ਗੁਣਵਾਚਕ ਹੈ। ਰੱਬ ਅਪਣਾ ਗੁਣ ਨਹੀਂ ਛੱਡ ਸਕਦਾ ਭਾਵ ਉਹ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰ ਸਕਦਾ। ਜੇ ਉਹ ਵਿਤਕਰਾ ਕਰਦਾ ਹੈ ਤਾਂ ਉਹ ਗੁਣਵਾਚਕ ਰੱਬ ਨਾ ਹੁੰਦਾ ਹੋਇਆ ਔਗਣਾਂ ਦਾ ਧਾਰਨੀ ਰੱਬ ਹੋ ਗਿਆ ਜੋ ਕਿ ਠੀਕ ਨਹੀਂ। ਜਦੋਂ ਅਸੀਂ ਭਾਵਨਾਤਮਕ ਅਰਥ ਲਵਾਂਗੇ ਤਾਂ ‘ਸਾਹਿਬ’ ਦਾ ਭਾਵ ਵਿਅਕਤੀ ਦਾ ‘ਬਿਬੇਕ ਗਿਆਨ’। ਹਰ ਵਿਅਕਤੀ ਕੋਲ ਬਿਬੇਕ ਬੁੱਧੀ ਜਾਂ ਗਿਆਨ ਜਨਮ ਤੋਂ ਮਿਲਿਆ ਹੋਇਆ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਬਿਬੇਕ ਬੁੱਧ ਤੋਂ ਕਿੰਨੀ ਕੁ ਸੇਧ ਲੈਂਦੇ ਹਾਂ ਜਾਂ ਮਨ ਦੇ ਮਗਰ ਲੱਗ ਕੇ ਬਿਬੇਕ ਬੁੱਧ ਤੋਂ ਮੁਨਕਰ ਹੋ ਜਾਂਦੇ ਹਾਂ ਤੇ ਮਨ ਦੇ ਮਗਰ ਲੱਗ ਜਾਂਦੇ ਹਾਂ। ‘ਡਾਢਾ’ ਸ਼ਬਦ ਦਾ ਕੀ ਭਾਵ ਹੋਇਆ? ਬਿਬੇਕ ਬੁੱਧ ਨੂੰ ਤਾਂ ਅਸੀਂ ਮਨ ਦੇ ਮਗਰ ਲੱਗ ਕੇ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ। ਪ੍ਰੰਤੂ ਜਿਸ ਵਿਅਕਤੀ ਨੇ ਇਮਾਨਦਾਰੀ ਨਾਲ ਬਿਬੇਕ ਬੁੱਧ ਦੀ ਗੱਲ ਮੰਨ ਲਈ ਤੇ ਮਨ ਦੀ ਗੱਲ ਇਕ ਪਾਸੇ ਕਰ ਦਿਤੀ, ਉਸ ਵਿਅਕਤੀ ਲਈ ਸਾਹਿਬ (ਬਿਬੇਕ ਬੁੱਧ) ਡਾਢੀ (ਡਾਢਾ) ਹੋ ਗਈ। ਉਸ ਲਈ ‘ਸਾਹਿਬ ਡਾਢਾ’ ਹੋ ਗਿਆ ਜਿਸ ਤੋਂ ਉਹ ਮੁਨਕਰ ਹੋਣ ਦਾ ਹੌਸਲਾ ਨਹੀਂ ਕਰ ਸਕਿਆ।
