
ਗਲੀਆਂ ਵਿਚੋਂ ਮਿਲੇ ਸੀ ਗੁਟਕਾ ਸਾਹਿਬ ਦੇ ਅੰਗ
Khalra Gutka Sahib Beadbi Case: ਕਸਬਾ ਖਾਲੜਾ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿਚ ਘਟਨਾ ਵਾਲੀ ਥਾਂ ਦੇ ਨੇੜੇ ਰਹਿੰਦੀ ਇਕ ਔਰਤ ਹੀ ਮੁੱਖ ਮੁਲਜ਼ਮ ਪਾਈ ਗਈ। ਔਰਤ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਘਾਟੀ ਵਾਲੀ ਗਲੀ ਵਜੋਂ ਹੋਈ ਹੈ। ਖਾਲੜਾ ਪੁਲਿਸ ਨੇ ਉਕਤ ਮਾਮਲੇ ਵਿਚ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਧਾਰਾ 295ਏ ਦੇ ਮੁਕਦਮੇ ਵਿਚ ਨਾਮਜ਼ਦ ਕੀਤਾ ਹੈ।
ਦਅਰਸਲ ਬੀਤੇ ਦਿਨ ਹਲਕਾ ਖੇਮਕਰਨ ਦੇ ਪਿੰਡ ਖਾਲੜਾ ਵਿਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਥੇ ਗਲੀਆਂ ਵਿਚੋਂ ਗੁਟਕਾ ਸਾਹਿਬ ਦੇ 15-16 ਪੱਤਰੇ ਮਿਲੇ ਹਨ। ਇਸ ਮੰਦਭਾਗੀ ਘਟਨਾ ਨਾਲ ਇਲਾਕੇ ਦੇ ਲੋਕਾਂ ਅਤੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਾਲੜਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਦਸਿਆ ਕਿ ਉਸ ਦਾ ਬੇਟਾ ਰਣਜੀਤ ਸਿੰਘ ਸ਼ਾਮੀ ਕਰੀਬ 6 ਵਜੇ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਗਲੀ ਵਿਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦਿਖਾਈ ਦਿਤੇ ਜਿਸ ਤੋਂ ਬਾਅਦ ਲੜਕੇ ਨੇ ਫਟੇ ਹੋਏ ਅੰਗਾਂ ਸਬੰਧੀ ਉਸ ਨੂੰ ਦਸਿਆ ਅਤੇ ਉਸ ਨੇ ਅਪਣੇ ਲੜਕੇ ਨੂੰ ਨਾਲ ਲੈ ਕੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਨਜ਼ਦੀਕ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਉਰਫ਼ ਬਿੱਟੂ ਨੂੰ ਦੇ ਦਿਤੇ ਜਿਸ ਥਾਂ ਤੋਂ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਹਨ ਉਸ ਥਾਂ ਨੂੰ ਵੀ ਦਿਖਾਇਆ, ਜਿਥੇ ਗ੍ਰੰਥੀ ਸਿੰਘ ਨੂੰ ਕੁੱਝ ਹੋਰ ਫਟੇ ਹੋਏ ਅੰਗ ਵੀ ਮਿਲੇ।
ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਉਕਤ ਮਾਮਲੇ ਦੀ ਜਾਣਕਾਰੀ ਖਾਲੜਾ ਪੁਲਿਸ ਨੂੰ ਦਿਤੀ, ਜਿਸ ਤੋਂ ਬਾਅਦ ਮੌਕੇ ਤੇ ਥਾਣਾ ਖਾਲੜਾ ਦੇ ਐਸਐਚਓ ਬਲਵਿੰਦਰ ਸਿੰਘ ਪਹੁੰਚੇ ਅਤੇ ਉਨ੍ਹਾਂ ਨੇ ਪਹਿਲਾਂ ਜਿਸ ਗਲੀ ਵਿਚੋਂ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲੇ ਸਨ ਉਸ ਗਲੀ ਵਿਚ ਜਾ ਕੇ ਮੌਕਾ ਦੇਖਿਆ ਅਤੇ ਨਜ਼ਦੀਕ ਲੋਕਾਂ ਦੇ ਘਰਾਂ ਦੀ ਜਾਂਚ ਵੀ ਕੀਤੀ।