
ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਗੁਰਦੁਆਰਾ...
ਤਰਨਤਾਰਨ: ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਸੋਨੇ ਦੀ ਪਾਲਕੀ ਸੁਸ਼ੋਭਿਤ ਹੋਣ ਹੈ ਉਹ ਢਾਈ ਕੁਇੰਟਲ ਦੀ ਹੈ ਤੇ ਇਸ ਵਿਚ ਢਾਈ ਕਿਲੋ ਸੋਨਾ ਲੱਗਿਆ ਹੋਇਆ ਹੈ। ਇਹ ਸੁਨਹਿਰੀ ਪਾਲਕੀ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਰਵਾਨਾ ਹੋਣ ਵਾਲੇ ਨਗਰ ਕੀਰਤਨ ਨਾਲ ਪਾਕਿਸਤਾਨ ਪਹੁੰਚੇਗੀ। ਇਸ ਸੋਨੇ ਦੀ ਪਾਲਕੀ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਉਣ ਲਈ ਇਕ ਵਿਸੇਸ਼ ਬੱਸ ਵੀ ਤਿਆਰ ਕਰਵਾਈ ਗਈ ਹੈ, ਜਿਸ ਵਿਚ ਇਸ ਪਾਲਕੀ ਨੂੰ ਰੱਖ ਕੇ ਨਗਰ ਕੀਰਤਨ ਨਾਲ ਪਾਕਿਸਤਾਨ ਭੇਜਿਆ ਜਾਵੇਗਾ।
Kartarpur Sahib Gurudwara
ਇਹ ਪਾਲਕੀ ਸ਼ੁਕਰਵਾਰ ਨੂੰ ਡੇਰਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਤਰਨ ਤਾਰਨ ਤੋਂ ਵਿਸ਼ੇਸ਼ ਬੱਸ ਵਿਚ ਰੱਖ ਕੇ ਗੁਰਦੁਆਰਾ ਨਾਨਕ ਪਿਆਓ ਦਿੱਲੀ ਲਈ ਰਵਾਨਾ ਕਰ ਦਿੱਤੀ ਗਈ ਹੈ। ਕਾਰ ਸੇਵਾ ਸੰਪਰਦਾਇਕ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਅਗਵਾਈ ਹੇਠ ਇਹ ਪਾਲਕੀ ਡੇਢ ਮਹੀਨਾ ਪਹਿਲਾਂ ਬਣਾਉਣ ਸ਼ੁਰੂ ਕੀਤੀ ਗਈ ਸੀ। ਅੰਮ੍ਰਿਤਸਰ ਤੇ ਬਨਾਰਸ ਤੋਂ ਇਕ ਦਰਜਨ ਦੇ ਲਗਪਗ ਕਾਰੀਗਰ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਨ ਲਈ ਦਿਨ ਰਾਤ ਲੱਗੇ ਹੋਏ ਸਨ। ਪਾਲਕੀ ਸਾਹਿਬ ਤੇ ਚੰਦਨ ਦੀ ਲੱਕੜੀ, ਤਾਂਬਾ ਤੇ ਢਾਈ ਕਿੱਲੋ ਸੋਨਾ ਲਗਾਇਆ ਗਿਆ ਹੈ।
Kartarpur Sahib Gurudwara
ਲਗਪਗ ਢਾਈ ਕੁਇੰਟਲ ਦੀ ਇਸ ਸੋਨੇ ਦੀ ਪਾਲਕੀ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਨੇ ਅਰਦਾਸ ਕਰਕੇ ਰਵਾਨਾ ਕੀਤਾ। ਇਸ ਮੌਕੇ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਬਣਾਈ ਗਈ ਇਹ ਪਾਲਕੀ ਸਾਹਿਬ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਕੀਤੀ ਜਾਵੇਗੀ।
ਇਸ ਮੌਕੇ ਮੈਨੇਜਰ ਬਲਵਿੰਦਰ ਸਿੰਘ ਉਬੋਕੇ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿਚ ਗੁਰੂ ਜੀ ਦਾ ਪਾਵਨ ਦਿਹਾੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2006 ਵਿਚ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਪੁਰਬ ਮੌਕੇ ਬਾਬਾ ਜਗਤਾਰ ਸਿੰਘ ਵੱਲੋਂ ਸੋਨੇ ਦੀ ਪਾਲਕੀ ਤਿਆਰ ਕਰਵਾਈ ਗਈ ਸੀ ਤੇ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਲਕੀ ਸਾਹਿਬ ਨੂੰ ਲੈ ਕੇ ਪਾਕਿਸਤਾਨ ਗਏ ਸਨ।