ਅਗਲਾ ਸ਼ਬਦ ਹੈ ‘ਮਾਰ ਨਾ ਸਾਕੇ ਕੋਇ’। ਜਦ ਇਸ ਨੂੰ ਵਿਚਾਰਦੇ ਹਾਂ ਤਾਂ ਸ਼ਬਦੀ ਅਰਥ ਅਨੁਸਾਰ ਮੌਤ ਜਿਸ ਨੂੰ ਕਲੀਨੀਕਲ ਮੌਤ ਕਹਿੰਦੇ ਹਾਂ ਉਹ ਅੱਗੇ ਆ ਜਾਂਦੀ ਹੈ। ਉਸ ਮੌਤ ਤੋਂ ਅੱਜ ਤੱਕ ਕੋਈ ਨਹੀਂ ਬਚ ਸਕਿਆ। ਉਹ ਮੌਤ ਅਟੱਲ ਸਚਾਈ ਹੈ ਅਤੇ ਉਸ ਬਾਰੇ ਗੁਰਬਾਣੀ ਵਿਚ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਗੁਰਬਾਣੀ ਉਚਾਰਣ ਵਾਲੇ ਜਾਂ ਹੋਰ ਪੀਰ ਪੈਗ਼ੰਬਰ ਜੋ ਜੋ ਇਸ ਸੰਸਾਰ ਤੇ ਆਏ ਤਾਂ ਉਨ੍ਹਾਂ ਸਭ ਨੂੰ ਅਪਣੀ ਅਪਣੀ ਵਾਰੀ ਸਿਰ ਇਸ ਸੰਸਾਰ ਤੋਂ ਕੂਚ ਕਰਨਾ ਪਿਆ ਹੈ। ਫਿਰ ਇੱਥੇ ‘ਮਾਰ ਨਾ ਸਾਕੇ ਕੋਇ’ ਤੋਂ ਕੀ ਅਰਥ (ਭਾਵਨਾਤਮਕ) ਨਿਕਲਣਗੇ। ਅਧਿਆਤਮਕ ਜੀਵਨ ਵਿਚ ਇਕ ਆਤਮਕ ਮੌਤ ਵੀ ਮੰਨੀ ਗਈ ਹੈ। ਆਤਮਕ ਮੌਤ ਤੋਂ ਭਾਵ ਹੈ ਕਿ ਬਿਬੇਕ ਬੁੱਧ ਦੀ ਦਿਤੀ ਗਈ ਸੇਧ ਤੋਂ ਮੁਨਕਰ ਹੋ ਜਾਣਾ ਅਤੇ ਮਨ ਦੇ ਮਗਰ ਲੱਗ ਤੁਰਨਾ। ਇਸ ਨਾਲ ਵਿਅਕਤੀ ਦੀ ਜ਼ਮੀਰ ਮਰ ਜਾਂਦੀ ਹੈ ਜਿਸ ਨੂੰ ਆਤਮਕ ਮੌਤ ਕਹਿ ਦਿਤਾ ਜਾਂਦਾ ਹੈ।
ਵਿਚਾਰਨ ਤੋਂ ਬਾਅਦ ਅਸੀਂ ਜਦ ਉਪ੍ਰੋਕਤ ਤੁਕ ਦਾ ਭਾਵਨਾਤਮਕ ਅਰਥ ਲਵਾਂਗੇ ਉਸ ਅਨੁਸਾਰ ਜਿਸ ਜਿਸ ਨੇ ਅਪਣੇ ਬਿਬੇਕ ਬੁੱਧ (ਸਾਹਿਬ ਡਾਢਾ) ਤੋਂ ਸੇਧ ਲੈ ਕੇ ਇਮਾਨਦਾਰੀ ਨਾਲ ਸਹੀ ਰਸਤਾ ਅਪਣਾਅ ਲਿਆ ਤਾਂ ਉਸ ਵਿਅਕਤੀ ਦੀ ਜ਼ਮੀਰ ਜਿਊਂਦੀ ਜਾਗਦੀ ਰਹਿ ਗਈ ਭਾਵ ਉਹ ਵਿਅਕਤੀ ਮਰੀ ਜ਼ਮੀਰ ਵਾਲਾ ਨਹੀਂ ਅਖਵਾਏਗਾ। ਜਿਸ ਨੂੰ ਤੁਕ ਵਿਚ ਕਿਹਾ ਹੈ ‘ਮਾਰ ਨਾ ਸਾਕੇ ਕੋਇ’। ਬਿਬੇਕ ਬੁੱਧ ਦੀ ਸੇਧ ਲੈ ਕੇ ਚੱਲਣ ਵਾਲਾ ਬੰਦਾ ਅਪਣੀ ਜ਼ਮੀਰ ਨੂੰ ਭਾਵ ਅਪਣੇ ਆਪ ਨੂੰ ਆਤਮਕ ਮੌਤ ਤੋਂ ਬਚਾਅ ਲੈਂਦਾ ਹੈ।
ਸੁਖਦੇਵ ਸਿੰਘ
ਮੋਬਾਈਲ : 94171 91916, 70091 79107